For the best experience, open
https://m.punjabitribuneonline.com
on your mobile browser.
Advertisement

ਕੀ ਅਸੀਂ ਸੱਚਮੁੱਚ ਸ਼ਹੀਦਾਂ ਦੇ ਵਾਰਸ ਬਣੇ?

04:05 AM Mar 23, 2025 IST
ਕੀ ਅਸੀਂ ਸੱਚਮੁੱਚ ਸ਼ਹੀਦਾਂ ਦੇ ਵਾਰਸ ਬਣੇ
Advertisement

ਇੰਦਰਜੀਤ ਸਿੰਘ ਕੰਗ

Advertisement

ਭਾਰਤ ਦੀ ਜੰਗ-ਏ-ਆਜ਼ਾਦੀ ਵਿੱਚ ਹਜ਼ਾਰਾਂ ਸੂਰਬੀਰ ਦੇਸ਼ਭਗਤਾਂ ਨੇ ਆਪਣੀ ਜਾਨ ਵਾਰ ਕੇ ਦੇਸ਼ ਨੂੰ ਆਜ਼ਾਦੀ ਹਾਸਲ ਕਰਕੇ ਦਿੱਤੀ। ਆਜ਼ਾਦੀ ਦੀ ਜੰਗ ਲੜੇ ਦੇਸ਼ਭਗਤਾਂ ਨੇ ਇੱਕ ਸੁਪਨਾ ਸੰਜੋਇਆ ਸੀ ਕਿ ਸੋਨੇ ਦੀ ਚਿੜੀ ਵਜੋਂ ਜਾਣਿਆ ਜਾਂਦਾ ਸਾਡਾ ਦੇਸ਼ ਆਜ਼ਾਦ ਹੋਣ ਪਿੱਛੋਂ, ਮੁੜ ਆਪਣੀ ਪਛਾਣ ਬਣਾ ਕੇ ਦੁਨੀਆ ਦੀਆਂ ਪਹਿਲੀਆਂ ਸਫਾਂ ਵਾਲਾ ਦੇਸ਼ ਬਣ ਜਾਵੇਗਾ। ਦੇਸ਼ ਨੂੰ ਆਜ਼ਾਦ ਕਰਾਉਣ ਲਈ ਪੂਰੇ ਹਿੰਦੋਸਤਾਨ ਦੇ ਆਜ਼ਾਦੀ ਘੁਲਾਟੀਆਂ ਨੇ ਆਪੋ ਆਪਣਾ ਬਣਦਾ ਯੋਗਦਾਨ ਪਾਇਆ। ਪੰਜਾਬੀ ਅਣਖ, ਦਲੇਰੀ ਤੇ ਸੂਰਬੀਰਤਾ ਨਾਲ ਭਰੀ ਹੋਈ ਕੌਮ ਹੈ। ਪੰਜਾਬੀਆਂ ਨੇ ਆਜ਼ਾਦੀ ਦੀ ਲੜਾਈ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ। ਅੱਜ ਅਸੀਂ ਦੇਸ਼ਭਗਤਾਂ ਦੀਆਂ ਮਹਾਨ ਕੁਰਬਾਨੀਆਂ ਸਦਕਾ ਹੀ ਆਜ਼ਾਦ ਭਾਰਤ ਦੇ ਵਾਸੀ ਕਹਾਉਣ ਦੇ ਕਾਬਲ ਬਣੇ ਹਾਂ। ਆਜ਼ਾਦੀ ਦੇ 77 ਸਾਲ ਬੀਤਣ ਤੋਂ ਬਾਅਦ ਵੀ ਅਸੀਂ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਦਾ ਰੱਤੀ ਭਰ ਮੁੱਲ ਨਹੀਂ ਪਾ ਸਕੇ। ਕਿਸੇ ਵੀ ਦੇਸ਼ ਭਗਤ ਦੁਆਰਾ ਦੇਸ਼ ਲਈ ਕੀਤੀ ਕੁਰਬਾਨੀ ਛੋਟੀ ਜਾਂ ਵੱਡੀ ਨਹੀਂ ਹੁੰਦੀ। ਦੇਸ਼ ਦੀ ਆਜ਼ਾਦੀ ਦਾ ਨਿੱਘ ਮਾਣਦਿਆਂ ਸਾਡਾ ਸਭ ਦਾ ਦੇਸ਼ ਲਈ ਸ਼ਹੀਦ ਹੋਏ ਸਾਰੇ ਸ਼ਹੀਦਾਂ ਦੇ ਸਨਮਾਨ ਵਿੱਚ ਸ਼ਰਧਾ ਨਾਲ ਸਿਰ ਝੁਕਣਾ ਚਾਹੀਦਾ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਅੱਜ ਅਸੀਂ ਬਹੁਤੇ ਸ਼ਹੀਦਾਂ ਨੂੰ ਮਨੋਂ ਹੀ ਵਿਸਾਰ ਦਿੱਤਾ ਹੈ। ਜੇਕਰ ਕੁਝ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਉਹ ਵੀ ਸਿਰਫ਼ ਖਾਨਾਪੂਰਤੀ ਜਾਂ ਸਿਆਸੀ ਲਾਹਾ ਖੱਟਣ ਲਈ। ਦੇਸ਼ ਲਈ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸ਼ਹੀਦ ਸਿਰਫ਼ ਫੁੱਲਾਂ ਦੇ ਹਾਰਾਂ ਜੋਗੇ ਹੀ ਰਹਿ ਗਏ ਹਨ। ਪੰਜਾਬੀ ਨੌਜਵਾਨ ਸ਼ਹੀਦ ਭਗਤ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਜਿਸ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਨਵੀਂ ਰੂਹ ਫੂਕ ਕੇ ਲੋਕਾਂ ਅੰਦਰ ਜੋਸ਼ ਤੇ ਜਜ਼ਬਾ ਭਰਿਆ ਅਤੇ ਅੰਗਰੇਜ਼ੀ ਸਾਮਰਾਜ ਨੂੰ ਸੱਟ ਮਾਰੀ।
ਪੰਜਾਬ ਵਿੱਚ ਜੇਕਰ ਕਿਸੇ ਸ਼ਹੀਦ ’ਤੇ ਸਭ ਤੋਂ ਵੱਧ ਸਿਆਸਤ ਹੋਈ ਹੈ, ਉਹ ਹੈ ਭਗਤ ਸਿੰਘ। ਜੇਕਰ ਅੱਜ ਭਗਤ ਸਿੰਘ ਮੁੜ ਜਨਮ ਲੈ ਲਵੇ ਤਾਂ ਉਹ ਆਪਣੇ ਦੇਸ਼ ਦੀ ਅਤਿ ਮਾੜੀ ਹਾਲਤ ਦੇਖ ਕੇ ਬੇਹੱਦ ਸ਼ਰਮਿੰਦਗੀ ਮਹਿਸੂਸ ਤਾਂ ਕਰੇਗਾ ਹੀ ਸਗੋਂ ਸ਼ਾਇਦ ਇਹ ਵੀ ਸੋਚੇਗਾ ਕਿ ਕੀ ਇਹ ਉਹੀ ਦੇਸ਼ ਹੈ ਜਿਸ ਲਈ ਉਸ ਨੇ ਅਤੇ ਹੋਰ ਹਜ਼ਾਰਾਂ ਸ਼ਹੀਦਾਂ ਨੇ ਤਸੀਹੇ ਝੱਲਦਿਆਂ ਵੀ ਮੌਤ ਨੂੰ ਹੱਸ-ਹੱਸ ਗਲ ਲਗਾਇਆ ਸੀ; ਉਨ੍ਹਾਂ ਦੀ ਸੋਚ ਵਾਲਾ ਆਜ਼ਾਦ ਭਾਰਤ ਤਾਂ ਕਿਤੇ ਦਿਸਦਾ ਹੀ ਨਹੀਂ। ਜਿਨ੍ਹਾਂ ਦੇਸ਼ਭਗਤਾਂ ਨੇ ‘ਸੋਨੇ ਦੀ ਚਿੜੀ’ ਆਖੇ ਜਾਂਦੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ, ਉਸ ਦੇ ਆਪਣੇ ਜਾਏ ਹੀ ਸੋਨੇ ਦੀ ਚਿੜੀ ਦੇ ਖੰਭ ਨੋਚ ਨੋਚ ਕੇ ਖਾ ਰਹੇ ਹਨ। ਹੁਣ ਤਾਂ ਚਿੜੀ ਦਾ ਪਿੰਜਰ ਹੀ ਬਾਕੀ ਰਹਿ ਗਿਆ ਜਾਪਦਾ ਹੈ। ਜੇਕਰ ਇਸੇ ਤਰ੍ਹਾਂ ਦੇ ਹਾਲਾਤ ਰਹੇ ਤਾਂ ਸਾਡੇ ਆਪਣੇ ਲੋਕ ਹੀ ਪਿੰਜਰ ਵੀ ਖਾ ਜਾਣ ਵਿੱਚ ਸਮਾਂ ਨਹੀਂ ਲਾਉਣਗੇ।
ਜੇਕਰ ਸਭ ਤੋਂ ਪਹਿਲਾਂ ਸਿਆਸੀ ਨੇਤਾਵਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਇਹ ਪੁੱਛਣਾ ਬਣਦਾ ਹੈ ਕਿ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੀ ਸੋਚ ਵਾਲਾ ਭਾਰਤ ਸਿਰਜਣ ਵਿੱਚ ਕੀ ਯੋਗਦਾਨ ਪਾਇਆ? ਉਸ ਮਹਾਨ ਸ਼ਹੀਦ ਦੀ ਸੋਚ ਤਾਂ ਸਮਾਜਵਾਦੀ ਸੀ, ਜਿਸ ਦਾ ਮਕਸਦ ਸੀ ਕਿ ਸਾਰੇ ਬਰਾਬਰ ਹੋਣਗੇ, ਪਰ ਅੱਜ ਦੇ ਸਾਡੇ ਨੇਤਾ ਖ਼ੁਦ ਸਾਮਰਾਜੀਆਂ ਵਾਂਗ ਵਿਹਾਰ ਕਰਦਿਆਂ ਆਪਣੇ ਹੀ ਦੇਸ਼ ਨੂੰ ਲੁੱਟ ਰਹੇ ਹਨ। ਉਨ੍ਹਾਂ ਦੀ ਸੋਚ ਸਿਰਫ਼ ਆਪਣੇ ਹਿੱਤ ਪਾਲਣ ਤੱਕ ਹੀ ਸੀਮਤ ਹੋ ਗਈ ਹੈ। ਜੇਕਰ ਕੁਝ ਆਗੂ ਭਗਤ ਸਿੰਘ ਦੀ ਸੋਚ ’ਤੇ ਚੱਲਣ ਦਾ ਦਿਖਾਵਾ ਕਰਦੇ ਹਨ ਤਾਂ ਉਨ੍ਹਾਂ ਆਗੂਆਂ ਨੂੰ ਸਾਰਾ ਸਾਲ ਸ਼ਹੀਦ ਭਗਤ ਸਿੰਘ ਜਾਂ ਉਸ ਦੀ ਸੋਚ ਯਾਦ ਕਿਉਂ ਨਹੀਂ ਆਉਂਦੀ? ਉਨ੍ਹਾਂ ਨੂੰ ਵੀ ਬਾਕੀ ਸਿਆਸੀ ਆਗੂਆਂ ਵਾਂਗ ਸ਼ਹੀਦ ਭਗਤ ਸਿੰਘ 23 ਮਾਰਚ ਨੂੰ ਹੀ ਕਿਉਂ ਯਾਦ ਆਉਂਦਾ ਹੈ? ਸ਼ਹੀਦ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਅਸੈਂਬਲੀ ਵਿੱਚ ਬੰਬ ਇਸ ਲਈ ਸੁੱਟਿਆ ਸੀ ਕਿ ਉਹ ਬੋਲੇ ਤੇ ਗੂੰਗੇ ਹੋ ਚੁੱਕੇ ਅੰਗਰੇਜ਼ੀ ਸਾਮਰਾਜ ਨੂੰ ਹਲੂਣਾ ਦੇ ਸਕਣ, ਜੋ ਉਨ੍ਹਾਂ ਨੇ ਦਿੱਤਾ ਵੀ। ਪਰ ਸਾਡੇ ਆਜ਼ਾਦ ਮੁਲਕ ਵਿੱਚ ਹੁਕਮਰਾਨ ਸੰਸਦ ਜਾਂ ਵਿਧਾਨ ਸਭਾਵਾਂ ਵਿੱਚ ਇੱਕ ਦੂਜੇ ’ਤੇ ਹੀ ਕੁਰਸੀਆਂ ਸੁੱਟਦੇ, ਰੌਲਾ ਪਾਉਂਦੇ, ਭਾਸ਼ਣ ਦੇਣ ਲਈ ਲੱਗੇ ਮਾਈਕ ਪੁੱਟਦੇ, ਹੋਰ ਪਤਾ ਨਹੀਂ ਕੀ ਕੀ ਫਿਲਮੀ ਸਟੰਟ ਕਰਦੇ ਬਹੁਤ ਵਾਰ ਦੇਖੇ ਗਏ ਹਨ। ਸਭ ਤੋਂ ਵੱਧ ਬੇਸ਼ਰਮੀ ਵਾਲੀ ਗੱਲ ਤਾਂ ਇਹ ਹੈ ਕਿ ਕਈ ਕੈਬਨਿਟ ਪੱਧਰ ਦੇ ਨੇਤਾ ਸਿੱਧੀਆਂ ਹੀ ਨਾ ਸੁਣਨਯੋਗ ਗਾਲ੍ਹਾਂ ਸ਼ਰੇਆਮ ਕੱਢਦੇ ਹਨ।
ਜੇਕਰ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਹੁਕਮਰਾਨਾਂ ਤੋਂ ਪਿੱਛੇ ਨਹੀਂ ਹਨ। ਸਭ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਦੀ ਗੱਲ ਕੀਤੀ ਜਾਵੇ, ਉਨ੍ਹਾਂ ਨੂੰ ਬਹੁਤਿਆਂ ਨੂੰ 23 ਮਾਰਚ ਦੀ ਤਾਰੀਕ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਕਰਕੇ ਯਾਦ ਨਹੀਂ ਰਹਿੰਦੀ ਸਗੋਂ ਉਸ ਦਿਨ ਸਰਕਾਰੀ ਛੁੱਟੀ ਦੀ ਉਡੀਕ ਹੁੰਦੀ ਹੈ। ਦੂਜਾ ਕਈ ਸਿਆਸੀ ਚਸਕਾ ਰੱਖਣ ਵਾਲੇ ਜਾਂ ਲੀਡਰਾਂ ਦੀ ਮੂਹਰਲੀ ਕਤਾਰ ਵਿੱਚ ਅਖਵਾਉਣ ਵਾਲੇ ਆਮ ਲੋਕਾਂ ਵਿੱਚ ਆਪਣੀ ਪਛਾਣ ਦਰਸਾਉਣ ਲਈ ਆਪਣੇ ਨਾਲ ਨਵੇਂ ਮੁੰਡਿਆਂ ਨੂੰ ਜੋੜ, ਉਨ੍ਹਾਂ ਦੇ ਸਿਰਾਂ ’ਤੇ ਬਸੰਤੀ ਰੰਗੀ ਲੜ ਛੱਡਵੀਂ ਪੱਗ ਬੰਨ੍ਹਾ ਕੇ ਸਾਈਕਲਾਂ, ਸਕੂਟਰਾਂ ਜਾਂ ਮੋਟਰਸਾਈਕਲਾਂ ਆਦਿ ਦੀਆਂ ਰੈਲੀਆਂ ਦਾ ਆਯੋਜਨ ਕਰਦੇ ਹਨ। ਇਹ ਮੁੰਡੇ ਸਕੂਟਰ, ਮੋਟਰਸਾਈਕਲਾਂ ’ਤੇ ਤਿੰਨ-ਤਿੰਨ, ਚਾਰ-ਚਾਰ ਜਣੇ ਇਕੱਠੇ ਬੈਠ ਕੇ ਉੱਚੀ ਉੱਚੀ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਮਾਰਦੇ ਬਾਜ਼ਾਰਾਂ ਵਿੱਚ ਗੇੜੇ ਕੱਢਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਇਹ ਪਤਾ ਨਹੀਂ ਹੁੰਦਾ ਕਿ ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਹੈ ਜਾਂ ਸ਼ਹੀਦੀ ਦਿਹਾੜਾ, ‘ਇਨਕਲਾਬ ਜ਼ਿੰਦਾਬਾਦ’ ਨਾਅਰੇ ਦਾ ਮਤਲਬ ਤਾਂ ਬਹੁਤ ਦੂਰ ਦੀ ਗੱਲ ਹੈ। ਜੇਕਰ ਗੱਲ ਗਾਇਕਾਂ ਦੀ ਕੀਤੀ ਜਾਵੇ ਤਾਂ ਉਹ ਵੀ ਸ਼ਹੀਦ ਭਗਤ ਸਿੰਘ ਦਾ ਨਾਂ ਵਰਤ ਕੇ ਸ਼ਹੀਦਾਂ ਅਤੇ ਪੰਜਾਬੀ ਸੱਭਿਆਚਾਰ ਦੀ ਖਿੱਲੀ ਉਡਾ ਚੁੱਕੇ ਹਨ। ਦੇਸ਼ ਲਈ ਸ਼ਹੀਦ ਹੋਏ ਦੇਸ਼ਭਗਤਾਂ ਦੇ ਨਾਵਾਂ ’ਤੇ ਕਈ ਫੀਚਰ ਫਿਲਮਾਂ ਵੀ ਬਣ ਚੁੱਕੀਆਂ ਹਨ, ਜੋ ਇੱਕ ਚੰਗਾ ਕਦਮ ਹੈ। ਘੱਟੋ ਘੱਟ ਸਾਡੀ ਨਵੀਂ ਪੀੜ੍ਹੀ ਕੁਝ ਤਾਂ ਸੋਚੇਗੀ, ਪਰ ਅਸੀਂ ਫਿਲਮਾਂ ਨੂੰ ਸਿਰਫ਼ ਮਨੋਰੰਜਨ ਲਈ ਹੀ ਦੇਖਦੇ ਹਾਂ। ਸਿਨੇਮਾ ਅੰਦਰ ਦੇਖੇ ਨੂੰ ਉੱਥੇ ਹੀ ਛੱਡ ਆਉਂਦੇ ਹਾਂ। ਚੰਗੀਆਂ ਫਿਲਮਾਂ ਤੋਂ ਸਿੱਖਿਆ ਬਹੁਤ ਘੱਟ ਪ੍ਰਾਪਤ ਕਰਦੇ ਹਾਂ।
ਸ਼ਹੀਦ ਭਗਤ ਸਿੰਘ ਨੇ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਅੰਗਰੇਜ਼ੀ ਸਾਮਰਾਜ ਵਿਰੁੱਧ ਇਨਕਲਾਬ ਲਿਆਉਣ ਲਈ ਦਿੱਤਾ ਸੀ, ਪਰ ਅੱਜ ਇਹ ਗੱਲ ਸਮਝ ਨਹੀਂ ਆਉਂਦੀ ਕਿ ਸਾਡੇ ਸਿਆਸੀ ਲੋਕ ਹੁਣ ਕਿਹੜਾ ਇਨਕਲਾਬ ਲਿਆਉਣਾ ਚਾਹੁੰਦੇ ਹਨ? ਇਹ ਲੋਕ ਕਦੇ ਉਸ ਸ਼ਹੀਦ ਦੀ ਸੋਚ ਅਪਣਾਉਣ ਦੀ ਗੱਲ ਨਹੀਂ ਕਰਦੇ ਤੇ ਨਾ ਹੀ ਆਪ ਉਸ ’ਤੇ ਅਮਲ ਕਰਦੇ ਹਨ।
ਸ਼ਹੀਦ ਭਗਤ ਸਿੰਘ ਦੇ ਪੂਰੇ ਜੀਵਨ ਬਾਰੇ ਘੋਖਿਆ ਜਾਵੇ ਤਾਂ ਉਸ ਨੇ ਆਪਣੇ ਲਈ ਕੁਝ ਨਹੀਂ ਸੀ ਮੰਗਿਆ ਸਗੋਂ ਦੇਸ਼ ਲਈ ਮੰਗਿਆ। ਉਸ ਨੇ ਆਪਣੇ ਲਈ ਤਾਂ ਲਾੜੀ ਮੌਤ ਮੰਗੀ ਸੀ। ਸਾਨੂੰ ਵੀ ਸੋਚਣਾ ਚਾਹੀਦਾ ਹੈ ਕਿ ਅਸੀਂ ਉਸ ਮਹਾਨ ਸ਼ਹੀਦ ਦੀ ਸ਼ਹੀਦੀ ਦਾ ਮਖੌਲ ਨਾ ਉਡਾਈਏ ਸਗੋਂ ਉਸ ਦੀ ਸੋਚ ਨੂੰ ਅਪਣਾ ਕੇ ਉਸ ਦੀ ਦਿੱਤੀ ਸ਼ਹੀਦੀ ਦਾ ਮੁੱਲ ਪਾਈਏ। ਜੇਕਰ ਅਸੀਂ ਉਸ ਸ਼ਹੀਦ ਦੁਆਰਾ ਦਿਖਾਏ ਰਸਤੇ ਉੱਤੇ ਪੂਰੀ ਤਰ੍ਹਾਂ ਨਹੀਂ ਚੱਲ ਸਕਦੇ, ਘੱਟੋ ਘੱਟ ਕੁਝ ਕਦਮ ਤਾਂ ਚੱਲੀਏ। ਅੱਜਕੱਲ੍ਹ ਸ਼ਹੀਦਾਂ ਦੇ ਨਾਵਾਂ ਨੂੰ ਵਰਤ ਕੇ ਖੇਡੀ ਜਾਂਦੀ ਖੇਡ ਬੰਦ ਕੀਤੀ ਜਾਵੇ। ਉਸ ਮਹਾਨ ਸ਼ਹੀਦ ਨੂੰ ਅੱਜ ਸੱਚੀ ਸ਼ਰਧਾਂਜਲੀ ਤਾਂ ਹੀ ਦਿੱਤੀ ਜਾ ਸਕਦੀ ਹੈ, ਜੇਕਰ ਅਸੀਂ ਉਸ ਦੁਆਰਾ ਦੱਸੇ ਰਸਤੇ ’ਤੇ ਤੁਰਨ ਦਾ ਪ੍ਰਣ ਕਰਦਿਆਂ, ਉਸ ਦੇ ਦੇਖੇ ਸਮਾਜਵਾਦ ਦੇ ਸੁਪਨੇ ਨੂੰ ਸੱਚ ਕਰਨ ਦਾ ਯਤਨ ਕਰੀਏ। ਜੇਕਰ ਅਸੀਂ ਅੱਜ ਦੇ ਦਿਨ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਲਾ ਕੇ ਸ਼ਰਧਾਂਜਲੀ ਦੇਣ ਦਾ ਵਿਖਾਵਾ ਕਰਨਾ ਹੈ ਤਾਂ ਉਸ ਦੀ ਕੋਈ ਲੋੜ ਨਹੀਂ ਹੈ।
ਆਓ, ਉਨ੍ਹਾਂ ਸ਼ਹੀਦਾਂ ਦੇ ਵਾਰਸ ਬਣਨ ਦੀ ਕੋਸ਼ਿਸ਼ ਕਰੀਏ, ਜਿਨ੍ਹਾਂ ਨੇ ਆਪਣੀ ਜਿੰਦ ਵਾਰ ਕੇ ਸਾਨੂੰ ਆਜ਼ਾਦ ਦੇਸ਼ ਅੰਦਰ ਆਜ਼ਾਦੀ ਨਾਲ ਸਾਹ ਲੈਣ ਦਾ ਮਾਣ ਬਖ਼ਸ਼ਿਆ।
ਸੰਪਰਕ: 98558-82722

Advertisement
Advertisement

Advertisement
Author Image

Ravneet Kaur

View all posts

Advertisement