For the best experience, open
https://m.punjabitribuneonline.com
on your mobile browser.
Advertisement

ਕੀ ਜਾਣਾ ਮੈਂ ਕੌਣ...

04:14 AM Jun 07, 2025 IST
ਕੀ ਜਾਣਾ ਮੈਂ ਕੌਣ
Advertisement

ਜਗਜੀਤ ਸਿੰਘ ਲੋਹਟਬੱਦੀ
ਦੁਨੀਆ ਘੁੱਗ ਵੱਸਦੀ ਹੈ। ਅੰਤਾਂ ਦੀ ਭੀੜ ਹੈ, ਪਰ ਮਨੁੱਖ ਇਕੱਲਾ ਹੈ...ਗੁੰਮ-ਸੁੰਮ...ਡੌਰ-ਭੌਰ...! ਉਸ ਦੇ ਆਲੇ ਦੁਆਲੇ ਬਿਜਲੀਆਂ ਲਿਸ਼ਕਦੀਆਂ ਹਨ। ਫਿਰ ਅਚਾਨਕ ਘੁੱਪ ਹਨੇਰਾ ਛਾ ਜਾਂਦਾ ਹੈ। ਉਹ ਭੈਅ-ਭੀਤ ਹੋ ਉੱਠਦਾ ਹੈ। ਅੰਬਰੋਂ ਟੁੱਟਦਾ ਤਾਰਾ ਉਸ ਨੂੰ ਆਪਣਾ ਹੀ ਵਜੂਦ ਭਾਸਦਾ ਹੈ। ਸ਼ੀਸ਼ੇ ਸਾਹਵੇਂ ਖਲੋਅ ਟਿਕਟਿਕੀ ਬੰਨ੍ਹ ਆਪਣਾ ਚਿਹਰਾ ਦੇਖਦੈ। ਖ਼ੁਦ ਦੀ ਪਛਾਣ ਨਹੀਂ ਆਉਂਦੀ। ਰੂਹ ਅੰਦਰਲੇ ਅਸਤਿਤਵ ਦੀ ਸ਼ਨਾਖ਼ਤ ਹੀ ਨਹੀਂ ਕਰ ਪਾਉਂਦਾ। ਸੋਚਾਂ ਵਿੱਚ ਖੁੱਭ ਜਾਂਦੈ...ਕੌਣ ਹਾਂ ਮੈਂ...?’
ਗੁਰਬਾਣੀ ਦਾ ਮੁਕੱਦਸ ਫੁਰਮਾਨ: ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨੁੱਖ ਦੀ ਭੁੱਲੀ-ਵਿੱਸਰੀ ਅੰਤਰ-ਆਤਮਾ ਨੂੰ ਜੀਵਨ-ਜਾਚ ਦੀ ਜੁਗਤ ਸਮਝਾਉਂਦਾ ਹੈ, ਆਪਣੀ ਬੁਨਿਆਦ ਨੂੰ ਪਛਾਣਨ ਦੀ ਤਾਕੀਦ ਕਰਦਾ ਹੈ। ਮੁਰਸ਼ਦ ਸ਼ਾਹ ਅਨਾਇਤ ਨੇ ਵੀ ਆਪਣੇ ਲਾਡਲੇ ਸ਼ਾਗਿਰਦ ਨਾਲ ਇੱਕ ਭੇਤ ਸਾਂਝਾ ਕੀਤਾ ਸੀ: ਬੁੱਲ੍ਹਿਆ, ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ। ਇਹ ਡੂੰਘੇ ਅਰਥਾਂ ਵਾਲਾ ਪ੍ਰਵਚਨ ਸੀ-ਅਭੇਦ ਹੋਣ ਲਈ ਕੁਦਰਤ ਨਾਲ, ਪਰਵਰਦਗਾਰ ਨਾਲ, ਮਨੁੱਖਤਾ ਨਾਲ! ‘ਮੈਂ’ ਖ਼ਤਮ ਹੋ ਗਈ, ਸਮਝੋ ‘ਮੈਂ’ ਦੀ ਸੋਝੀ ਝੋਲ਼ੀ ਪੈ ਗਈ। ਫਿਰ ਨਾ ਚੜ੍ਹੇ ਦਾ ਚਾਅ, ਨਾ ਲਹੇ ਦਾ ਗ਼ਮ। ਸਵੈ ਦੀ ਹੋਂਦ ਦੀ ਅਹਿਮੀਅਤ ਨਹੀਂ ਰਹਿੰਦੀ। ਚਹੁੰ-ਕੂੰਟੀਂ ‘ਅੱਵਲ ਆਖ਼ਰ ਆਪ ਨੂੰ ਜਾਣਾ’ ਦੀ ਰੋਸ਼ਨੀ ਫੈਲ ਜਾਂਦੀ ਹੈ।
ਸਮੁੱਚੇ ਧਾਰਮਿਕ ਗ੍ਰੰਥਾਂ ਨੇ ਇਨਸਾਨ ਨੂੰ ਸ੍ਰਿਸ਼ਟੀ ਦੀ ਸਰਵਸ੍ਰੇਸ਼ਠ ਰਚਨਾ ਹੋਣ ਦਾ ਪ੍ਰਮਾਣ ਪੱਤਰ ਬਖ਼ਸ਼ਿਆ ਹੋਇਐ। ਧਰਤ...ਅਕਾਸ਼...ਪਤਾਲ-ਸਭ ਉਸ ਦੀ ਜਕੜ ਵਿੱਚ ਹਨ। ਉਸ ਨੇ ਦੁਨੀਆ ਆਪਣੀ ਮੁੱਠੀ ਵਿੱਚ ਕਰ ਰੱਖੀ ਹੈ। ਚੰਨ ’ਤੇ ਝੰਡੇ ਗੱਡ ਦਿੱਤੇ ਹਨ। ਸਾਗਰਾਂ ਵਿੱਚ ਸੁਰੰਗਾਂ ਖੋਦ ਰੱਖੀਆਂ ਹਨ। ਪਲਾਂ ਛਿਣਾਂ ਵਿੱਚ ਪੂਰੇ ਬ੍ਰਹਿਮੰਡ ਦਾ ਥਾਹ ਪਾਉਣ ਦਾ ਹੁਨਰ ਹੈ, ਪਰ ਸਦੀਆਂ ਤੋਂ ਆਪਣੇ ਅੰਤਰੀਵ ਦੀ ਖ਼ਬਰ ਹੀ ਨਹੀਂ। ਉੱਥੇ ਪੂਰੀ ਘੜਮੱਸ ਹੈ। ਦਿਨ ਰਾਤ ਬੇਚੈਨ ਰਹਿਣ ਦਾ ਸੁਰਾਗ ਹੱਥ ਨਹੀਂ ਲੱਗ ਰਿਹਾ। ਆਪਣੇ ਨਾਲ ਸੰਵਾਦ ਰਚਾਉਣ ਦੀ ਨੌਬਤ ਹੀ ਨਹੀਂ ਆਈ। ਕੁਦਰਤ ਦੇ ਬਣਾਏ ਇਸ ਉਮਦਾ ਕਲਬੂਤ ਦਾ ਭੇਤ ਹੀ ਨਹੀਂ ਬੁੱਝ ਸਕਿਆ। ਦੀਵੇ ਥੱਲੇ ਹਨੇਰਾ ਹੀ ਹਨੇਰਾ ਦਿਖਾਈ ਦਿੰਦੈ। ਰੋਸ਼ਨੀ ਦਾ ਸਾਹਮਣਾ ਕਰਨ ਤੋਂ ਮੁਨਕਰ ਹੈ। ਸ਼ਾਇਰ ਹਰਦਮ ਮਾਨ ਇਸ ਕੁੜੱਤਣ ਦੇ ਰੁਬਰੂ ਕਰਵਾਉਂਦੈ;
ਭਾਵੇਂ ਦੁਨੀਆ ਬੰਦ ਹੈ ਅੱਜਕੱਲ੍ਹ
ਹਰ ਬੰਦੇ ਦੀ ਮੁੱਠੀ ਵਿੱਚ/ਸੱਚ ਤਾਂ ਇਹ ਹੈ
ਬੰਦਾ ਖ਼ੁਦ ਤੋਂ/ਲੱਖਾਂ ਕੋਹਾਂ ਦੂਰ ਦਿਸੇ।
ਆਖਿਰ ਮਨੁੱਖ ਨਿਹੱਥਾ ਤੇ ਨਿਤਾਣਾ ਕਿਉਂ ਹੈ? ਕਿਸ ਚੀਜ਼ ਦੀ ਕਮੀ ਹੈ, ਉਸ ਕੋਲ? ਕਿਹੜਾ ਰਣ-ਖੇਤਰ ਸਰ ਕਰਨਾ ਬਾਕੀ ਹੈ? ਕੁਦਰਤ ਦੇ ਹਰ ਗੁੱਝੇ ਰਹੱਸ ਨੂੰ ਸਮਝਣ ਵਾਲਾ ਜੀਵ, ਆਪੇ ਦੀ ਸਮਝ ਤੋਂ ਅੰਞਾਣ ਕਿਵੇਂ ਹੋ ਗਿਆ...? ਤਸਵੀਰ ਬਹੁ-ਪਰਤੀ ਹੈ। ਹਾਸੇ ਗੁੰਮ ਹਨ, ਪੈਰ ਨੱਚਣਾ ਭੁੱਲ ਗਏ ਹਨ, ਸੰਗੀਤ ਰੂਹ ਨੂੰ ਛੂੰਹਦਾ ਨਹੀਂ, ਸਤਰੰਗੀ ਪੀਂਘ ਦੇਖ ਮਨ ਵਿੱਚ ਵਲਵਲੇ ਨਹੀਂ ਉੱਠਦੇ। ਮ੍ਰਿਗ-ਤ੍ਰਿਸ਼ਨਾ ਨੇ ਸੰਦੇਹ ਵਧਾ ਦਿੱਤੇ ਨੇ। ਜੜਾਂ ਨਾਲੋਂ ਟੁੱਟਣ ਦੀ ਭਟਕਣਾ ਨੇ ਮਨੁੱਖ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ। ਉਹ ਤ੍ਰਿਸ਼ੰਕੂ ਬਣਿਆ ਅੰਧਕਾਰ ਵਿੱਚ ਲਟਕ ਰਿਹੈ।
ਸੱਚਾਈ ਇਹ ਹੈ ਕਿ ਪ੍ਰਕਿਰਤੀ ਦੀ ਸਾਜੀ ਇਸ ਅਦਭੁੱਤ ਕਲਾਕ੍ਰਿਤ ਨੇ ਆਪਣੇ ਸਿਰਜਣਹਾਰ ਨੂੰ ਹੀ ਮਧੋਲ ਸੁੱਟਿਐ। ਦੁਨੀਆ ਦੇ ਸਭ ਜੀਵਾਂ ਤੋਂ ਉੱਤਮ ਅਤੇ ਵਿਲੱਖਣ ਬੁੱਧੀ ਇਨਸਾਨ ਕੋਲ ਹੈ। ਸਿਤਮ ਜ਼ਰੀਫੀ ਇਹ ਹੈ ਕਿ ਇਸੇ ਸੋਝੀ ਨੇ ਇਸ ਨੂੰ ਇੱਕ ਅਜਿਹੇ ਚੱਕਰਵਿਊ ਵਿੱਚ ਫਸਾ ਦਿੱਤਾ ਹੈ, ਜਿੱਥੋਂ ਇਸ ਨੂੰ ਬਾਹਰ ਨਿਕਲਣ ਦਾ ਰਸਤਾ ਨਜ਼ਰ ਨਹੀਂ ਆਉਂਦਾ। ਸ੍ਰਿਸ਼ਟੀ ਨੇ ਮਨੁੱਖ ਨੂੰ ਜ਼ਿੰਦਗੀ ਹੰਢਾਉਣ ਲਈ ਬੇਸ਼ਕੀਮਤੀ ਨਿਆਮਤਾਂ ਨਾਲ ਨਿਵਾਜਿਆ-ਧਰਤ ਸੁਹਾਵੀ, ਨਿਰਮਲ ਨੀਰ, ਸਵੱਛ ਪੌਣ! ਉਸ ਨੇ ਸਭ ਪਲੀਤ ਕਰ ਛੱਡੇ। ਹਰੇ ਕਚੂਰ ਵਣ-ਤ੍ਰਿਣ ਨੂੰ ਕੰਕਰੀਟ ਦੇ ਜੰਗਲ ਵਿੱਚ ਬਦਲ ਕੇ ਆਪਣੀ ਹੀ ਸ਼ਾਹ-ਰਗ ’ਤੇ ਅੰਗੂਠਾ ਰੱਖ ਦਿੱਤਾ। ਜਿੱਥੇ ਹਵਾਵਾਂ ਗੀਤ ਗਾਉਂਦੀਆਂ ਸਨ, ਫ਼ਸਲਾਂ ਝੂਮਦੀਆਂ ਸਨ, ਪੰਛੀਆਂ ਦੇ ਤਰਾਨੇ ਸੁਣਨ ਨੂੰ ਮਿਲਦੇ ਸਨ, ਉਹ ਤਹਿਸ-ਨਹਿਸ ਕਰ ਦਿੱਤਾ। ਧਰਤੀ ਦੀ ਹਿੱਕ ਲੂਹੀ। ਰਸਾਇਣਾਂ ਨਾਲ ਉਸ ਦਾ ਹਿਰਦਾ ਅਪਵਿੱਤਰ ਹੀ ਨਹੀਂ ਕੀਤਾ, ਆਪਣਾ ਅੰਦਰ ਵੀ ਜ਼ਹਿਰ ਨਾਲ ਭਰ ਲਿਆ।
ਪਾਣੀਆਂ ਨੂੰ ਗੰਧਲਾ ਕਰ ਦਿੱਤਾ, ਉਸ ਦਾ ਰਸਤਾ ਰੋਕਿਆ। ਨਤੀਜਾ ਸੁਨਾਮੀਆਂ ਦੇ ਰੂਪ ਵਿੱਚ ਸਾਹਮਣੇ ਆ ਖਲੋਤਾ। ਸਮੇਂ ਸਮੇਂ ’ਤੇ ਜਦੋਂ ਕੁਦਰਤ ਕਹਿਰਵਾਨ ਹੁੰਦੀ ਐ ਤਾਂ ਕਿਤੇ ਢੋਈ ਨਹੀਂ ਮਿਲਦੀ। ਤਰੱਕੀਆਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਨੇ। ਅੰਬਰ ਮੂਹਰੇ ਧੂੰਏਂ ਦੀ ਚਾਦਰ ਤਾਣ ਦਿੱਤੀ। ਨਜ਼ਰ ਨੀਲੇ ਤੋਂ ਕਾਲਾ ਦੇਖਣ ਦੀ ਆਦੀ ਹੋ ਗਈ। ਕਾਰਪੋਰੇਟੀ ਲੁੱਟ ਨੇ ਜਲ, ਜੰਗਲ, ਜ਼ਮੀਨ ਕਿਸੇ ਦਾ ਲਿਹਾਜ਼ ਨਹੀਂ ਕੀਤਾ। ਹਜ਼ਾਰਾਂ ਪਰਿੰਦੇ ਕੂਕ ਰਹੇ ਹਨ। ਜੀਵ-ਜੰਤੂ ਬੁਲਡੋਜ਼ਰਾਂ ਸਾਹਮਣੇ ਸਹਿਮੇ ਖੜ੍ਹੇ ਹਨ। ਬਨਸਪਤੀ ਦੁਹਾਈ ਦੇ ਰਹੀ ਹੈ। ਮਨੁੱਖ ਦੇ ਅੰਦਰ ਹਲਚਲ ਨਹੀਂ, ਕੋਈ ਘਬਰਾਹਟ ਨਹੀਂ। ਆਪੇ ਨੂੰ ਸਮਝਣ ਦੀ ਸੋਚ ਤਾਕ ’ਤੇ ਰੱਖੀ ਹੋਈ ਹੈ।
ਧਰਤੀ ’ਤੇ ਆਦਮ ਤੇ ਹੱਵਾ ਦੀ ਆਮਦ ਹੋਈ। ਜੰਗਲ ਦੇ ਬਾਸ਼ਿੰਦੇ ਗੂੜ੍ਹੇ ਦੋਸਤ ਬਣੇ। ਜਿਉਂ ਜਿਉਂ ਮਨੁੱਖ ਦਾ ਵਿਵੇਕ ਵਿਕਸਿਤ ਹੁੰਦਾ ਗਿਆ, ਜੀਵ-ਜੰਤੂ, ਪੌਣ-ਪਾਣੀ ਉਸ ਤੋਂ ਦੂਰ ਹੁੰਦੇ ਗਏ। ਸੰਗੀਆਂ ਨੂੰ ਢਾਹ ਲਾਉਣੀ, ਉਨ੍ਹਾਂ ਨੂੰ ਕਾਬੂ ਹੇਠ ਕਰਨਾ ਹੀ ਇੱਕੋ ਇੱਕ ਉਦੇਸ਼ ਬਣ ਗਿਆ। ਜ਼ਮੀਨ ’ਤੇ ਲਕੀਰਾਂ ਖਿੱਚ ਦਿੱਤੀਆਂ, ਪਾਣੀ ਵੰਡ ਲਏ, ਅਸਮਾਨਾਂ ਦੀ ਤਕਸੀਮ ਕਰ ਲਈ। ਮਨੁੱਖ ਤਾਂ ਆਖ਼ਰ ਮਨੁੱਖ ਠਹਿਰਿਆ। ਪੱਥਰਾਂ ਨੂੰ ਰਗੜ ਕੇ ਅੱਗ ਜਲਾਉਣ ਦੀ ਸੂਝ ਕਾਹਦੀ ਆਈ, ਚੰਗਿਆੜੀਆਂ ਨਾਲ ਖੇਡਣ ਦੇ ਰਾਹ ਪੈ ਗਿਆ। ਚਿਣਗ ਨੇ ਦੁਨੀਆ ਦੇ ਅਮਨ-ਚੈਨ ਨੂੰ ਹੀ ਆਪਣੀ ਲਪੇਟ ਵਿੱਚ ਨਹੀਂ ਲਿਆ, ਸਗੋਂ ਮਨੁੱਖ ਦੇ ਅੰਦਰ ਵੀ ਭਾਂਬੜ ਬਣ ਕੇ ਮੱਚੀ। ਅੱਜ ਵਿਸ਼ਵ ਅੱਗ ਦੀਆਂ ਲਪਟਾਂ ਅਧੀਨ ਹੈ- ਗਾਜ਼ਾ ਪੱਟੀ ਹੋਵੇ ਜਾਂ ਯੂਕਰੇਨ! ਮਾਰੂ ਹਥਿਆਰਾਂ ਨੇ ਮਨੁੱਖਤਾ ਦਾ ਹੀ ਉਜਾੜਾ ਕਰ ਦਿੱਤਾ। ਇਨਸਾਨੀਅਤ ਦਾ ਘਾਣ ਹੋ ਰਿਹੈ, ਪਰ ਸ਼ੈਤਾਨੀ ਰੂਹਾਂ ਦੇ ਬੁੱਲ੍ਹਾਂ ’ਤੇ ਹਾਸੇ ਨੇ। ਅੰਦਰਲੇ ਨੇ ਲਾਹਨਤ ਹੀ ਨਹੀਂ ਪਾਈ, ਕਿਉਂਕਿ ਜੜ ਵਿਹੂਣ ਹੋ ਚੁੱਕੇ ਹਾਂ।
ਦੁਨੀਆ ਮਸਨੂਈ ਬੌਧਿਕਤਾ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਰੋਬੋਟ, ਮਨੁੱਖ ਤੋਂ ਉਸ ਦਾ ਪਛਾਣ ਪੱਤਰ ਮੰਗ ਰਹੇ ਨੇ, ਕਿਉਂਕਿ ਇਨਸਾਨ ਨੇ ‘ਰੱਬ’ ਵੀ ਆਪਣੇ ਸਿਰਜ ਲਏ ਹਨ। ਸਭ ਧਰਮਾਂ ਦਾ ਮੂਲ-ਇੱਕ ਜੋਤ-ਚੁਫ਼ੇਰੇ ਰੋਸ਼ਨੀ ਵੰਡਦੀ ਹੈ, ‘ਸਭੇ ਸਾਝੀਵਾਲ ਸਦਾਇਨ’ ਦਾ ਸੰਦੇਸ਼ ਦਿੰਦੀ ਹੈ। ਪਰ ਮਨੁੱਖ ਨੇ ਸਿਰਫ਼ ‘ਆਪਣੇ’ ਧਰਮ ਨੂੰ ਸੁਪਰੀਮ ਸਿੱਧ ਕਰਨ ਦੀ ਜ਼ਿੱਦ ਫੜੀ ਹੋਈ ਹੈ। ਧਾਰਮਿਕ ਭਾਵਨਾਵਾਂ ਦੀ ਆੜ ਹੇਠ ਜਿੰਨੇ ਕੁਕਰਮ ਉਹ ਕਰ ਰਿਹੈ, ਮਨੁੱਖਤਾ ਤਾਂ ਕਦੋਂ ਦੀ ਬਲੀ ਚੜ੍ਹ ਚੁੱਕੀ ਹੈ। ਨਾਸਤਿਕ ਦੇਸ਼, ਆਉਣ ਵਾਲੀ ਸਦੀ ਦੀਆਂ ਤਸਵੀਰਾਂ ਪੇਸ਼ ਕਰ ਰਹੇ ਹਨ ਅਤੇ ‘ਧਰਮੀ’ ਮੁਲਕ ਅਤੀਤ ਦੀਆਂ ਮਿੱਥਾਂ ਵਿੱਚ ਮਾਣ ਕਰਦੇ ਆਪਣੀਆਂ ਪਿੱਠਾਂ ਥਪਥਪਾ ਰਹੇ ਹਨ।
ਇਨਸਾਨ ਦੀ ਫ਼ਿਤਰਤ ਰਹੀ ਹੈ ਕਿ ਬੇਜ਼ੁਬਾਨਾਂ ਨੂੰ ਕਾਬੂ ਕਰਨ ਮਗਰੋਂ ਉਹ ਆਪਣੀ ਨਸਲ ਨੂੰ ਨੇਸਤੋ-ਨਬੂਦ ਕਰਨ ਦੇ ਰਾਹ ਚੱਲ ਪਿਆ। ਵਿਰੋਧੀ ਵਿਚਾਰਾਂ, ਵਿਰੋਧੀ ਧਰਮਾਂ ਅਤੇ ਅਸਹਿਮਤੀ ਵਾਲੀਆਂ ਆਵਾਜ਼ਾਂ ਨੂੰ ਕੁਚਲਣ ਤੋਂ ਅੱਗੇ ਵਧ ਉਹ ਆਪਣੇ ਕੁੜਮ-ਕਬੀਲੇ ਤੱਕ ਪਹੁੰਚ ਗਿਆ। ਰਿਸ਼ਤੇ ਤਿੜਕ ਰਹੇ ਨੇ। ਖ਼ੂਨ ਦਾ ਰੰਗ ਬਦਲ ਗਿਆ। ਇੱਕੋ ਪੇਟੋਂ ਜੰਮੇ ਸ਼ਰੀਕ ਬਣੇ ਬੈਠੇ ਨੇ। ‘ਮੈਂ’ ਦਾ ਅਸਰ ਪਰਿਵਾਰ ਦੇ ਧੁਰ ਅੰਦਰ ਤੱਕ ਘਰ ਕਰ ਗਿਐ। ਭੈਣ-ਭਰਾ ਅਦਾਲਤੀ ਵਿਹੜਿਆਂ ਵਿੱਚ ਲੀਕਾਂ ਖਿੱਚੀ ਖੜ੍ਹੇ ਹਨ। ਬਜ਼ੁਰਗ ਮਾਪੇ ਹੁਣ ਪੁਰਾਣੇ ਜ਼ਮਾਨੇ ਦੇ ਘਸੇ-ਪਿਟੇ ਵਰਕੇ ਹਨ, ਹਮ-ਉਮਰ ਚੌਧਰ ਨੂੰ ਵੰਗਾਰਦੇ ਜਾਪਦੇ ਹਨ, ਨਿੱਕਿਆਂ ਦੀ ਸਮਝ ਵਿੱਚ ਅਜੇ ਅੰਞਾਣਪੁਣਾ ਝਲਕਦਾ ਹੈ।
ਰਿਸ਼ਤਿਆਂ ਦੀਆਂ ਗੁੰਝਲਾਂ ਸੁਲਝਾਉਂਦੇ, ਤਾਣੀਆਂ ਹੋਰ ਉਲਝ ਗਈਆਂ ਹਨ। ਮਨ ਭੁਲਾਈ ਬੈਠਾ ਹੈ ਕਿ ਰੂਹਦਾਰਾਂ ਨਾਲ ਸ਼ਿਕਾਇਤਾਂ ਨਹੀਂ, ਸਾਂਝਾਂ ਹੁੰਦੀਆਂ ਨੇ। ਸੱਤ ਸਮੁੰਦਰੋਂ ਪਾਰ ਮੂਲੋਂ ਨਵੇਂ ਰਿਸ਼ਤਿਆਂ ਦਾ ਜਲੌਅ ਆਪਣੇ ਵੱਲ ਖਿੱਚਦਾ ਹੈ। ਪੁਰਾਣੇ ਗੁੰਮ ਹੁੰਦੇ ਜਾਂਦੇ ਹਨ, ਉਨ੍ਹਾਂ ਦੀ ਚਮਕ ਫਿੱਕੀ ਪੈਣ ਲੱਗਦੀ ਹੈ। ਪੈਂਡਿਆਂ ਦਾ ਕਦੇ ਅੰਤ ਨਹੀਂ ਹੁੰਦਾ। ਕਿੱਥੋਂ ਤੁਰੇ ਸੀ...? ਗੁਆਚ ਗਿਆ; ਕਿੱਥੇ ਪਹੁੰਚਣੈ? ਨਜ਼ਰੋਂ ਓਹਲੇ ਐ। ਰੋਸ਼ਨੀਆਂ ਦੀ ਚਕਾਚੌਂਧ ਵਿੱਚ ਵੀ ਅੰਧਕਾਰ ਹੀ ਅੰਧਕਾਰ ਹੈ। ਇਰਦ-ਗਿਰਦ ਹਜ਼ਾਰਾਂ ਰੂਹਾਂ ਉੱਪਰ ਨਜ਼ਰ ਘੁੰਮਦੀ ਹੈ, ਪਰ ਹੱਥ ਫੜਨ ਵਾਲੀ ਇੱਕ ਵੀ ਨਹੀਂ ਦਿਸਦੀ। ਸ਼ਾਇਰ ਡਾ. ਜਗਤਾਰ, ਬੰਦੇ ਦੀ ਇਸ ਭਟਕਣਾ ਦੀ ਹੋਣੀ ਬਿਆਨ ਕਰਦੈ;
ਜੜਾਂ ਨਾਲੋਂ ਜੁਦਾ ਹੋ ਕੇ/ਮੈਂ ਮੌਸਮ ਹੋ ਨਹੀਂ ਸਕਿਆ
‘ਸਿਧਾਰਥ’ ਤੱਕ ਰਿਹਾ ਸੀਮਤ/ਮੈਂ ਗੌਤਮ ਹੋ ਨਹੀਂ ਸਕਿਆ
ਸਿਆਣੇ ਕਹਿੰਦੇ ਨੇ ਮਨੁੱਖ ਆਪਣੇ ਦੁੱਖਾਂ ਕਾਰਨ ਓਨਾਂ ਦੁਖੀ ਨਹੀਂ, ਜਿੰਨਾ ਦੂਜਿਆਂ ਦੇ ਸੁੱਖ ਦੇਖ ਕੇ ਹੈ। ਗੁਆਂਢੀਆਂ ਨੇ ਵੱਡੀ ਕੋਠੀ ਬਣਾ ਲਈ, ਮਹਿੰਗੀ ਕਾਰ ਖ਼ਰੀਦ ਲਈ, ਬੱਚੇ ਬਾਹਰਲੇ ਮੁਲਕੀਂ ਭੇਜ ਦਿੱਤੇ, ਉਨ੍ਹਾਂ ਦੀ ਸਰਕਾਰੇ ਦਰਬਾਰੇ ਵੱਧ ਪਹੁੰਚ ਐ! ਅਮਰੀਕੀ ਲੇਖਕ ਅਰਨੈਸਟ ਹੈਮਿੰਗਵੇ ਲਿਖਦੈ: “ਸਭ ਤੋਂ ਦੁਖਦਾਈ ਪਹਿਲੂ ਕਿਸੇ ਨੂੰ ਜ਼ਿਆਦਾ ਮਹੱਤਵ ਦੇਣ ਸਮੇਂ ਤੁਹਾਡੇ ਆਪਣੇ ਆਪ ਨੂੰ ਖੋ ਦੇਣਾ ਹੁੰਦਾ। ਤੁਸੀਂ ਭੁੱਲ ਜਾਂਦੇ ਹੋ ਕਿ ਤੁਸੀਂ ਵੀ ‘ਖ਼ਾਸ’ ਹੋ।” ਮਨੁੱਖ ਨੂੰ ਦੂਜੇ ਦੀ ਹਰ ਚੀਜ਼ ਵਿੱਚ ਵੱਡਾਪਣ ਦਿਖਾਈ ਦਿੰਦਾ ਅਤੇ ਉਹ ਆਪੇ ਨੂੰ ਭੁੱਲ ਉਸ ਦੀ ਕਾਪੀ ਕਰਨੀ ਲੋਚਦਾ। ਇਨਸਾਨ ਕੋਲ ਬੇਥਵ੍ਹੇ ਵਿਚਾਰਾਂ ਦਾ ਜਮਾਵੜਾ ਹੈ। ਆਪਣੇ ਅੰਦਰ ਝਾਤ ਮਾਰਨ ਲਈ ਇਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਕੋਈ ਰਸਤਾ ਦਿਖਾਈ ਨਹੀਂ ਦਿੰਦਾ। ਜਿੰਨਾ ਚਿਰ ਇਹ ਮਨ ਵਿੱਚੋਂ ਮਨਫ਼ੀ ਨਹੀਂ ਹੁੰਦੇ, ਤਾਜ਼ੀ ਹਵਾ ਕਿੱਥੋਂ ਆਵੇਗੀ? ਜਪਾਨ ਵਿੱਚ ਬੁੱਧ-ਮੱਤ ਦੀ ਲਹਿਰ ‘ਜ਼ੇਨ’ ਦਾ ਪ੍ਰਵਾਹ ਲਗਾਤਾਰਤਾ ਵਿੱਚ ਹੈ। ਉਸ ਅਨੁਸਾਰ ‘ਸੱਚ’ ਨੂੰ ਵੇਖਣ ਲਈ ਬੋਝਲ ਵਿਚਾਰਾਂ ਤੋਂ ਮੁਕਤੀ ਜ਼ਰੂਰੀ ਹੈ, ਪਰ ਇਨਸਾਨ ਤਾਂ ਆਪਣੇ ਅਕੀਦੇ ਵਿੱਚ ਬੱਝਾ ਹੋਇਆ ਵੀ ਇਨ੍ਹਾਂ ਧਾਰਨਾਵਾਂ ਤੋਂ ਖ਼ਲਾਸੀ ਨਹੀਂ ਪਾ ਰਿਹਾ।
ਮਨੁੱਖ ਨੂੰ ਆਪਣੇ ਅੰਦਰ ਦੀ ਖੋਜ ਕਰਨ ਲਈ ਜ਼ਰੂਰੀ ਹੈ ਕਿ ਤਬਾਹਕੁੰਨ ਲੜਾਈਆਂ, ਝਗੜਿਆਂ ਝੇੜਿਆਂ, ਧਾਰਮਿਕ ਬਖੇੜਿਆਂ ਅਤੇ ਕੁਦਰਤ ਦੇ ਉਜਾੜਿਆਂ ਤੋਂ ਨਿਰਲੇਪ ਰਹੇ। ਸਿਆਣਿਆਂ ਦਾ ਮੱਤ ਹੈ ਕਿ ਜੂਠੇ ਭਾਂਡੇ ਨੂੰ ਬਾਹਰੋਂ ਘੱਟ ਅਤੇ ਅੰਦਰੋਂ ਵੱਧ ਮਾਂਜਣਾ ਪੈਂਦਾ। ਮਹਾਤਮਾ ਬੁੱਧ ਦਾ ਕਥਨ ਹੈ: “ਹਊਮੈਂ ਦੀ ਲੜਾਈ ਵਿੱਚ ਜਿੱਤ ਹਮੇਸ਼ਾਂ ਹਾਰਨ ਵਾਲੇ ਦੀ ਹੁੰਦੀ ਹੈ।”
ਸਮਾਂ ਬਹੁਤ ਤੇਜ਼ੀ ਨਾਲ ਗੁਜ਼ਰ ਰਿਹਾ ਹੈ। ਜਦੋਂ ਸਮਝ ਆਉਣ ਲੱਗਦੀ ਹੈ ਤਾਂ ਵਿੱਛੜਣ ਦਾ ਵੇਲਾ ਹੋ ਜਾਂਦੈ। ਇਉਂ ਲੱਗਦਾ, ਜਿਹੜੀਆਂ ਨਿਗੂਣੀਆਂ ਚੀਜ਼ਾਂ ਦੇ ਪਿੱਛੇ ਭੱਜਦਿਆਂ ਜ਼ਿੰਦਗੀ ਦਾ ਮਜ਼ਾ ਲੈਣੋਂ ਉੱਕ ਗਏ, ਉਨ੍ਹਾਂ ਦੀ ਕੋਈ ਔਕਾਤ ਹੀ ਨਹੀਂ ਸੀ। ਦੂਸਰਿਆਂ ਵਿੱਚ ਨੁਕਸ ਕੱਢਦੇ ਉਮਰ ਗੁਜ਼ਾਰ ਲਈ। ਆਪਣੇ ਅੰਦਰ ਝਾਤੀ ਮਾਰੀ ਹੁੰਦੀ ਤਾਂ ਫ਼ਰਿਸ਼ਤੇ ਬਣ ਗਏ ਹੁੰਦੇ।
ਜ਼ਿੰਦਗੀ ਆਸ਼ਾਵਾਦੀ ਬਣਾਉਣ ਦੀ ਜਾਚ, ਮਨੁੱਖ ਨੂੰ ਆਪਣੇ ਅੰਦਰ ਨਾਲ ਜੋੜਨ ਵਿੱਚ ਸਹਾਈ ਹੋਵੇਗੀ। ਕਹਿੰਦੇ ਨੇ ਜਦੋਂ ਬਰਸਾਤ ਹੋਵੇ ਤਾਂ ਸਤਰੰਗੀ ਪੀਂਘ ਵੱਲ ਤੱਕਿਆ ਕਰੋ। ਹਨੇਰਾ ਹੋਵੇ ਤਾਂ ਤਾਰਿਆਂ ਦੀ ਹੋਂਦ ਦਾ ਅਹਿਸਾਸ ਕਰਨਾ ਚਾਹੀਦਾ ਹੈ। ਮਾੜਾ ਬੋਲਣ ਵਾਲੇ ਲਈ ਦੁਆ ਕਰੋ ਕਿ ਰਹਿਬਰ ਉਸ ਨੂੰ ਲੋਕਾਂ ਦੀਆਂ ਲਾਹਨਤਾਂ ਤੋਂ ਬਚਣ ਦੀ ਸੁਮੱਤ ਬਖ਼ਸ਼ੇ। ਰਿਸ਼ਤਿਆਂ ਦੀ ਪਾਕੀਜ਼ਗੀ ਪ੍ਰਤੀ ਆਸਵੰਦ ਰਹੋ। ਕੋਈ ਤੁਹਾਨੂੰ ‘ਆਪਣਾ’ ਸਮਝ ਮਨ ਹੌਲਾ ਕਰਨਾ ਚਾਹੁੰਦਾ ਹੈ ਤਾਂ ਸੁਣ ਲਵੋ। ਸਕੂਨ ਦੋਵਾਂ ਨੂੰ ਮਿਲੇਗਾ।
ਘੁੰਮਣ-ਘੇਰੀਆਂ ਵਿੱਚੋਂ ਨਿਕਲ ਜਦੋਂ ਮੈਂ ਵਿੱਚੋਂ ‘ਮੈਂ’ ਮੁੱਕ ਗਈ ਤਾਂ ਵਜੂਦ ਚੌਵੀ ਕੈਰੇਟ ਸ਼ੁੱਧ ਹੋ ਜਾਂਦੈ। ਇਲਾਹੀ ਬਾਣੀ ਦਾ ਸੰਗੀਤ ਕੰਨੀਂ ਪੈਂਦੈ। ਪੌਣਾਂ ਗੀਤ ਗਾਉਂਦੀਆਂ ਜਾਪਦੀਆਂ ਨੇ। ਜਲ, ਸ਼ਰਬਤ ਜਿਹੀ ਮਿਠਾਸ ਨਾਲ ਤਾਜ਼ਗੀ ਬਖ਼ਸ਼ਦੈ। ਫਿਰ ਪੈਰ ਘੁੰਗਰੂ ਬੰਨ੍ਹ ਨੱਚਦੇ ਨੇ...ਸਾਈਂ ਦੇ ਇਸ਼ਕ ਵਿੱਚ ‘ਥਈਆ ਥਈਆ’ ਦੀ ਆਵਾਜ਼ ਆਉਂਦੀ ਐ।...ਆਖ਼ਰਕਾਰ ‘ਬੁੱਲ੍ਹੇ’ ਦੀ ਹਸਤੀ ਮਿਟ ਜਾਂਦੀ ਐ ਅਤੇ ‘ਭੁੱਲ੍ਹਾ’ ਸਾਹਮਣੇ ਆ ਖਲੋਂਦਾ!
ਸੰਪਰਕ: 89684-33500

Advertisement

Advertisement
Advertisement
Advertisement
Author Image

Balwinder Kaur

View all posts

Advertisement