ਕੁਰਾਹੇ ਪਏ ਸਫ਼ਰ ਦੀਆਂ ਪੈੜਾਂ

ਪੰਜਾਬ ਦੀਆਂ ਸਮੱਸਿਆਵਾਂ ਉਭਾਰਨ ਦੀ ਕਾਮਯਾਬ ਕੋਸ਼ਿਸ਼

ਯਾਦਵਿੰਦਰ ਸਿੰਘ
ਇਕ ਪੁਸਤਕ – ਇਕ ਨਜ਼ਰ

ਅਸੀਂ ਪੰਜਾਬੀ
ਇਕ ਤਾਰੀਖ਼ ਗਵਾਚੀ ਹੋਈ ਸਦੀਆਂ ਦੀ
ਇਕ ਮੁਕੱਦਸ ਪੋਥੀ ਦੇ
ਅਸੀਂ ਖਿੱਲਰੇ ਹੋਏ ਵਰਕੇ
ਵਾ’ ਵਿਚ ਉਡਦੇ ਫਿਰਦੇ ਵਰਕਿਆਂ ਉਤੇ
ਜਗਦੇ ਬਲਦੇ ਅੱਖਰ
(ਅਫ਼ਜ਼ਲ ਅਹਿਸਨ ਰੰਧਾਵਾ, ਪੰਜਾਬ ਦੀ ਵਾਰ)
ਅਮਨਦੀਪ ਸੰਧੂ ਦੀ ਕਿਤਾਬ ‘ਪੰਜਾਬ: ਜਰਨੀਜ਼ ਥਰੂ ਫਾਲਟ ਲਾਈਨਜ਼’ ਪੰਜਾਬ ਨਾਂ ਦੀ ਮੁਕੱਦਸ ਪੋਥੀ ਦੇ ਖਿੱਲਰੇ ਵਰਕਿਆਂ ਨੂੰ ਸਮੇਟ ਕੇ ਥਾਂ-ਸਿਰ ਕਰਨ ਦੀ ਕੋਸ਼ਿਸ਼ ਹੈ। ਥਾਂ-ਸਿਰ ਕਰਦਿਆਂ ਇਹ ਵਰਕੇ ਅੱਗੇ-ਪਿੱਛੇ ਵੀ ਹੋ ਗਏ ਹਨ। ਪਤਾ ਨਹੀਂ ਲੱਗਦਾ ਕਿ ਇਨ੍ਹਾਂ ਦੀ ਸਹੀ ਤਰਤੀਬ ਕਿਹੜੀ ਹੈ। ਬੇਤਰਤੀਬੇ ਵਰਕਿਆਂ ਵਿਚੋਂ ਲੰਘਦਿਆਂ ਪਾਠਕ ਕਈ ਪੰਜਾਬਾਂ ਦੇ ਰੂ-ਬ-ਰੂ ਹੁੰਦਾ ਹੈ। ਇਸ ਕਿਤਾਬ ਦੇ ਬਿਰਤਾਂਤ ਵਿਚ ਸਿਰਜੇ ਵੱਖੋ-ਵੱਖਰੇ ਪੰਜਾਬ ਉਸ ਨੂੰ ਝਕਾਨੀ ਦਿੰਦੇ ਜਾਪਦੇ ਹਨ। ਪੰਜਾਬ ਦੀ ਉਲਝੀ ਤਾਣੀ ਨੂੰ ਤਰਤੀਬ ਦਿੰਦਿਆਂ ਅਮਨਦੀਪ ਖ਼ੁਦ ਵੀ ਇਸ ਕਸ਼ਮਕਸ਼ ਨਾਲ ਜੂਝਦਾ ਹੈ। ਇਸ ਕਸ਼ਮਕਸ਼ ਦੀ ਘੁੰਡੀ ਸਤਨਾਮ ਜੰਗਲਨਾਮਾ ਦੀ ਅਮਨਦੀਪ ਨੂੰ ਕੀਤੀ ਇਸ ਤਾਕੀਦ ਨਾਲ ਖੁੱਲ੍ਹਦੀ ਹੈ- ‘‘ਪੰਜਾਬ ਤੇਰਾ ਇਮਤਿਹਾਨ ਲਏਗਾ ਤੇ ਤੈਨੂੰ ਗੁੰਮਰਾਹ ਵੀ ਕਰੇਗਾ। ਇਹ ਹਮੇਸ਼ਾ ਆਪਣੇ ਬਾਰੇ ਛਾਣ-ਬੀਣ ਕਰਨ ਵਾਲਿਆਂ ਨੂੰ ਛਲਦਾ ਰਿਹਾ ਹੈ। ਇਸ ਦਾ ਕਾਰਨ ਹੈ ਕਿ ਇਸ ਨੂੰ ਜਾਣਨ ਵਾਲੇ ਅਕਸਰ ਕਾਹਲ ਕਰਦੇ ਨੇ; ਉਹ ਕਬਜ਼ਾ ਚਾਹੁੰਦੇ ਨੇ, ਪਰ ਪੰਜਾਬ ਨਾਬਰ ਹੈ- ਇਹ ਆਪਣੇ ਬਾਰੇ ਬਣਾਈਆਂ ਧਾਰਨਾਵਾਂ ਨੂੰ ਟਿੱਚ ਜਾਣਦਾ ਹੈ। ਤੇਰਾ ਇਹ ਸਫ਼ਰ ਅਧੂਰਾ ਹੀ ਰਹੇਗਾ, ਜੇਕਰ ਪੰਜਾਬ ਦੀ ਤੇਰੀ ਫੇਰੀ ਤੇਰੇ ਆਪਣੇ ਅੰਤਰ ਮਨ ਦੀ ਯਾਤਰਾ ਨਹੀਂ ਬਣਦੀ।’’
ਸਤਨਾਮ ਦੀ ਤਾਕੀਦ ਉਹ ਦਰਵਾਜ਼ਾ ਹੈ ਜਿਸ ਰਾਹੀਂ ਤੁਸੀਂ ਅਮਨਦੀਪ ਸੰਧੂ ਦੀ ਕਿਤਾਬ ‘ਪੰਜਾਬ: ਜਰਨੀਜ਼ ਥਰੂ ਫਾਲਟ ਲਾਈਨਜ਼’ ਵਿਚ ਦਾਖ਼ਲ ਹੁੰਦੇ ਹੋ। ਅਮਨਦੀਪ ਦਾ ਸਿਰਜਿਆ ਬਿਆਨੀਆ ਪੰਜਾਬ ਵਿਚ ਕੀਤੇ ਉਸ ਦੇ ਸਫ਼ਰ ਦੀਆਂ ਪੈੜਾਂ ਦੀ ਨਿਸ਼ਾਨਦੇਹੀ ਕਰਦਾ ਹੈ। ਇਹ ਸਫ਼ਰ ਉਸ ਨੇ 2015 ਤੋਂ 2018 ਤੱਕ ਤਿੰਨ ਸਾਲਾਂ ਦੇ ਵਕਫ਼ੇ ਦੌਰਾਨ ਤੈਅ ਕੀਤਾ; ਪਰ ਨਾਲ ਹੀ ਇਸ ਘੁਮੱਕੜੀ ਵਿਚ ਪੰਜਾਬ ਦੇ ਅਤੀਤ ਦੀਆਂ ਕਈ ਪਰਤਾਂ ਵੀ ਸ਼ਾਮਲ ਹਨ। ਅਮਨਦੀਪ ਦੀ ਇਹ ਲਟੌਰੀ, ਕਿਸੇ ਸਮਾਜ-ਸ਼ਾਸਤਰੀ ਵਾਂਗ ਪੰਜਾਬ ਬਾਰੇ ਤੱਥਮੂਲਕ ਸਮੱਗਰੀ ਜਾਂ ਡੇਟਾ ਇਕੱਠਾ ਕਰਨ ਦੀ ਕਵਾਇਦ ਨਹੀਂ। ਦੂਜੇ ਸ਼ਬਦਾਂ ਵਿਚ, ਇਹ ਪੰਜਾਬ ਬਾਰੇ ਕਿਸੇ ਇਕਹਿਰੇ ਸੱਚ ਨੂੰ ਲੱਭਦੀ ਖੋਜ ਪੁਸਤਕ ਨਹੀਂ ਜਿਸ ਵਿਚੋਂ ਲੇਖਕ ਦਾ ਨਿੱਜ ਗ਼ੈਰਹਾਜ਼ਰ ਹੋਵੇ। ਸਤਨਾਮ ਦੇ ਮਸ਼ਵਰੇ ’ਤੇ ਅਮਲ ਕਰਦੇ ਅਮਨਦੀਪ ਲਈ ਇਹ ਪੰਜਾਬ ਦੇ ਨਾਲ-ਨਾਲ ਆਪਣੇ ਅੰਤਰਮਨ ਦੀ ਵੀ ਯਾਤਰਾ ਹੈ। ਇਸ ਲਈ ਇਸ ਕਿਤਾਬ ਨੂੰ ਕਿਸੇ ਇਕ ਜ਼ਾਵੀਏ ਤੋਂ ਨਹੀਂ ਪੜ੍ਹਿਆ ਜਾ ਸਕਦਾ। ਦੈਰਿਦਾ ਦੇ ਕਹਿਣ ਵਾਂਗ ਇਸ ਨੂੰ ‘ਸਤਰਾਂ ਵਿਚਲੇ ਖੱਪਿਆਂ’ ਤੋਂ ਪੜ੍ਹਨ ਦੀ ਲੋੜ ਹੈ।
ਇਸ ਕਿਤਾਬ ਦੇ ਸਮੁੱਚੇ ਬਿਰਤਾਂਤ ਵਿਚ ਅਮਨਦੀਪ ਸੰਧੂ ਪੰਜਾਬ ਨਾਲ ਆਪਣੇ ਰਿਸ਼ਤੇ ਦੀ ਕਸ਼ਮਕਸ਼ ਨਾਲ ਜੂਝਦਾ ਹੈ। ਅਮਨਦੀਪ ਦੇ ਤਸੱਵਰ ਵਿਚ ਵੱਸਿਆ ਪੰਜਾਬ ਉਸ ਦੇ ਅੱਖੀਂ ਡਿੱਠੇ ਪੰਜਾਬ ਨਾਲ ਮੇਲ ਨਹੀਂ ਖਾਂਦਾ। ਉਸ ਦੇ ਮਾਂ-ਪਿਉ ਦੀਆਂ ਕਥਾਵਾਂ ਵਾਲਾ ਪੰਜਾਬ ਅਤੇ ਹਕੀਕਤ ਦਾ ਪੰਜਾਬ ਉਸ ਨੂੰ ਦੋ ਵੱਖੋ-ਵੱਖਰੇ ਖਿੱਤੇ ਜਾਪਦੇ ਹਨ। ਆਪਣੀ ਇਸ ਸ਼ਸ਼ੋਪੰਜ ਦੀ ਗਵਾਹੀ ਅਮਨਦੀਪ ਕਿਤਾਬ ਦੇ ਪਹਿਲੇ ਸਫ਼ੇ ’ਤੇ ਹੀ ਦਰਜ ਕਰ ਦਿੰਦਾ ਹੈ। ਕਿਤਾਬ ਦਾ ਆਗਾਜ਼ ਬਾਬੇ ਕਾਲੇ ਮਹਿਰ ਦੇ ਮੇਲੇ ’ਤੇ ਲੱਗੇ ਅਖਾੜੇ ਵਿਚ ਮਾਰਚ 2016 ਵਿਚ ਅਮਨਦੀਪ ਵੱਲੋਂ ਸੁਣੇ ਇਸ ਗੀਤ ਦੀਆਂ ਸਤਰਾਂ ਤੋਂ ਹੁੰਦਾ ਹੈ:
ਜਿਹੋ ਜਿਹੀ ਤੂੰ ਸਮਝੇ ਮਾਹੀਆ
ਉਹੋ ਜਿਹੀ ਮੈਂ ਹੈ ਨਹੀਂ
ਅਮਨਦੀਪ ਨੂੰ ਜਾਪਦਾ ਹੈ ਕਿ ਇਸ ਗੀਤ ਵਿਚਲੀ ਸੰਬੋਧਕ ਵਾਂਗ ਪੰਜਾਬ ਨੂੰ ਸਮਝਣਾ ਵੀ ਓਨਾ ਸਿੱਧ-ਪੱਧਰਾ ਨਹੀਂ ਜਿੰਨਾ ਨਜ਼ਰ ਆਉਂਦਾ ਹੈ। ਪੰਜਾਬ ਨਾਲ ਆਪਣੇ ਇਸ ਦੂਰ-ਨੇੜੇ ਦੇ ਰਿਸ਼ਤੇ ਦੀ ਬਾਤ ਪਾਉਂਦਿਆਂ ਉਹ ਲਿਖਦਾ ਹੈ, ‘‘ਪੰਜਾਬ ਵਿਚ ਜੰਮੇ-ਪਲੇ ਲੋਕਾਂ ਵਾਂਗ ਮੇਰਾ ਪੰਜਾਬ ਨਾਲ ਕੋਈ ਸਿੱਧਾ ਰਾਬਤਾ ਨਹੀਂ। ਬੇਸ਼ੱਕ ਮੇਰੇ ਪਰਿਵਾਰ ਦਾ ਪਿਛੋਕੜ ਪੰਜਾਬ ਤੋਂ ਹੈ, ਪਰ ਨਾ ਤਾਂ ਮੇਰਾ ਜਨਮ ਇੱਥੇ ਹੋਇਆ ਤੇ ਨਾ ਹੀ ਮੈਂ ਇੱਥੋਂ ਦਾ ਬਾਸ਼ਿੰਦਾ ਹਾਂ। ਮੇਰੇ ਕੋਲ ਕੋਈ ਅਜਿਹਾ ਪਤਾ, ਬੈਂਕ ਖਾਤਾ, ਅਧਾਰ ਕਾਰਡ, ਪਾਸਪੋਰਟ ਜਾਂ ਜ਼ਮੀਨ-ਜਾਇਦਾਦ ਨਹੀਂ ਜਿਹੜਾ ਮੇਰੇ ਪੰਜਾਬੀ ਹੋਣ ਦਾ ਸਬੂਤ ਹੋਵੇ।’’ ਇਹ ਕਸ਼ਮਕਸ਼ ਇਕੱਲੇ ਅਮਨਦੀਪ ਦੀ ਨਹੀਂ, ਉਸ ਦਾ ਪਾਠਕ ਵੀ ਉਸ ਦੀ ਕਿਤਾਬ ਵਿਚ ਪ੍ਰਵੇਸ਼ ਕਰਨ ਵੇਲੇ ਖ਼ੁਦ ਨੂੰ ਅਮਨਦੀਪ ਵਾਲੀ ਸਥਿਤੀ ਵਿਚ ਹੀ ਮਹਿਸੂਸ ਕਰਦਾ ਹੈ। ਇਸ ਲਈ ਪਾਠਕ ਨੂੰ ਵੀ ਇਸ ਕਿਤਾਬ ਅੰਦਰ ਦਾਖ਼ਲ ਹੋਣ ਲਈ ਕੁਝ ਚੋਰ-ਮੋਰੀਆਂ ਲੱਭਣੀਆਂ ਪੈਂਦੀਆਂ ਹਨ।
ਜੇਕਰ ਸਤਨਾਮ ਜੰਗਲਨਾਮਾ ਦੀ ਨਸੀਹਤ ਇਸ ਕਿਤਾਬ ਵਿਚ ਦਾਖ਼ਲ ਹੋਣ ਦਾ ਇਕ ਦਰਵਾਜ਼ਾ ਹੈ ਤਾਂ ਦੂਜਾ ਦਰਵਾਜ਼ਾ ਫੋਟੋਗ੍ਰਾਫ਼ਰ ਸਤਪਾਲ ਦਾਨਿਸ਼ ਦੀ ਤਾਕੀਦ ਹੈ। ਬ੍ਰਹਮ ਬੂਟਾ ਅਖਾੜੇ ਵਿਚਲੀ ਆਪਣੀ ਦੁਕਾਨ ਅੰਦਰ ਅਮਨਦੀਪ ਨੂੰ ਕੁਝ ਫੋਟੋਆਂ ਦਿਖਾਉਂਦਿਆਂ ਦਾਨਿਸ਼ ਕਹਿੰਦਾ ਹੈ, ‘‘ਜੇ ਤੂੰ ਪੰਜਾਬ ਨੂੰ ਜਾਣਨਾ ਚਾਹੁੰਣੈ ਤਾਂ ਇਸ ਦੀਆਂ ਲਾਸ਼ਾਂ ਦੀ ਗਿਣਤੀ ਕਰਨ ਲਈ ਤਿਆਰ ਰਹੀਂ।’’ ਦਾਨਿਸ਼ ਦੀ ਪਾਈ ਇਸ ਅੜਾਉਣੀ ਦੀਆਂ ਪਰਤਾਂ ਇਸ ਕਿਤਾਬ ਦੇ ਬਿਰਤਾਂਤ ਵਿਚੋਂ ਗੁਜ਼ਰਦਿਆਂ ਇਕ-ਇਕ ਕਰਕੇ ਖੁੱਲ੍ਹਦੀਆਂ ਹਨ। ਇਸ ਕਿਤਾਬ ਦੇ ਹਰ ਅਧਿਆਇ ਵਿਚੋਂ ਲੰਘਦਿਆਂ ਅਮਨਦੀਪ ਦੇ ਨਾਲ-ਨਾਲ ਤੁਸੀਂ ਖ਼ੁਦ ਨੂੰ ਵੀ ਪੰਜਾਬ ਦੀਆਂ ਲਾਸ਼ਾਂ ਦੀ ਗਿਣਤੀ ਕਰਦਿਆਂ ਮਹਿਸੂਸ ਕਰਦੇ ਹੋਂ। ਇਸ ਕਿਤਾਬ ਵਿਚਲੇ 16 ਅਧਿਆਇ ਪੰਜਾਬ ਦੀ ਕਿਸੇ ਨਾ ਕਿਸੇ ਦੁਖਦੀ ਰਗ਼ ਦੀ ਬਾਤ ਪਾਉਂਦੇ ਹਨ। ਬੇਸ਼ੱਕ ਇਨ੍ਹਾਂ ਦੀ ਪੂਰੀ ਥਾਹ ਤਾਂ ਇਨ੍ਹਾਂ ਨੂੰ ਪੜ੍ਹ ਕੇ ਹੀ ਪਾਈ ਜਾ ਸਕਦੀ ਹੈ, ਪਰ ਇਨ੍ਹਾਂ ਦੇ ਸਿਰਲੇਖ ਵੀ ਰਮਜ਼ ਨਾਲ ਕਾਫ਼ੀ ਗੱਲ ਸਮਝਾ ਦਿੰਦੇ ਹਨ। ਇਨ੍ਹਾਂ ਦੀ ਅਹਿਮੀਅਤ ਨੂੰ ਸਮਝਦਿਆਂ ਅਮਨਦੀਪ ਨੇ ਸਿਰਲੇਖਾਂ ਦਾ ਪੰਜਾਬੀ ਰੂਪ ਵੀ ਦਰਜ ਕੀਤਾ ਹੈ। ਇਹ ਸਿਰਲੇਖ ਹਨ: 1. ਸੱਟ, 2. ਬੇਰੁਖ਼ੀ, 3. ਰੋਸ, 4. ਰੋਗ, 5. ਆਸਥਾ, 6. ਮਰਦਾਨਗੀ, 7. ਦਵਾ, 8. ਪਾਣੀ, 9. ਜ਼ਮੀਨ, 10. ਕਰਜ਼ਾ, 11. ਜਾਤ, 12. ਪਤਿਤ, 13. ਬਾਡਰ, 14. ਸਿੱਖਿਆ, 15. ਲਾਸ਼ਾਂ, 16. ਜਨਮਦਿਨ।
ਇਨ੍ਹਾਂ ਸਿਰਲੇਖਾਂ ਵਾਂਗ ਹੀ ਇਸ ਕਿਤਾਬ ਉੱਤੇ ਛਪੀ ਫੋਟੋ ਵੀ ਪੰਜਾਬ ਦੇ ਸੰਕਟ ਦਾ ਬੇਹੱਦ ਸਟੀਕ ਪ੍ਰਤੀਕ ਬਣਦੀ ਹੈ। ਇਹ ਫੋਟੋ ਸਤਪਾਲ ਦਾਨਿਸ਼ ਦੇ ਕੈਮਰੇ ਦੀ ਅੱਖ ਰਾਹੀਂ ਸਿਰਜਿਆ ਬਿਰਤਾਂਤ ਹੈ। ਫੋਟੋ ਜੂਨ ਚੁਰਾਸੀ ਦੇ ਪਿਛਲੇ ਪੰਦਰਵਾੜੇ ਦੌਰਾਨ ਉਸ ਸਮੇਂ ਖਿੱਚੀ ਗਈ, ਜਦੋਂ ਸਾਕਾ ਨੀਲਾ ਤਾਰਾ ਤੋਂ ਬਾਅਦ ਪਹਿਲੀ ਵਾਰ ਲੋਕਾਈ ਨੂੰ ਦਰਬਾਰ ਸਾਹਿਬ ਅੰਦਰ ਜਾਣ ਦੀ ਇਜਾਜ਼ਤ ਮਿਲੀ। ਇਸ ਫੋਟੋ ਵਿਚ ਰਾਮਗੜ੍ਹੀਆ ਬੁੰਗੇ ’ਤੇ ਚੜ੍ਹ ਕੇ ਬੈਠੇ ਕੁਝ ਬੰਦੇ ਜੂਨ ਚੁਰਾਸੀ ਦੇ ਸਾਕੇ ਦੇ ਪਹਿਲੇ ਗਵਾਹ ਬਣੇ ਦਿਖਾਈ ਦੇ ਰਹੇ ਹਨ। ਬੁੰਗੇ ’ਤੇ ਚੜ੍ਹੇ ਇਹ ਲੋਕ ਕਿਸੇ ਬੇੜੇ ਵਿਚ ਸਵਾਰ ਜਾਪਦੇ ਹਨ। ਅਮਨਦੀਪ ਇਸ ਫੋਟੋ ਨੂੰ ਪ੍ਰਤੀਕਾਤਮਕ ਅਰਥਾਂ ਵਿਚ ‘ਨਾਮ ਦਾ ਜਹਾਜ਼’ ਕਹਿੰਦਾ ਹੈ ਜਿਸ ਵਿਚ ਸਵਾਰ ਹੋ ਕੇ ਪੰਜਾਬੀਆਂ ਨੇ ਆਪਣੇ ਦੁੱਖਾਂ ਦਾ ਭਵ-ਸਾਗਰ ਪਾਰ ਕਰਨਾ ਹੈ। ਜੂਨ ਚੁਰਾਸੀ ਦਾ ਸਾਕਾ ਪੰਜਾਬ ਦੀ ਉਸ ਪਰਲੋ ਦਾ ਪ੍ਰਤੀਕ ਹੈ ਜੋ ਇਸ ਫੋਟੋ ਵਿਚ ਗ਼ੈਰਹਾਜ਼ਰ ਹੁੰਦਿਆਂ ਵੀ ਹਾਜ਼ਰ ਹੈ। ਇਸ ਪਰਲੋ ਵਿਚੋਂ ਬਚਿਆ ਪੰਜਾਬ, ਕਿਸੇ ਨੂਹ ਦੇ ਬੇੜੇ ਨੂੰ ਭਾਲਦਿਆਂ ਰਾਮਗੜ੍ਹੀਆ ਬੁੰਗੇ ’ਤੇ ਸਵਾਰ ਹੋ ਗਿਆ ਜਾਪਦਾ ਹੈ। ਪਰ ਜਿੱਥੇ ਨੂਹ ਦੀ ਬੇੜੀ ਵਿਚ ਨਰ ਤੇ ਮਾਦਾ ਦੋਵੇਂ ਸ਼ਾਮਲ ਸਨ, ਉੱਥੇ ਇਸ ਫੋਟੋ ਵਿਚ ਸਿਰਫ਼ ਮਰਦ ਹੀ ਦਿਖਾਈ ਦੇ ਰਹੇ ਹਨ। ਪੰਜਾਬ ਦੇ ਮਰਦਾਵੇਂ ਬਿਰਤਾਂਤ ਵਿਚੋਂ ਔਰਤ ਗ਼ੈਰਹਾਜ਼ਰ ਹੈ। ਸ਼ਾਇਦ, ਇਸ ਸੰਤਾਪ ਦੌਰਾਨ ਪੰਜਾਬ ਦੀਆਂ ਔਰਤਾਂ ਦੇ ਦਰਦ ਨੂੰ ਬਿਆਨ ਕਰਨ ਵਾਲੀ ਕੋਈ ਤਸਵੀਰ ਸਾਡੇ ਕੋਲ ਮੌਜੂਦ ਨਹੀਂ।
ਇਸ ਫੋਟੋ ਦੀ ਦੂਜੀ ਤੁਲਨਾ ‘ਥੀਸਸ ਦੇ ਬੇੜੇ’ ਨਾਲ ਵੀ ਕੀਤੀ ਜਾ ਸਕਦੀ ਹੈ। ਯੂਨਾਨ ਦੇ ਇਤਿਹਾਸ ਵਿਚ ਥੀਸਸ ਦਾ ਬੇੜਾ ਲੰਬੇ ਸਮੇਂ ਤੱਕ ਆਪਣੀ ਤਾਕਤ ਲਈ ਮਕਬੂਲ ਰਿਹਾ। ਵਕਤ ਦੇ ਬੀਤਣ ਨਾਲ ਇਹ ਬੇੜਾ ਜੰਗਾਲਿਆ ਗਿਆ ਤਾਂ ਇਸ ਨੂੰ ਕਿਸੇ ਅਜਾਇਬਘਰ ਦਾ ਹਿੱਸਾ ਬਣਾ ਦਿੱਤਾ ਗਿਆ। ਕਈ ਵਰ੍ਹਿਆਂ ਬਾਅਦ ਇਸ ਨੂੰ ਕਿਸੇ ਹੋਰ ਜੰਗੀ ਬੇੜੇ ਦੇ ਪੁਰਜ਼ੇ ਲਾ ਕੇ ਦੁਬਾਰਾ ਪਾਣੀ ਵਿਚ ਉਤਾਰਿਆ ਗਿਆ। ਇਸ ਬੇੜੇ ਨੂੰ ਲੈ ਕੇ ਵਿਚਾਰਵਾਨਾਂ ਵਿਚਕਾਰ ਬਹਿਸ ਛਿੜ ਪਈ ਕਿ ਕੀ ਹੁਣ ਇਸ ਨੂੰ ਥੀਸਸ ਦਾ ਬੇੜਾ ਕਹਿਣਾ ਉਚਿਤ ਹੈ? ਬੇਸ਼ੱਕ, ਇਸ ਦਾ ਢਾਂਚਾ ਥੀਸਸ ਦੇ ਬੇੜੇ ਵਾਲਾ ਹੈ, ਪਰ ਇਸ ਨੂੰ ਚਲਾਉਣ ਵਾਲੇ ਪੁਰਜ਼ੇ ਤਾਂ ਕਿਸੇ ਹੋਰ ਬੇੜੇ ਦੇ ਹਨ। ਥੀਸਸ ਦੇ ਬੇੜੇ ਵਾਂਗ ਪੰਜਾਬ ਬਾਰੇ ਵੀ ਇਹ ਸਵਾਲ ਪੁੱਛਿਆ ਜਾ ਸਕਦਾ ਹੈ। ਆਖ਼ਰ ਅਮਨਦੀਪ ਜਿਸ ਪੰਜਾਬ ਨੂੰ ਭਾਲਣ ਚੱਲਿਆ ਹੈ, ਉਹ ਕਿਹੜਾ ਪੰਜਾਬ ਹੈ? ਇਕ ਪੰਜਾਬ ਉਹ ਹੈ ਜਿਹੜਾ ਅਮਨਦੀਪ ਦੇ ਤਸੱਵਰ ਵਿਚ ਵੱਸਿਆ ਹੈ। ਇਤਿਹਾਸ ਦੀਆਂ ਕਥਾਵਾਂ ਵਿਚਲਾ ਪੰਜਾਬ, ਜਿੱਥੇ ਪੰਜ ਦਰਿਆ ਵਹਿੰਦੇ ਹਨ, ਜੋ ਮੁਲਕ ਦਾ ਅੰਨਦਾਤਾ ਹੈ, ਹਿੰਦੋਸਤਾਨ ਦੀ ਗ਼ਰੀਬੀ ਦੇ ਸਮੁੰਦਰ ਵਿਚ ਹਰਿਆਲੀ ਤੇ ਖੁਸ਼ਹਾਲੀ ਦਾ ਇਕਲੌਤਾ ਟਾਪੂ ਹੈ। ਦੂਜਾ ਪੰਜਾਬ ਅਮਨਦੀਪ ਨੂੰ ਉਸ ਦੇ ਸਫ਼ਰ ਦੌਰਾਨ ਮਿਲਦਾ ਹੈ; ਹਰੇ ਇਨਕਲਾਬ ਦੀ ਰਹਿੰਦ-ਖੂੰਹਦ ਵਿਚ ਆਪਣੇ ਹੋਣ-ਥੀਣ ਤੋਂ ਇਨਕਾਰੀ ਹੋ ਕੇ ਖ਼ੁਦਕੁਸ਼ੀਆਂ ਕਰਦਾ, ਵੱਡੀਆਂ ਰਕਮਾ ਤਾਰ ਕੇ ਵਿਦੇਸ਼ਾਂ ਵਿਚ ਸੈੱਟ ਹੋਣ ਦੀ ਜੱਦੋਜਹਿਦ ਕਰਦਾ, ਮਰਦਾਨਗੀ ਤੇ ਉੱਚੀ ਜਾਤ ਦਾ ਸ਼ਮਲਾ ਲਹਿਰਾਉਂਦਾ, ਚਿੱਟੇ ਦੀ ਹਨੇਰੀ ਅੱਗੇ ਗੋਡੇ ਟੇਕਦਾ ਤੇ ਸੰਤਾਲੀ ਤੇ ਚੁਰਾਸੀ ਨੂੰ ਭੁੱਲ ਜਾਣ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਇਨ੍ਹਾਂ ਦੇ ਪ੍ਰੇਤ ਨੂੰ ਆਪਣੇ ਮੋਢਿਆਂ ’ਤੇ ਚੁੱਕੀ ਫਿਰਦਾ ਪੰਜਾਬ। ਕੀ ਇਹ ਦੋਵੇਂ ਪੰਜਾਬ ਇਕ ਹਨ ਜਾਂ ਫੇਰ ਥੀਸਸ ਦੇ ਬੇੜੇ ਵਾਂਗ ਪੰਜਾਬ ਨੂੰ ਵੀ ਕੋਈ ਹੋਰ ਪਿਉਂਦ ਚਾੜ੍ਹ ਦਿੱਤੀ ਗਈ ਜਿਸ ਦਾ ਇਲਮ ਖ਼ੁਦ ਪੰਜਾਬ ਨੂੰ ਵੀ ਨਹੀਂ ਹੋਇਆ।
ਅਮਨਦੀਪ ਦੀ ਕਿਤਾਬ ਪੰਜਾਬ ਦੇ ਸਫ਼ਰ ਦੇ ਇੰਝ ਕੁਰਾਹੇ ਪੈਣ ਦੇ ਕੁਝ ਕਾਰਨਾਂ ਦੀ ਨਿਸ਼ਾਨਦੇਹੀ ਕਰਦੀ ਹੈ। ਸੰਨ ਛਿਆਹਠ ਵਿਚ ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬ ਦੀ ਖ਼ਸਲਤ ਵਿਚ ਪਏ ਵੱਢ ਨੂੰ ਅਮਨਦੀਪ ਇੱਥੇ ਵਾਪਰੇ ਦੋ ਵਰਤਾਰਿਆਂ- ਹਰੇ ਇਨਕਲਾਬ ਅਤੇ ਖ਼ਾਲਿਸਤਾਨ ਲਹਿਰ ਨਾਲ ਜੋੜ ਕੇ ਦੇਖਦਾ ਹੈ। ਸਤਿਹੀ ਪੱਧਰ ’ਤੇ ਇਹ ਵਰਤਾਰੇ ਇਕ-ਦੂਜੇ ਤੋਂ ਵੱਖਰੇ ਜਾਪਦੇ ਹਨ ਜਦੋਂਕਿ ਅਸਲ ਵਿਚ ਇਨ੍ਹਾਂ ਦੋਵਾਂ ਵਿਚਕਾਰ ਡੂੰਘੀ ਸਾਂਝ ਹੈ। ਇਹ ਦੋਵੇਂ ਵਰਤਾਰੇ ਪੰਜਾਬ ਨੂੰ ਬਿਹਤਰ ਭਵਿੱਖ ਦੇਣ ਦੀ ਆਸਥਾ ਵਿਚੋਂ ਉਪਜੇ। ਬਹੁਤੇ ਪੰਜਾਬੀਆਂ ਲਈ ਇਹ ਆਰਥਿਕ ਤੇ ਸਿਆਸੀ ਬਦਲ ਸਨ ਜਾਂ ਪ੍ਰਤੀਕਾਤਮਕ ਅਰਥਾਂ ਵਿਚ ਉਹ ਬੇੜੇ, ਜਿਨ੍ਹਾਂ ’ਤੇ ਸਵਾਰ ਹੋ ਕੇ ਪੰਜਾਬੀਆਂ ਨੇ ਆਪਣੇ ਦੁੱਖਾਂ ਦਾ ਭਵ-ਸਾਗਰ ਪਾਰ ਕਰਨ ਦੀ ਕੋਸ਼ਿਸ਼ ਤਾਂ ਕੀਤੀ, ਪਰ ਉਹ ਕਿਸੇ ਤਣ-ਪੱਤਣ ਨਾ ਲੱਗ ਸਕੇ।
ਹਰੇ ਇਨਕਲਾਬ ਨੇ ਹਿੰਦੋਸਤਾਨ ਦਾ ਢਿੱਡ ਭਰਿਆ, ਪਰ ਨਾਲ ਹੀ ਪੰਜਾਬ ਦੇ ਕੁਦਰਤੀ ਸੋਮਿਆਂ ਦਾ ਘਾਣ ਕੀਤਾ। ਖੇਤੀ ਮਾਹਰਾਂ ਤੇ ਅਰਥ ਸ਼ਾਸਤਰੀਆਂ ਨੇ ਪੰਜਾਬ ਦੇ ਖੁਸ਼ਹਾਲ ਸੂਬਾ ਹੋਣ ਦਾ ਅਜਿਹਾ ਗੁੱਡਾ ਬੰਨ੍ਹਿਆ ਜਿਸ ਦੀ ਗੂੰਜ ਪੰਜਾਬੀ ਫਿਲਮਾਂ ਤੇ ਗੀਤਾਂ ਵਿਚ ਅੱਜ ਵੀ ਸੁਣਾਈ ਦਿੰਦੀ ਹੈ। ਮੁਲਕ ਦਾ ਅੰਨ-ਦਾਤਾ ਹੋਣ ਦੇ ਲਕਬ ਦੀ ਗ੍ਰਿਫ਼ਤ ਵਿਚ ਆਇਆ ਪੰਜਾਬ ਇਸ ਗੱਲੋਂ ਬੇਪਰਵਾਹ ਰਿਹਾ ਕਿ ਉਸ ਦੇ ਪੌਣ-ਪਾਣੀ ਜ਼ਹਿਰੀ ਹੋ ਰਹੇ ਨੇ ਤੇ ਜ਼ਮੀਨ ਬੰਜਰ। ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦਾ ਸੁਨੇਹਾ ਦੇਣ ਵਾਲਾ ਪੰਜਾਬ ਵੱਧ ਮੁਨਾਫ਼ੇ ਦੇ ਚੱਕਰ ਵਿਚ ਇਉਂ ਉਲਝਿਆ ਕਿ ਆਪਣੇ ਪੌਣ, ਪਾਣੀ ਤੇ ਭੋਇੰ ਦਾ ਸੌਦਾ ਕਰ ਬੈਠਿਆ। ਹਰੇ ਇਨਕਲਾਬ ਦੇ ਸਿੱਟੇ ਜਿਉਂ-ਜਿਉਂ ਸਾਹਮਣੇ ਆਉਣ ਲੱਗੇ, ਪੰਜਾਬੀਆਂ ਨੂੰ ਆਪਣੀ ਹਾਰ ਦਾ ਝੋਰਾ ਖਾਣ ਲੱਗਿਆ। ਇਸ ਹਾਰ ਨੂੰ ਬਰਦਾਸ਼ਤ ਕਰਨਾ ਪੰਜਾਬ ਨੂੰ ਆਪਣੀ ਹੇਠੀ ਜਾਪਿਆ। ਆਪਣੇ ਗੌਰਵਮਈ ਇਤਿਹਾਸ ਕਾਰਨ ਪੰਜਾਬੀਆਂ ਨੂੰ ਹਾਰਨ ਨਾਲੋਂ ਮਰਨਾ ਬਿਹਤਰ ਵਿਕਲਪ ਜਾਪਿਆ। ਆਪਣੇ ਸੰਤਾਪ ਦੀ ਗਾਥਾ ਨੂੰ ਸੂਰਮਗਤੀ ਨਾਲ ਜੋੜ ਕੇ ਪੰਜਾਬ ਨੇ ਆਖ਼ਰੀ ਹੰਭਲਾ ਮਾਰਿਆ ਜਿਸ ਦਾ ਨਤੀਜਾ ਖ਼ਾਲਿਸਤਾਨੀ ਲਹਿਰ ਦੇ ਰੂਪ ਵਿਚ ਸਾਹਮਣੇ ਆਇਆ। ਪੰਜਾਬ ਲਈ ਇਹ ਲਹਿਰ ਹਰੇ ਇਨਕਲਾਬ ਦੇ ਸਿੱਟਿਆਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਦੀ ਸਿਆਸੀ ਕੋਸ਼ਿਸ਼ ਹੋ ਨਿੱਬੜੀ।
ਵੀਹਵੀਂ ਸਦੀ ਦੇ ਆਖ਼ਰੀ ਦਹਾਕੇ ਵਿਚ ਜਦੋਂ ਇਹ ਬੇਤਰਤੀਬੀਆਂ ਆਪਣੀ ਇੰਤਹਾ ’ਤੇ ਪਹੁੰਚ ਗਈਆਂ ਤਾਂ ਹਰੇ ਇਨਕਲਾਬ ਅਤੇ ਗੌਰਵਮਈ ਅਤੀਤ ਦੇ ਦਮਗਜ਼ਿਆਂ ਨਾਲ ਨਿਰਬਾਹ ਕਰਨਾ ਮੁਮਕਿਨ ਨਾ ਰਿਹਾ। ਪੰਜਾਬ ਦਾ ਬਾਹਰ ਵੱਲ ਫੁੱਟਦਾ ਗੁੱਸਾ ਹੁਣ ਆਪਣੇ ਅੰਦਰ ਦਾ ਰੁਖ਼ ਧਾਰਨ ਕਰਨ ਲੱਗਿਆ। ਮਨੋਵਿਗਿਆਨੀ ਦੱਸਦੇ ਹਨ ਕਿ ਗੁੱਸਾ ਜਦੋਂ ਆਪਣੇ ਅੰਦਰ ਲਹਿਣ ਲੱਗੇ ਤਾਂ ਇਹ ਸਹਿਮ ਬਣ ਜਾਂਦਾ ਹੈ। ਇਸ ਸਹਿਮ ਵਿਚ ਪੰਜਾਬ ਨੂੰ ਦੋ ਰਾਹ ਲੱਭੇ। ਇਨ੍ਹਾਂ ਵਿਚੋਂ ਇਕ ਖ਼ੁਦਕੁਸ਼ੀਆਂ ਜਾਂ ਨਸ਼ਿਆਂ ਵੱਲ ਜਾਂਦਾ ਸੀ ਤੇ ਦੂਜਾ ਵਿਦੇਸ਼ਾਂ ਵੱਲ। ਅਮਨਦੀਪ ਦਾ ਸਫ਼ਰ ਰੋਹ ਤੋਂ ਸਹਿਮ ਵੱਲ ਪਰਤੇ ਪੰਜਾਬ ਦਾ ਸਫ਼ਰ ਹੈ ਅਤੇ ਉਸ ਦੀ ਕਿਤਾਬ ‘ਪੰਜਾਬ: ਜਰਨੀਜ਼ ਥਰੂ ਫਾਲਟ ਲਾਈਨਜ਼’ ਪੰਜਾਬ ਦੇ ਇਸ ਉਜਾੜੇ ਦੀ ਗਾਥਾ।
ਪੰਜਾਬ ਦੀ ਤੁਲਨਾ ਆਪਣੀ ਮਰ ਰਹੀ ਮਾਂ ਨਾਲ ਕਰਦਿਆਂ ਅਮਨਦੀਪ ਲਿਖਦਾ ਹੈ, ‘‘ਕੈਂਸਰ ਕਾਰਨ ਮਾਂ ਦੀਆਂ ਦੋਵੇਂ ਛਾਤੀਆਂ ਵਿਚ ਹੋਏ ਸੁਰਾਖ਼ ਮੈਨੂੰ ਪੰਜਾਬ ਦੇ ਦੋ ਕੁਰਾਹੇ ਪਏ ਇਨਕਲਾਬਾਂ ਜਿਹੇ ਜਾਪਦੇ ਹਨ। ਮਾਂ ਵਾਂਗ ਪੰਜਾਬ ਨੇ ਵੀ ਆਪਣੀ ਫ਼ਰਾਖ਼ਦਿਲੀ ਦਿਖਾਉਂਦਿਆਂ ਕਦੇ ਆਪਣੀ ਬਿਮਾਰੀ ਵੱਲ ਧਿਆਨ ਨਾ ਦਿੱਤਾ। ਹਮੇਸ਼ਾ ਦੂਜਿਆਂ ਦਾ ਢਿੱਡ ਭਰਨ ਦਾ ਹੀ ਉਹੜ-ਪੁਹੜ ਕਰਦਾ ਰਿਹਾ। ਮਾਂ ਦੇ ਕੈਂਸਰ ਵਾਂਗ ਪੰਜਾਬ ਨੂੰ ਵੀ ਅਣਗਿਣਤ ਸੈੱਲ ਅੰਦਰੋ-ਅੰਦਰੀਂ ਖੋਖਲਾ ਕਰਦੇ ਰਹੇ। ਬਿਮਾਰੀ ਘੁਣ ਵਾਂਗ ਵਧਦੀ ਰਹੀ ਤੇ ਅੰਤ ਮਾਂ ਵਾਂਗ ਹੀ ਪੰਜਾਬ ਦੇ ਅੰਗ ਇਕ-ਇਕ ਕਰਕੇ ਕੰਮ ਕਰਨਾ ਬੰਦ ਕਰਨ ਲੱਗੇ।’’

ਸੰਪਰਕ: 70420-73084