For the best experience, open
https://m.punjabitribuneonline.com
on your mobile browser.
Advertisement

ਕਿੱਥੇ ਜਾਵੇ ਗੁਲਾਮ ਰਸੂਲ ?

04:06 AM May 18, 2025 IST
ਕਿੱਥੇ ਜਾਵੇ ਗੁਲਾਮ ਰਸੂਲ
Advertisement

ਡਾ. ਚੰਦਰ ਤ੍ਰਿਖਾ

Advertisement

ਗੁਲਾਮ ਰਸੂਲ ਲਾਹੌਰ ਦੇ ਇੱਕ ਛੋਟੇ ਜਿਹੇ ਰੈਸਤਰਾਂ ’ਚ ਨੁੱਕਰੇ ਬੈਠਾ ਮਿਲਿਆ ਸੀ। ਲਾਹੌਰ ਦੀ ਇਹ ਮੇਰੀ ਦੂਜੀ ਫੇਰੀ ਸੀ। ਪਹਿਲੀ ਫੇਰੀ ਦੌਰਾਨ ਹੀ ਉਸ ਨਾਲ ਮੁਲਾਕਾਤ ਹੋ ਗਈ ਸੀ। ਉਦੋਂ ਮੈਂ ਉਸ ਨੂੰ ਬੇਨਤੀ ਕੀਤੀ ਸੀ ਕਿ ਉਹ ਮੈਨੂੰ ਪਾਕਪਟਨ ਦੇ ਉਸ ਮਕਾਨ ਦੀ ਫੋਟੋ ਮੁੁਹੱਈਆ ਕਰਾਵੇ ਜਿੱਥੇ ਮੇਰਾ ਜਨਮ ਹੋਇਆ ਸੀ। ਉਹ ਮੈਨੂੰ ਭਾਈਜਾਨ ਕਹਿੰਦਾ ਸੀ। ਉਸ ਦੇ ਅੱਬਾ ਪਾਕਪਟਨ ਦੇ ਸਨ, ਸ਼ਾਇਦ ਇਸ ਕਰਕੇ ਜਾਂ ਮੇਰੀ ਉਮਰ ਦੇ ਲਿਹਾਜ਼ ਵਜੋਂ। ਪਹਿਲੀ ਮੁਲਾਕਾਤ ਵਿੱਚ ਹੀ ਉਸ ਨੇ ਪੁੱਛਿਆ ਸੀ, ‘‘ਤੁੁਸੀਂ ਅਖ਼ਬਾਰਾਂ ਵਿੱਚ ਲਿਖਦੇ ਹੋ, ਤੁੁਸੀਂ ਉਨ੍ਹਾਂ ਔਰਤਾਂ ਬਾਰੇ ਕਿਉਂ ਨਹੀਂ ਲਿਖਦੇ ਜੋ ਵੰਡ ਵੇਲੇ ਵਹਿਸ਼ਤ ਦਾ ਸ਼ਿਕਾਰ ਹੋਈਆਂ ਸਨ। ਤੁੁਸੀਂ ਲੋਕਾਂ ਨੇ ਇਹ ਸਾਰਾ ਕੰਮ ਸਾਡੇ ਮੰਟੋ ’ਤੇ ਹੀ ਛੱਡ ਦਿੱਤਾ ਸੀ। ਪਰ ਮੰਟੋ ਅਦੀਬ ਸੀ, ਅਖ਼ਬਾਰ ਨਵੀਸ ਨਹੀਂ। ਤਵਾਰੀਖ਼ ਦੇ ਸਿਆਹ ਹਾਸ਼ੀਏ ਵਾਲੇ ਉਨ੍ਹਾਂ ਪੰਨਿਆਂ ਨੂੰ ਵੀ ਤਰਤੀਬ ਮਿਲਣੀ ਚਾਹੀਦੀ ਹੈ।’’ ਮੈਂ ਉਸ ਦੀ ਸੋਚ ’ਤੇ ਉਦੋਂ ਦੰਗ ਰਹਿ ਗਿਆ ਸੀ। ਇਸ ਵਾਰ ਜਦੋਂ ਦੂਜੀ ਵਾਰ ਮਿਲਿਆ ਤਾਂ ਉਸ ਨੇ ਆਪਣਾ ਪੁਰਾਣਾ ਇਸਰਾਰ ਦੁਹਰਾਇਆ। ਉਦੋਂ ਹੀ ਸੋਚ ਲਿਆ ਸੀ ਕਿ ਇਸ ਵਾਰ ਵਾਪਸ ਆਉਂਦਿਆਂ ਹੀ ਇਹ ਕੰਮ ਕਰਾਂਗਾ। ਇਸ ਦੌਰਾਨ ਮੈਂ ਉਸ ਤੋਂ ਇਸ ਖ਼ਾਸ ਮਾਮਲੇ ਵਿੱਚ ਉਸ ਦੀ ਖ਼ਾਸ ਦਿਲਚਸਪੀ ਦੀ ਵਜ੍ਹਾ ਵੀ ਪੁੱਛੀ। ਉਸ ਦੇ ਦਿਲ ਵਿੱਚ ਦੱਬੀ ਅੱਗ ਬਾਹਰ ਆ ਗਈ।
ਗੁਲਾਮ ਰਸੂਲ ਦੀ ਮਾਂ ਰਸੂਲਨ ਬੀ ਪਹਿਲਾਂ ਰਾਮਪਿਆਰੀ ਸੀ। ਲਾਹੌਰ ਦੇ ਇੱਕ ਮੁਹੱਲੇ ਦੀ ਰਾਮਪਿਆਰੀ। ਰਾਮਪਿਆਰੀ ਆਪਣੀ ਤਿੰਨ ਸਹੇਲੀਆਂ ਨਾਲ ਅਨਾਰਕਲੀ ਬਾਜ਼ਾਰ ਦੇ ਇੱਕ ਤੰਗ ਕੂਚੇ ਵਿੱਚ ਕੁੁਝ ਘਰੇਲੂ ਸਾਮਾਨ ਖਰੀਦਣ ਆਈ ਹੋਈ ਸੀ। ਅਚਾਨਕ ਦੰਗਾਕਾਰੀਆਂ ਦਾ ਇੱਕ ਟੋਲਾ ਆ ਗਿਆ। ਇਨ੍ਹਾਂ ਤਿੰਨਾਂ ਨੂੰ ਤਿੰਨ ਦਹਿਸ਼ਤਗਰਦਾਂ ਨੇ ਚੁੱਕ ਲਿਆ ਅਤੇ ਉਹ ਕੂਚੇ ਨਾਲ ਲੱਗਦੀ ਇੱਕ ਤੰਗ ਗਲੀ ਵਿੱਚ ਵੜ ਗਏ। ਉੱਥੋਂ ਨਿਕਲ ਕੇ ਉਹ ਇੱਕ ਹਵੇਲੀ ਵਿੱਚ ਜਾ ਵੜੇ। ਸਹਿਮੀਆਂ, ਚੀਕਦੀਆਂ ਤਿੰਨੋਂ ਲੜਕੀਆਂ ਨੂੰ ਉਸ ਹਵੇਲੀ ਵਿੱਚ ਸੁੱਟਣ ਤੋਂ ਬਾਅਦ ਉਹ ਮੁੜ ਆਪਣੇ ਅਗਲੇ ਸ਼ਿਕਾਰਾਂ ਦੀ ਭਾਲ ਵਿੱਚ ਨਿਕਲ ਗਏ।
ਗੁਲਾਮ ਰਸੂਲ ਦੀ ਕਹਾਣੀ ਲੰਮੀ ਸੀ। ਉਸ ਨੇ ਆਪ ਹੀ ਸੰਖੇਪ ਵਿੱਚ ਦੱਸਿਆ, ‘‘ਭਾਈਜਾਨ, ਮੇਰੀ ਤ੍ਰਾਸਦੀ ਇਹ ਹੈ ਕਿ ਮੈਂ ਉਸ ਹਾਦਸੇ ਨੂੰ ਆਪਣੇ ਜ਼ਿਹਨ ਵਿੱਚੋਂ ਨਹੀਂ ਕੱਢ ਸਕਿਆ। ਮੇਰੇ ਬਾਪ ਚੌਧਰੀ ਹਸ਼ਮਤ ਖਾਂ ਨੇ ‘ਹਰਜਾਨਾ’ ਚੁਕਾ ਕੇ ਉਸ ਹਵੇਲੀ ’ਚੋਂ ਰਾਮਪਿਆਰੀ ਨੂੰ ਲੈ ਲਿਆ ਸੀ ਅਤੇ ਬਾਅਦ ਵਿਚ ਰਾਮਪਿਆਰੀ ‘ਰਸੂਲਨ ਬੀ’ ਬਣ ਗਈ ਸੀ। ਹੁਣ ਉਸ ਹਾਦਸੇ ਨੂੰ ਅੱਧੀ ਸਦੀ ਬੀਤ ਚੁੱਕੀ ਹੈ ਪਰ ਅੰਮੀ ਅਜੇ ਵੀ ਇਸ ਘਟਨਾ ਨੂੰ ਨਹੀਂ ਭੁੱਲੀ। ਅੰਮੀ ਨੇ ਖ਼ੁਦ ਇੱਕ ਵਾਰ ਦੱਸਿਆ ਸੀ ਕਿ ਕੁਝ ਸਾਲਾਂ ਬਾਅਦ ਉਹ ਅਨਾਰਕਲੀ ਬਾਜ਼ਾਰ ਵਿੱਚ ਅੰਮ੍ਰਿਤਸਰ ਦੇ ਇੱਕ ਬਜ਼ੁੁਰਗ ਨੂੰ ਮਿਲੀ ਸੀ। ਉਹ ਬਜ਼ੁਰਗ ਇੱਕ ਜਥੇ ਨਾਲ ਨਨਕਾਣਾ ਸਾਹਿਬ ਦੀ ਯਾਤਰਾ ’ਤੇ ਆਇਆ ਹੋਇਆ ਸੀ। ਉਸ ਨੇ ਅੰਮੀ ਨੂੰ ਦੱਸਿਆ ਸੀ ਕਿ ਉਸ ਦੇ ਨਾਨਕੇ ਪਰਿਵਾਰ ਦੇ ਸਾਰੇ ਲੋਕ ਦੰਗਾਕਾਰੀਆਂ ਦੇ ਸ਼ਿਕਾਰ ਹੋ ਗਏ ਸਨ। ਮੈਂ ਅਜੇ ਵੀ ਉਸ ਹਾਦਸੇ ਤੋਂ ਉੱਭਰ ਨਹੀਂ ਸਕਿਆ। ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਨਫ਼ਰਤ ਅਤੇ ਹਿਕਾਰਤ ਦਾ ਲਾਵਾ ਕਿੱਥੇ ਵਹਾਵਾਂ?
ਅਜੇ ਵੀ ਬੁਢਾਪੇ ਵਿੱਚ ਅੰਮੀ ਜਦੋਂ ਕਦੇ ਗੋਡਿਆਂ ਦੇ ਦਰਦ ਦੀ ਸ਼ਿਕਾਇਤ ਕਰਦੀ ਹੈ ਤਾਂ ਉਸ ਦੇ ਮੂੰਹੋਂ ਸਹਿਜ ਸੁਭਾਅ ਹੀ ‘ਹਾਏ ਰਾਮ’ ਨਿਕਲ ਜਾਂਦਾ ਹੈ। ਅੱਬਾ ਨੂੰ ਇਹ ਪਸੰਦ ਨਹੀਂ ਹੈ। ਹੁਣ ਕੀ ਕਰੀਏ? ਅੰਮੀ ਨੂੰ ਅਜੇ ਵੀ ਆਇਤਾਂ ਚੰਗੀ ਤਰ੍ਹਾਂ ਨਹੀਂ ਆਉਂਦੀਆਂ। ਪਰ ਮੈਂ ਜਾਣਦਾ ਹਾਂ ਕਿ ਹੁਣ ਵੀ ਇਸ਼ਨਾਨ ਕਰਦੇ ਸਮੇਂ, ਉਹ ਧੀਮੀ ਆਵਾਜ਼ ਵਿੱਚ ਤੁਹਾਡੇ ‘ਹਨੂਮਾਨ ਜੀ ਦਾ ਜਾਪ’ ਕਰ ਲੈਂਦੀ ਹੈ। ਉਹ ਤੁਲਸੀ ਦਾ ਬੂਟਾ ਲਿਆਉਣ ਲਈ ਇਸਰਾਰ ਕਰਦੀ ਹੈ। ਅੱਬਾ ਨੂੰ ਕਹਿ ਦਿੰਦੀ ਹੈ ਕਿ ਤੁਲਸੀ ਦੇ ਪੱਤਿਆਂ ਵਾਲੀ ਚਾਹ ਪੀਣ ਨਾਲ ਬੁਖਾਰ ਨਹੀਂ ਆਉਂਦਾ।’’
ਇਸ ਮੁਲਾਕਾਤ ਨੂੰ ਕਾਫ਼ੀ ਸਮਾਂ ਬੀਤ ਗਿਆ ਹੈ। ਦੋ-ਤਿੰਨ ਸਾਲ ਪਹਿਲਾਂ ਚੰਡੀਗੜ੍ਹ ਤੋਂ ਇੱਕ ਪੱਤਰਕਾਰ ਦੋਸਤ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਗਿਆ ਸੀ। ਮੈਂ ਉਸ ਨੂੰ ਤਾਕੀਦ ਕੀਤੀ ਸੀ ਕਿ ਉਹ ਆਪਣੇ ਲਾਹੌਰ ਪਰਵਾਸ ਦੌਰਾਨ ਜਾਂ ਨਨਕਾਣਾ ਸਾਹਿਬ ਜਾਣ ਤੋਂ ਬਾਅਦ ਗੁਲਾਮ ਰਸੂਲ ਨੂੰ ਫੋਨ ਜ਼ਰੂਰ ਕਰੇ, ਉਹ ਆਪ ਆ ਕੇ ਤੈਨੂੰ ਮਿਲ ਲਵੇਗਾ। ਮੈਂ ਉਸੇ ਪੱਤਰਕਾਰ ਹੱਥ ਕੁਝ ਮਿੱਠੀਆਂ ਰੋਟੀਆਂ ਵੀ ਭੇਜੀਆਂ। ਲਾਹੌਰ ਵਾਲੇ ਉਨ੍ਹਾਂ ਰੋਟੀਆਂ ਨੂੰ ‘ਰੋਟ’ ਜਾਂ ਫਿਰ ‘ਮੰਨ’ ਵੀ ਕਹਿੰਦੇ ਸਨ। ‘ਮੰਨ’ ਦਾ ਮਤਲਬ ਦਿਲ ਨਹੀਂ ਸੀ। ਪੁਰਾਣੇ ਮਾਪਤੋਲ ਵਾਲੇ ਕਿਸੇ ਭਾਰੀ ਵਜ਼ਨ ਵਾਲੀ ਚੀਜ਼ ਨੂੰ ‘ਮੰਨ’ ਨਾਲ ਜੋੜ ਦਿੰਦੇ ਸਨ। ਮੈਨੂੰ ਇੱਕ ਪੁਰਾਣਾ ਲੋਕ ਗੀਤ ਵੀ ਯਾਦ ਆ ਗਿਆ ਜਿਹੜਾ ਦੋਵੇਂ ਪੰਜਾਬਾਂ ਦੇ ਪਿੰਡਾਂ ਵਿੱਚ ਗਾਇਆ ਜਾਂਦਾ ਸੀ-
ਅੰਬੇ ਨੀ ਮਾਏ ਅੰਬੇ
ਮੇਰੇ ਸੱਤ ਭਰਾ ਮੰਗੇ
ਮੇਰਾ ਇੱਕ ਭਰਾ ਕੁਆਰਾ
ਨੀ ਓਹ ਵੰਝਲੀ ਖੇਡਣ ਵਾਲਾ
ਓਹ ਵੰਝਲੀ ਕਿੱਥੇ ਖੇਡੇ
ਨੀ ਲਾਹੌਰ ਸ਼ਹਿਰ ਖੇਡੇ
ਨੀ ਲਾਹੌਰ ਸ਼ਹਿਰ ਉੱਚਾ
ਨੀ ਮੈਂ ਮੰਨ ਪਕਾਇਆ ਸੁੱਚਾ
ਮੈਂ ਗੁਲਾਮ ਰਸੂਲ ਲਈ ਮਿੱਠੀਆਂ ਰੋਟੀਆਂ ਭੇਜੀਆਂ ਸਨ। ਉਹ ਕਈ ਵਾਰ ਆਪਣੀ ਮਾਂ ਤੋਂ ਵੀ ਅਜਿਹੀਆਂ ਰੋਟੀਆਂ ਦੀ ਫਰਮਾਇਸ਼ ਕਰਦਾ ਸੀ, ਪਰ ਉਸ ਦੀ ਮਾਂ ਦਾ ਮਨ ਕਦੇ ਵੀ ਇਸ ਤਰ੍ਹਾਂ ਨਹੀਂ ਸੋਚ ਸਕਿਆ। ਉਸ ਦਾ ਬਹੁਤਾ ਸਮਾਂ ਪੁਰਾਣੀਆਂ ਯਾਦਾਂ ਵਿੱਚ ਖਰਚ ਹੋ ਜਾਂਦਾ ਸੀ। ਗੁਲਾਮ ਰਸੂਲ ਲਾਹੌਰ ਵਿੱਚ ਮੇਰੇ ਪੱਤਰਕਾਰ ਦੋਸਤ ਨੂੰ ਬੜੀ ਦਿਲਚਸਪੀ ਨਾਲ ਮਿਲਣ ਆਇਆ। ਉਸ ਨੇ ਪਹਿਲਾਂ ਮੇਰੇ ਵੱਲੋਂ ਭੇਜੀਆਂ ਮਿੱਠੀਆਂ ਰੋਟੀਆਂ ਨੂੰ ਚੁੰਮਿਆ, ਫਿਰ ਮੱਥੇ ਨੂੰ ਛੁਹਾਇਆ, ਫਿਰ ਉਸ ਵਿੱਚੋਂ ਇੱਕ ਦੰਦੀ ਵੱਢ ਕੇ ਬੜੇ ਚਾਅ ਨਾਲ ਖਾਧੀ ਅਤੇ ਮੇਰੇ ਦੋਸਤ ਦੇ ਮੂੰਹ ਵਿੱਚ ਵੀ ਪਾਈ। ਮੈਂ ਆਪਣੇ ਦੋਸਤ ਰਾਹੀਂ ਦੋ ਸ਼ਾਲਾਂ ਵੀ ਗੁਲਾਮ ਰਸੂਲ ਨੂੰ ਉਸ ਦੇ ਅੱਬਾ ਅਤੇ ਅੰਮੀ ਲਈ ਭੇਜੀਆਂ ਸਨ। ਉਸ ਨੇ ਅੰਮੀ ਦੀ ਸ਼ਾਲ ਤਾਂ ਰੱਖ ਲਈ, ਪਰ ਅਫ਼ਸੋਸ ਭਰੇ ਲਹਿਜੇ ਵਿੱਚ ਦੱਸਿਆ ਕਿ ਅੱਬਾ ਤਾਂ ਨਹੀਂ ਰਹੇ। ਉਨ੍ਹਾਂ ਦੇ ਇੱਕ ਬਹੁਤ ਹੀ ਅਜ਼ੀਜ਼ ਦੋਸਤ ਡਾਕਟਰ ਮਨੋਹਰ ਲਾਲ ਹਨ। ਉਹ ਉਨ੍ਹਾਂ ਗਿਣੇ ਚੁਣੇ ਲੋਕਾਂ ਵਿੱਚ ਸ਼ੁਮਾਰ ਹਨ, ਜਿਹੜੇ ਵੰਡ ਸਮੇਂ ਇੱਥੇ ਹੀ ਰਹਿ ਗਏ ਸੀ। ਅੱਬਾ ਨਾਲ ਉਨ੍ਹਾਂ ਦੀ ਖ਼ੂਬ ਬਣਦੀ ਸੀ। ਅੰਮੀ ਦੇ ਰਿਸ਼ਤੇ ਵੱਲੋਂ ਅੱਬਾ ਕਈ ਵਾਰ ਮਨੋਹਰ ਅੰਕਲ ਨੂੰ ‘ਸਾਲਾ’ ਵੀ ਕਹਿ ਦਿੰਦੇ ਸਨ। ਮਨੋਹਰ ਅੰਕਲ ਬੁਰਾ ਮੰਨਣ ਦੀ ਬਜਾਏ ਖ਼ੁਸ਼ ਹੁੰਦੇ ਸਨ। ਵੈਸੇ ਵੀ ਉਹ ਰੱਖੜੀ ਵਾਲੇ ਦਿਨ ਮੇਰੀ ਅੰਮੀ ਨੂੰ ਮਿਲਣ ਆਉਂਦੇ ਸੀ ਤੇ ਚਾਂਦੀ ਦਾ ਇੱਕ ਸਿੱਕਾ ਦੇ ਜਾਂਦੇ ਸਨ। ਹੁਣ ਮੈਂ ਇਹ ਸ਼ਾਲ ਉਨ੍ਹਾਂ ਨੂੰ ਦੇ ਦੇਵਾਂਗਾ। ਅੱਬਾ ਦੀ ਰੂਹ ਨੂੰ ਤਕਸੀਨ ਮਿਲੇਗੀ।
ਗੁਲਾਮ ਰਸੂਲ ਦੇ ਅੱਬਾ ਦੀ ਮੌਤ ਬਾਰੇ ਸੁਣ ਕੇ ਮੈਨੂੰ ਵੀ ਬੜਾ ਅਫ਼ਸੋਸ ਹੋਇਆ। ਨਾਲ ਹੀ ਉਸ ਦੀ ਅੰਮੀ ਦੀ ਹਾਲਤ ਬਾਰੇ ਵੀ ਮੇਰੀ ਉਤਸੁਕਤਾ ਵਧਣ ਲੱਗੀ ਸੀ। ਮੈਨੂੰ ਲੱਗਦਾ ਕਿ ਰਸੂਲਨ ਬੀ ਹੁਣ ਆਪਣੇ ਖਾਵੰਦ ਚੌਧਰੀ ਹਸ਼ਮਤ ਖ਼ਾਨ ਨੂੰ ਜ਼ਿਆਦਾ ਸ਼ਿੱਦਤ ਨਾਲ ਯਾਦ ਕਰਦੀ ਹੋਵੇਗੀ। ਅਜਿਹੇ ਰਿਸ਼ਤਿਆਂ ਦੀ ਬੁਨਿਆਦ ਅਕਸਰ ਵਿਅਕਤੀ ਦੇ ਜਾਣ ਤੋਂ ਬਾਅਦ ਯਾਦ ਆਉਂਦੀ ਹੈ। ਰਸੂਲਨ ਬੀ ਨੂੰ ਉਹ ਪਲ ਅੱਜ ਵੀ ਯਾਦ ਹੋਣਗੇ ਜਦੋਂ ਉਹ ਉਸ ਨੂੰ ਦੰਗਾਕਾਰੀਆਂ ਦੇ ਚੁੰਗਲ ਤੋਂ ਛੁਡਾ ਕੇ ਆਪਣੇ ਘਰ ਲੈ ਆਇਆ ਸੀ। ਉਹ ਉਨ੍ਹਾਂ ਪਲਾਂ ਨੂੰ ਵੀ ਕਿਵੇਂ ਭੁੱਲੀ ਹੋਵੇਗੀ ਜਦੋਂ ਚੌਧਰੀ ਹਸ਼ਮਤ ਖਾਨ ਨੇ ਉਸ ਨੂੰ ਉਦੋਂ ਤੱਕ ਛੋਹਿਆ ਵੀ ਨਹੀਂ ਸੀ ਜਦੋਂ ਤੱਕ ਉਸ ਨੇ ਖ਼ੁਦ ਨਿਕਾਹ ਲਈ ਆਪਣੀ ਸਹਿਮਤੀ ਨਹੀਂ ਦਿੱਤੀ ਸੀ। ਉਸ ਨੇ ਤਾਂ ਉਦੋਂ ਤੱਕ ਉਸ ਨੂੰ ਰਾਮਪਿਆਰੀ ਤੋਂ ਰਸੂਲਨ ਬੀ ਵੀ ਨਹੀਂ ਬਣਾਇਆ ਸੀ।
ਪਿਛਲੀ ਵਾਰ ਜਦੋਂ ਮੈਂ ਲਾਹੌਰ ਗਿਆ ਸੀ ਤਾਂ ਅਗਲੇ ਹੀ ਦਿਨ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਉੱਥੇ ਕੈਂਡਲ ਮਾਰਚ ਕੱਢਿਆ ਗਿਆ ਸੀ। ‘ਡਾਅਨ’ ਅਖ਼ਬਾਰ ਵਿੱਚੋਂ ਖ਼ਬਰ ਪੜ੍ਹ ਕੇ ਮੈਂ ਵੀ ਉਸੇ ਸ਼ਾਦਮਾਨ ਚੌਕ ਵੱਲ ਤੁਰ ਪਿਆ ਜਿੱਥੇ ਸ਼ਹੀਦੀ ਰੈਲੀ ਹੋ ਰਹੀ ਸੀ। ਪੁਰਾਣੇ ਸਮਿਆਂ ਵਿੱਚ ਸ਼ਾਦਮਾਨ ਚੌਕ ਉਸੇ ਕੇਂਦਰੀ ਜੇਲ੍ਹ ਦਾ ਇੱਕ ਹਿੱਸਾ ਸੀ ਜਿੱਥੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ। ਉਨ੍ਹਾਂ ਦਿਨਾਂ ਵਿੱਚ ਇਸ ਜਗ੍ਹਾ ਨੂੰ ਫਾਂਸੀ ਘਰ ਕਿਹਾ ਜਾਂਦਾ ਸੀ। ਹੁਣ ਇਹ ਬਾਰੌਣਕ ਬਾਜ਼ਾਰ ਦਾ ਇੱਕ ਚੌਰਾਹਾ ਹੈ।
ਉਸ ਸਮੇਂ ਉੱਥੇ ਇੱਕ ਮਹਿਲਾ ਆਗੂ ਦੀ ਤਕਰੀਰ ਹੋ ਰਹੀ ਸੀ। ਉਸ ਦੀ ਤਕਰੀਰ ਵਿੱਚ ਖ਼ਾਸ ਜ਼ੋਰ ਇਸ ਗੱਲ ’ਤੇ ਸੀ ਕਿ ਇਹ ਸ਼ਹੀਦ ਸਾਂਝੇ ਸਨ। ਜਿਸ ਅੰਗਰੇਜ਼ ਸਾਮਰਾਜਵਾਦ ਵਿਰੁੱਧ ਉਹ ਲੜੇ, ਉਹ ਇਸ ਪੂਰੇ ਮਹਾਂਦੀਪ ’ਤੇ ਕਾਬਜ਼ ਸੀ। ਇਹ ਸ਼ਹੀਦ ਭਾਰਤ ਜਾਂ ਪਾਕਿਸਤਾਨ ਦੀ ਆਜ਼ਾਦੀ ਲਈ ਨਹੀਂ ਲੜੇ। ਉਸ ਸਮੇਂ ਉਹ ਪੂਰੇ ਮੁਲਕ ਦੀ ਅਜ਼ਾਦੀ ਲਈ ਕੁਰਬਾਨ ਹੋਏ ਸਨ। ਤਕਰੀਰ ਖ਼ਤਮ ਹੋਈ ਤਾਂ ਮੈਂ ਭੀੜ ਨੂੰ ਚੀਰ ਕੇ ਅੱਗੇ ਵਧਿਆ। ਮੈਂ ਔਰਤ ਨੂੰ ਉਸ ਦੀ ਪ੍ਰਭਾਵਸ਼ਾਲੀ ਤਕਰੀਰ ਲਈ ਵਧਾਈ ਦਿੱਤੀ ਅਤੇ ਆਪਣੀ ਜਾਣ-ਪਛਾਣ ਵੀ ਕਰਵਾਈ।
ਗੱਲਾਂ-ਗੱਲਾਂ ’ਚ ਉਸ ਨੇ ਦੱਸਿਆ ਕਿ ਉਸ ਦਾ ਜਨਮ ਵੀ ਪਾਕਪਟਨ ਵਿੱਚ ਹੋਇਆ ਸੀ। ਮੈਂ ਉਸ ਨੂੰ ਆਪਣੀ ਫਰਮਾਇਸ਼ ਦੱਸੀ ਕਿ ਮੈਨੂੰ ਉਸ ਘਰ ਦੀ ਫੋਟੋ ਚਾਹੀਦੀ ਹੈ ਜਿੱਥੇ ਮੈਂ ਪੈਦਾ ਹੋਇਆ ਸੀ। ਉਹ ਹੱਸ ਪਈ, ‘‘ਜਦੋਂ ਉੱਥੇ ਪੈਦਾ ਹੋਏ ਸੀ ਤਾਂ ਪੂਰੇ ਪਾਕਪਟਨ ਨੂੰ ਪਿਆਰ ਕਰੋ। ਇੱਕ ਮਕਾਨ ਦੀ ਫੋਟੋ ਨਾਲ ਕੀ ਕਰੋਗੇ? ਫਿਲਹਾਲ ਮੇਰੇ ਨਾਲ ਆਪਣੀ ਫੋਟੋ ਖਿਚਵਾਓ, ਬਾਅਦ ਵਿੱਚ ਮੈਂ ਤੁਹਾਨੂੰ ਪਾਕਪਟਨ ਦੀ ਫੋਟੋ ਐਲਬਮ ਭੇਜ ਦੇਵਾਂਗੀ।’’
ਉਸ ਨੇ ਸ਼ਾਮ ਨੂੰ ਮੈਨੂੰ ਚਾਹ ਲਈ ਬੁਲਾਇਆ, ਉਸੇ ਟੀ-ਹਾਊਸ ਵਿੱਚ, ਜਿੱਥੇ ਮੈਂ ਗੁਲਾਮ ਰਸੂਲ ਨੂੰ ਮਿਲਿਆ ਸੀ। ਮੈਨੂੰ ਇਹ ਪਸੰਦ ਆਇਆ। ਉੱਥੇ ਹੀ ਮੈਂ ਉਸ ਨੂੰ ਵੀ ਗੁਲਾਮ ਰਸੂਲ ਬਾਰੇ ਦੱਸਿਆ, ਪਰ ਉਸ ਨੂੰ ਬੇਨਤੀ ਕੀਤੀ ਕਿ ਉਹ ਇਸ ਬਾਰੇ ਕਿਸੇ ਨਾਲ ਗੱਲ ਨਾ ਕਰੇ ਕਿਉਂਕਿ ਜੇਕਰ ਇਹ ਚਰਚਾ ਸ਼ਹਿਰ ਵਿੱਚ ਆਮ ਹੋ ਗਈ ਤਾਂ ਉਸ ਪਰਿਵਾਰ ਲਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਉਸ ਨੇ ਵਾਅਦਾ ਕੀਤਾ ਕਿ ਉਹ ਕਦੇ ਵੀ ਕਿਸੇ ਦੇ ਪਰਿਵਾਰਕ ਜੀਵਨ ਵਿੱਚ ਖ਼ਲਲ ਪਾਉਣ ਦੀ ਕੋਸ਼ਿਸ਼ ਨਹੀਂ ਕਰੇਗੀ।
ਹੁਣ ਜਦੋਂ ਗੁਲਾਮ ਰਸੂਲ ਦੀ ਅੰਮੀ ਬਾਰੇ ਮੇਰੀ ਉਤਸੁਕਤਾ ਵਧੀ ਤਾਂ ਮੈਂ ਕੋਸ਼ਿਸ਼ ਕੀਤੀ ਕਿ ਆਪਣੀ ਇਸੇ ਮਹਿਲਾ ਦੋਸਤ ਰਾਹੀਂ ਕੁਝ ਪਤਾ ਕਰਾਂ।
ਇਤਫ਼ਾਕ ਨਾਲ ਫੋਨ ਵੀ ਮਿਲ ਗਿਆ। ਮੈਂ ਉਸ ਨੂੰ ਗੁਲਾਮ ਰਸੂਲ ਦੀ ਅੰਮੀ ਬਾਰੇ ਪਤਾ ਕਰਨ ਲਈ ਬੇਨਤੀ ਕੀਤੀ। ਅਗਲੇ ਹੀ ਦਿਨ ਉਸ ਨੇ ਮੈਨੂੰ ਖ਼ਬਰ ਦਿੱਤੀ ਕਿ ਰਸੂਲਨ ਬੀ ਦੀ ਹਾਲਤ ਠੀਕ ਨਹੀਂ ਹੈ। ਬੇਹੋਸ਼ੀ ਦੇ ਆਲਮ ’ਚ ਉਹ ਚੌਧਰੀ ਹਸ਼ਮਤ ਖਾਨ ਨੂੰ ਪੁਕਾਰਦੀ ਰਹਿੰਦੀ ਸੀ। ਡਾਕਟਰਾਂ ਦਾ ਵੀ ਕਹਿਣਾ ਸੀ ਕਿ ਹੁਣ ਅੱਲਾ ਹੀ ਉਸ ਦੀ ਜ਼ਿੰਦਗੀ ਦਾ ਮਾਲਕ ਹੈ।
ਕੁਝ ਦਿਨਾਂ ਬਾਅਦ ਮੈਂ ਇੱਕ ਵਾਰ ਫਿਰ ਫੋਨ ਕੀਤਾ। ਬੇਨਤੀ ਕੀਤੀ ਕਿ ਜਦੋਂ ਵੀ ਵਿਹਲ ਮਿਲੇ, ਗੁਲਾਮ ਰਸੂਲ ਦੀ ਅੰਮੀ ਬਾਰੇ ਪਤਾ ਕਰੇ। ਇਸ ਤੋਂ ਬਾਅਦ ਮਹੀਨੇ ਬੀਤ ਗਏ। ਨਾ ਫੋਨ ਆਇਆ ਤੇ ਨਾ ਹੀ ਕੋਈ ਖ਼ਬਰ। ਪਰ ਮੇਰੇ ਮਨ ਵਿੱਚ ਉਥਲ-ਪੁਥਲ ਜਾਰੀ ਸੀ।
ਤਕਰੀਬਨ ਛੇ ਮਹੀਨਿਆਂ ਬਾਅਦ ਹਰਿਦੁਆਰ ਤੋਂ ਫੋਨ ਆਇਆ। ਫੋਨ ਕਰਨ ਵਾਲੇ ਨੇ ਆਪਣਾ ਨਾਂ ਡਾਕਟਰ ਮਨੋਹਰ ਲਾਲ ਵਾਸੀ ਲਾਹੌਰ ਦੱਸਿਆ। ਮੈਨੂੰ ਅਚਾਨਕ ਯਾਦ ਆ ਗਿਆ। ਗੁਲਾਮ ਰਸੂਲ ਨੇ ਇੱਕ ਵਾਰ ਡਾਕਟਰ ਮਨੋਹਰ ਲਾਲ ਦਾ ਜ਼ਿਕਰ ਕੀਤਾ ਸੀ, ਜਦੋਂ ਮੈਂ ਪਿਛਲੀ ਵਾਰ ਦੋ ਸ਼ਾਲਾਂ ਉਨ੍ਹਾਂ ਲਈ ਲੈ ਕੇ ਗਿਆ ਸੀ। ਡਾਕਟਰ ਮਨੋਹਰ ਲਾਲ ਨੇ ਪਹਿਲਾਂ ਤਾਂ ਇਸ ਗੱਲ ਲਈ ਧੰਨਵਾਦ ਕੀਤਾ ਕਿ ਚੌਧਰੀ ਹਸ਼ਮਤ ਖ਼ਾਨ ਦੇ ਨਾਂ ’ਤੇ ਭੇਜੀ ਸ਼ਾਲ ਪਹਿਨ ਕੇ ਉਹ ਅਕਸਰ ਮੇਰੇ ਵਰਗੇ ਪਰਾਏ ਲਈ ਰੱਬ ਅੱਗੇ ਅਰਦਾਸ ਕਰਦੇ ਰਹਿੰਦੇ ਹਨ।
ਉਸ ਦੀ ਦੂਸਰੀ ਖ਼ਬਰ ਨੇ ਮੈਨੂੰ ਬਹੁਤ ਉਦਾਸ ਕਰ ਦਿੱਤਾ। ਉਸ ਨੇ ਦੱਸਿਆ ਕਿ ਉਹ ਹਰ ਸਾਲ-ਦੋ-ਸਾਲ ਬਾਅਦ ਲਾਹੌਰ ਅਤੇ ਆਸ-ਪਾਸ ਦੇ ਹਿੰਦੂ ਮੰਦਰਾਂ ਵੱਲੋਂ ਮ੍ਰਿਤਕਾਂ ਦੀਆਂ ਅਸਥੀਆਂ ਲੈ ਕੇ ਹਰਿਦੁਆਰ ਆਉਂਦਾ ਹੈ। ਇਸ ਵਾਰ ਲਿਆਂਦੀਆਂ ਗਈਆਂ ਅਸਥੀਆਂ ਵਿੱਚ ਗੁਲਾਮ ਰਸੂਲ ਦੀ ਅੰਮੀ ਦੀਆਂ ਅਸਥੀਆਂ ਵੀ ਸ਼ਾਮਲ ਹਨ। ਉਸ ਨੇ ਦੱਸਿਆ ਕਿ ਗੁਲਾਮ ਰਸੂਲ ਨੇ ਖ਼ਾਸ ਤੌਰ ’ਤੇ ਤਾਕੀਦ ਕੀਤੀ ਸੀ ਕਿ ਇਹ ਸੂਚਨਾ ਭਾਰਤ ਪਹੁੰਚ ਕੇ ਮੈਨੂੰ ਫੋਨ ’ਤੇ ਦਿੱਤੀ ਜਾਵੇ।
ਆਪਣੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਨ ਤੋਂ ਬਾਅਦ, ਮੈਂ ਉਨ੍ਹਾਂ ਨੂੰ ਗੁਜ਼ਾਰਿਸ਼ ਵੀ ਕੀਤੀ ਕਿ ਹੁਣ ਉਸ ਪਰਿਵਾਰ ਦਾ ਬਜ਼ੁਰਗ ਹੋਣ ਕਰਕੇ ਗੁਲਾਮ ਰਸੂਲ ਦਾ ਧਿਆਨ ਰੱਖੇ। ਅਗਲੇ ਹੀ ਪਲ ਮੇਰੀ ਉਤਸੁਕਤਾ ਨੇ ਪਾਸਾ ਵੱਟਿਆ। ਮੈਂ ਪੁੱਛਿਆ, ‘‘ਕੀ ਜਦੋਂ ਰਸੂਲਨ ਬੀ ਨੂੰ ਚਿਤਾ ਵਿੱਚ ਸਾੜਿਆ ਗਿਆ, ਉੱਥੇ ਕੋਈ ਹੰਗਾਮਾ ਨਹੀਂ ਹੋਇਆ?’’
ਉਸ ਨੇ ਜਵਾਬ ਦਿੱਤਾ, ‘‘ਨਹੀਂ, ਅਜਿਹਾ ਨਹੀਂ ਹੋਇਆ। ਦਰਅਸਲ, ਰਸੂਲਨ ਬੀ ਨੇ ਆਪਣੀ ਮੌਤ ਤੋਂ ਪਹਿਲਾਂ ਹੀ ਆਪਣੇ ਪੁੱਤਰ ਨੂੰ ਕਿਹਾ ਸੀ, ‘ਪੁਰਾਣੇ ਸੰਸਕਾਰਾਂ ਕਾਰਨ, ਮੇਰੇ ਲਈ ਚਿਤਾ ਵਿੱਚ ਹੀ ਸੜ ਜਾਣਾ ਚੰਗਾ ਹੈ। ਪਰ ਮੈਂ ਇਹ ਨਹੀਂ ਚਾਹੁੰਦੀ ਕਿ ਮੇਰੇ ਕਿਸੇ ਵੀ ਅਜਿਹੇ ਫ਼ੈਸਲੇ ਨਾਲ ਚੌਧਰੀ ਹਸ਼ਮਤ ਖਾਨ ਵਰਗੇ ਨੇਕ ਵਿਅਕਤੀ ਦੀ ਆਤਮਾ ਨੂੰ ਠੇਸ ਪਹੁੰਚੇ। ਇਸ ਲਈ, ਮੈਨੂੰ ਵੀ ਉਸ ਦੇ ਨੇੜੇ ਦਫ਼ਨਾਇਆ ਜਾਵੇ, ਲੇਕਿਨ, ਜੇਕਰ ਸੰਭਵ ਹੋਵੇ ਤਾਂ ਉਸ ਕਬਰ ਦੀ ਮਿੱਟੀ ਦਾ ਕੁਝ ਹਿੱਸਾ ਗੰਗਾ ਵਿੱਚ ਵਹਾ ਦਿੱਤਾ ਜਾਵੇ ਤਾਂ ਜੋ ਮੇਰੀ ਮੁਕਤੀ ਹੋ ਜਾਵੇ’।’’
ਇਹ ਦੱਸਦੇ ਹੋਏ ਡਾਕਟਰ ਮਨੋਹਰ ਲਾਲ ਦਾ ਗਲਾ ਭਰ ਆਇਆ ਤੇ ਮੇਰੀਆਂ ਅੱਖਾਂ ਵੀ ਨਮ ਹੋ ਗਈਆਂ। ਮੈਨੂੰ ਇਸ ਗੱਲ ’ਤੇ ਵੀ ਮਾਣ ਸੀ ਕਿ ਮੇਰੇ ਦੋਸਤ ਗੁਲਾਮ ਰਸੂਲ ਨੇ ਆਪਣੀ ਅੰਮੀ ਦੀ ਆਖ਼ਰੀ ਇੱਛਾ ਦਾ ਬਿਹਤਰੀਨ ਢੰਗ ਨਾਲ ਸਨਮਾਨ ਕੀਤਾ ਸੀ।
ਸੰਪਰਕ: 94170-04423

Advertisement
Advertisement

Advertisement
Author Image

Ravneet Kaur

View all posts

Advertisement