ਕਿੰਨਾ ਬਦਲ ਗਿਆ ਯੂਰੋਪ
ਰਾਮਚੰਦਰ ਗੁਹਾ
ਅਮਰੀਕੀ ਰਾਸ਼ਟਰਪਤੀ ਵੱਲੋਂ ਜਦੋਂ ਅਠਾਈ ਫਰਵਰੀ ਨੂੰ ਵ੍ਹਾਈਟ ਹਾਊਸ ਵਿੱਚ ਸੱਦ ਕੇ ਯੂਕਰੇਨੀ ਰਾਸ਼ਟਰਪਤੀ ਦੀ ਲਾਹ ਪਾਹ ਕੀਤੀ ਜਾ ਰਹੀ ਸੀ ਉਦੋਂ ਮੈਂ ਇੱਕ ਸਾਹਿਤਕ ਰਸਾਲੇ ਗ੍ਰਾਂਟਾ ਦਾ ਇੱਕ ਪੁਰਾਣਾ ਅੰਕ ਪੜ੍ਹ ਰਿਹਾ ਸੀ ਜੋ ਮੈਂ ਬੰਗਲੂਰੂ ਦੀ ਪੁਰਾਣੀਆਂ ਕਿਤਾਬਾਂ ਦੀ ਇੱਕ ਦੁਕਾਨ ’ਚੋਂ ਲਿਆਇਆ ਸੀ। ਇਸ ਦੇ 1990 ਦੀ ਬਹਾਰ ਰੁੱਤ ਦੇ ਅੰਕ ਦਾ ਸਿਰਲੇਖ ਸੀ ‘ਨਿਊ ਯੂਰੋਪ!’। ਸਿਰਲੇਖ ਦੇ ਵਿਸ਼ੇਸ਼ਣ ਅਤੇ ਵਿਸਮਿਕ ਚਿੰਨ੍ਹ ਦੇ ਜ਼ਰੀਏ ਇੱਕ ਸਾਲ ਪਹਿਲਾਂ ਬਰਲਿਨ ਦੀ ਕੰਧ ਡੇਗੇ ਜਾਣ, ਪੋਲੈਂਡ ਵਿੱਚ ਦਹਾਕਿਆਂ ਮਗਰੋਂ ਪਹਿਲੀ ਵਾਰ ਸੁਤੰਤਰ ਢੰਗ ਨਾਲ ਚੋਣਾਂ ਕਰਾਉਣ ਅਤੇ ਪੂਰਬੀ ਯੂਰਪ ਵਿੱਚ ਸਰਬਸੱਤਾਵਾਦ ਦੇ ਪਤਨ ਜਿਹੀਆਂ ਯੁੱਗ-ਪਲਟਾਊ ਘਟਨਾਵਾਂ ਵੱਲ ਇਸ਼ਾਰਾ ਕੀਤਾ ਗਿਆ ਸੀ।
1989 ਵਿੱਚ ਵਾਪਰੀਆਂ ਇਨ੍ਹਾਂ ਘਟਨਾਵਾਂ ਦੇ ਯੂਰੋਪੀ ਮਹਾਂਦੀਪ ਅਤੇ ਦੁਨੀਆ ਦੇ ਭਵਿੱਖ ਉੱਪਰ ਕਿਹੋ ਜਿਹੇ ਪ੍ਰਭਾਵ ਪੈਣਗੇ, ਇਸ ਦਾ ਅਨੁਮਾਨ ਲਾਉਣ ਲਈ ਗ੍ਰਾਂਟਾ ਦੇ ਸੰਪਾਦਕ ਨੇ ਯੂਰੋਪੀ ਮੂਲ ਦੇ ਪੰਦਰਾਂ ਲੇਖਕਾਂ ਤੋਂ ਲੇਖ ਲਿਖਵਾਏ ਸਨ ਜਿਨ੍ਹਾਂ ’ਚੋਂ ਕੁਝ ਲੇਖਕ ਤਾਂ ਆਪਣੇ ਮੂਲ ਦੇਸ਼ ਵਿੱਚ ਹੀ ਰਹਿ ਰਹੇ ਸਨ ਜਦੋਂਕਿ ਕੁਝ ਜਲਾਵਤਨੀ ਹੰਢਾ ਰਹੇ ਸਨ। ਜਿਵੇਂ ਕਿ ਹੋਣਾ ਹੀ ਸੀ, ਬਹੁਤੇ ਲੇਖਕ ਪਿਛਲੇ ਕੁਝ ਮਹੀਨਿਆਂ ਵਿੱਚ ਵਾਪਰੀਆਂ ਇਨ੍ਹਾਂ ਘਟਨਾਵਾਂ ਤੋਂ ਖ਼ੁਸ਼ ਸਨ ਤੇ ਕੁਝ ਤਾਂ ਬਾਗ਼ੋਬਾਗ਼ ਵੀ ਸਨ। ਇਨ੍ਹਾਂ ਵਿੱਚ ਪੂਰਬੀ ਜਰਮਨੀ ਦਾ ਪਾਦਰੀ ਵਰਨਰ ਕ੍ਰਾਤਸ਼ੈਲ ਵੀ ਸ਼ਾਮਲ ਸੀ ਜਿਨ੍ਹਾਂ ਨੇ ਬਰਲਿਨ ਦੀ ਕੰਧ ਨੂੰ ਤੋੜਨ ਦੇ ਅੰਦੋਲਨ ਨੂੰ ਆਜ਼ਾਦੀ ਅਤੇ ਗ਼ੈਰਤ ਦੀ ਜੱਦੋਜਹਿਦ ਕਰਾਰ ਦਿੰਦਿਆਂ ਇਸ ਨੂੰ ਸਲਾਮ ਕੀਤਾ ਸੀ। ਉਨ੍ਹਾਂ ਤੋਂ ਇਲਾਵਾ ਮਾਣਮੱਤੇ ਚੈੱਕ ਨਾਵਲਕਾਰ ਇਵਾਨ ਕਲੀਮਾ ਦਾ ਖ਼ਿਆਲ ਸੀ ਕਿ ‘ਸੱਤਾਵਾਦ ਦਾ ਅੰਤ ਕਰਨ ਵਿੱਚ ਮਦਦ ਦੇਣ ਵਾਲੇ ਨਾਬਰਾਂ ਨੇ ਇੱਕ ਲੋਕਰਾਜੀ ਯੂਰੋਪ ਦਾ ਤਸੱਵਰ ਸਾਕਾਰ ਕਰਨ ਦੀ ਤਾਕਤ ਸੰਜੋਈ ਹੈ ਜੋ ਕਿ ਅਗਲੀ ਦਹਿਸਦੀ ਦਾ ਯੂਰੋਪ ਹੋਵੇਗਾ ਅਤੇ ਆਪਸ ਵਿੱਚ ਮਿਲ ਜੁਲ ਕੇ ਰਹਿਣ ਵਾਲੇ ਦੇਸ਼ਾਂ ਦਾ ਯੂਰੋਪ ਹੋਵੇਗਾ।’
ਯੂਰੋਪ ਵਿੱਚ ਨਮੂਦਾਰ ਹੋਣ ਵਾਲੀਆਂ ਤਬਦੀਲੀਆਂ ਨੂੰ ਹਾਂਦਰੂ ਢੰਗ ਨਾਲ ਵੇਖਣ ਵਾਲਿਆਂ ਵਿੱਚ ਸਿਆਸੀ ਸਿਧਾਂਤਕਾਰ ਆਇਯਾਹ ਬਰਲਿਨ ਵੀ ਸਨ ਜੋ ਕਿ ਇਸ ਸੰਵਾਦ ਵਿੱਚ ਲੰਮੇ ਸਮੇਂ ਤੋਂ ਹਿੱਸਾ ਪਾਉਂਦੇ ਰਹੇ ਸਨ ਅਤੇ ਅੰਗਰੇਜ਼ੀ ਬੋਲਣ ਵਾਲੀ ਦੁਨੀਆ ਵਿੱਚ ਕਾਫ਼ੀ ਜਾਣੇ ਜਾਂਦੇ ਸਨ। ਜ਼ਾਰਸ਼ਾਹੀ ਰੂਸ ਵਿੱਚ ਜਨਮਿਆ ਬਰਲਿਨ ਆਪਣੀ ਚੜ੍ਹਦੀ ਉਮਰੇ ਹੀ ਆਪਣੇ ਪਰਿਵਾਰ ਨਾਲ ਨੱਸ ਕੇ ਇੰਗਲੈਂਡ ਆ ਗਿਆ ਸੀ। ਹਾਲਾਂਕਿ ਤੌਰ ਤਰੀਕੇ ਤੋਂ ਉਹ ਅੰਗਰੇਜ਼ ਬਣ ਚੁੱਕਿਆ ਸੀ ਅਤੇ ਆਕਸਫੋਰਡ ਵਿੱਚ ਇੱਕ ਵਿਭਾਗ ਦੀ ਚੇਅਰ ’ਤੇ ਬਿਰਾਜਮਾਨ ਸੀ ਅਤੇ ਆਕਸਫੋਰਡ ਕਾਲਜ ਦੀ ਨੀਂਹ ਰੱਖ ਚੁੱਕਿਆ ਸੀ, ਅਕਸਰ ਬੀਬੀਸੀ ’ਤੇ ਬੋਲਦਾ ਦਿਖਾਈ ਦਿੰਦਾ ਸੀ ਅਤੇ ਬ੍ਰਿਟਿਸ਼ ਅਕੈਡਮੀ ਦੇ ਮੁਖੀ ਵਜੋਂ ਸੇਵਾਵਾਂ ਨਿਭਾ ਰਿਹਾ ਸੀ ਪਰ ਫਿਰ ਵੀ ਉਸ ਦੀ ਰੂਸ ਵਿੱਚ ਗਹਿਰੀ ਦਿਲਚਸਪੀ ਸੀ ਅਤੇ ਖ਼ਾਸਕਰ ਰੂਸੀ ਲੇਖਕਾਂ ਅਤੇ ਅਤੀਤ ਦੇ ਚਿੰਤਕਾਂ ਦਾ ਸ਼ੈਦਾਈ ਸੀ।
ਆਇਯਾਹ ਬਰਲਿਨ ਹੁਣ 1989 ਦੀਆਂ ਘਟਨਾਵਾਂ ਨੂੰ ਕਮਿਊਨਿਜ਼ਮ ਵੱਲੋਂ ਦਰੜੀਆਂ ਪੁਰਾਤਨ ਬੌਧਿਕਤਾ ਦੀਆਂ ਉਦਾਰਵਾਦੀ ਰਵਾਇਤਾਂ ਦੀ ਸੁਰਜੀਤੀ ਵਜੋਂ ਦੇਖਦਾ ਸੀ। ਉਨ੍ਹਾਂ ਗ੍ਰਾਂਟਾ ਵਿੱਚ ਲਿਖਿਆ ਕਿ ‘ਰੂਸੀ ਕਮਾਲ ਦੇ ਲੋਕ ਹਨ, ਉਨ੍ਹਾਂ ਕੋਲ ਬੇਪਨਾਹ ਰਚਨਾਤਮਕ ਸ਼ਕਤੀਆਂ ਹਨ ਅਤੇ ਇਕੇਰਾਂ ਉਹ ਸੁਤੰਤਰ ਹੋ ਗਏ ਤਾਂ ਇਹ ਕਹਿਣ ਦੀ ਲੋੜ ਨਹੀਂ ਕਿ ਉਹ ਦੁਨੀਆ ਨੂੰ ਕਿੰਨਾ ਕੁਝ ਦੇ ਸਕਦੇ ਹਨ। ਨਵ-ਬਰਬਰਤਾ ਹਮੇਸ਼ਾ ਸੰਭਵ ਹੁੰਦੀ ਹੈ ਪਰ ਵਰਤਮਾਨ ਸਮੇਂ ਮੈਨੂੰ ਇਸ ਦੀ ਬਹੁਤੀ ਸੰਭਾਵਨਾ ਨਹੀਂ ਦਿਸਦੀ। ਇਹ ਕਿ ਬੁਰਾਈ ’ਤੇ ਆਖ਼ਰਕਾਰ ਫਤਹਿ ਹਾਸਲ ਕੀਤੀ ਜਾ ਸਕਦੀ ਹੈ, ਇਹ ਕਿ ਗ਼ੁਲਾਮੀ ਦਾ ਖ਼ਾਤਮਾ ਕੀਤਾ ਜਾ ਰਿਹਾ ਹੈ, ਇਹ ਉਹ ਚੀਜ਼ਾਂ ਹਨ ਜਿਨ੍ਹਾਂ ’ਤੇ ਇਨਸਾਨ ਵਾਕਈ ਮਾਣ ਮਹਿਸੂਸ ਕਰ ਸਕਦੇ ਹਨ।
ਸੰਵਾਦ ਵਿੱਚ ਹਿੱਸਾ ਲੈਣ ਵਾਲੇ ਹੋਰਨਾਂ ਲੇਖਕਾਂ ਨੇ ਪੂਰਬੀ ਯੂਰੋਪ ਵਿੱਚ ਸੋਵੀਅਤ ਸੰਘ ਦੀਆਂ ਕਠਪੁਤਲੀ ਸਰਕਾਰਾਂ ਦੇ ਪਤਨ ਦਾ ਸਵਾਗਤ ਤਾਂ ਕੀਤਾ ਪਰ ਭਵਿੱਖ ਨੂੰ ਲੈ ਕੇ ਉਹ ਬਹੁਤੇ ਆਸ਼ਾਵਾਦੀ ਨਹੀਂ ਸਨ। ਚੈੱਕ ਮੂਲ ਦੇ ਲੇਖਕ ਜੋਜ਼ੇਫ ਸਕੌਅਰਕੀ ਜੋ ਕਈ ਸਾਲ ਕੈਨੇਡਾ ਵਿੱਚ ਰਹਿ ਚੁੱਕੇ ਸਨ, ਨੇ ਲਿਖਿਆ ਸੀ: ‘ਯੂਰੋਪ ਦੇ ਬਹੁਤੇ ਹਿੱਸਿਆਂ ਵਿਚ ਸਰਬਸੱਤਾਵਾਦ ਦੇ ਦਿਨ ਸ਼ਾਇਦ ਲੱਦ ਗਏ ਹਨ। ਕਈ ਹੋਰਨੀਂ ਥਾਈਂ ਜ਼ਾਹਰਾ ਤੌਰ ’ਤੇ ਇਉਂ ਨਹੀਂ; ਕੁਝ ਥਾਵਾਂ ’ਤੇ ਅਜੇ ਇਸ ਦੀ ਸ਼ੁਰੂਆਤ ਹੋਈ ਹੈ।’ ਬਹੁ-ਵਿਸ਼ਾਈ ਆਲੋਚਕ ਜੌਰਜ ਸਟੀਨਰ ਦੀ ਟਿੱਪਣੀ ਸੀ ਕਿ ‘ਹਰ ਥਾਈਂ ਅਸੀਂ ਉਗਰ ਰਾਸ਼ਟਰਵਾਦ, ਨਸਲੀ ਨਫ਼ਰਤਾਂ ਅਤੇ ਸੰਭਾਵੀ ਖੁਸ਼ਹਾਲੀ ਦੀ ਉਲਟ ਸ਼ਕਤੀ ਤੇ ਮੁਕਤ ਵਟਾਂਦਰੇ ਵਿਚਕਾਰ ਇੱਕ ਕਿਸਮ ਦੀ ਸਨਕੀ ਦੌੜ ਵੇਖ ਰਹੇ ਹਾਂ।’ ਚਲਦੇ ਚਲਦੇ ਸਟੀਨਰ ਨੇ ਇਹ ਰਾਏ ਵੀ ਦਿੱਤੀ ਕਿ ‘ਅਮਰੀਕਾ ਇੱਕ ਪ੍ਰਾਂਤਕ/ਖੇਤਰੀ ਦਿਓ ਬਣਦਾ ਜਾਪ ਰਿਹਾ ਹੈ ਜੋ ਯੂਰੋਪ ਤੋਂ ਅਣਜਾਣ ਅਤੇ ਬੇਲਾਗ ਹੈ... ਯੂਰੋਪ ਇੱਕ ਵਾਰ ਫਿਰ ਆਪਣੇ ਪੈਰਾਂ ’ਤੇ ਖੜ੍ਹਾ ਹੋ ਰਿਹਾ ਹੈ।’
ਪੂਰਬੀ ਯੂਰੋਪ ਵਿੱਚ ਜੋ ਵਾਪਰਿਆ ਹੈ ਉਸ ਵਿੱਚ ਅੰਸ਼ਕ ਤੌਰ ’ਤੇ ਸਰਬਸੱਤਾਵਾਦੀ ਸੋਵੀਅਤ ਜੂਲ਼ੇ ਖ਼ਿਲਾਫ਼ ਵਿਦਰੋਹ ਕਰਨ ਵਾਲੇ ਪੋਲਿਸ਼, ਚੈੱਕ, ਮੈਗਿਆਰ ਅਤੇ ਜਰਮਨਾਂ ਦੀਆਂ ਦਰੜੀਆਂ ਰਾਸ਼ਟਰਵਾਦੀ ਭਾਵਨਾਵਾਂ ਦੀ ਗੂੰਜ ਸੁਣਾਈ ਦਿੰਦੀ ਹੈ। ਹਾਲਾਂਕਿ ਕੁਝ ਲੇਖਕਾਂ ਨੇ ਇਨ੍ਹਾਂ ਛੋਟੇ ਯੂਰੋਪੀ ਰਾਸ਼ਟਰਾਂ ਦੀ ਸੁਰਜੀਤੀ ਦਾ ਜਸ਼ਨ ਮਨਾਇਆ ਸੀ ਪਰ ਆਂਦਰੇਈ ਸਿਨਯਾਵਸਕੀ ਨੇ ਗ੍ਰਾਂਟਾ ਵਿੱਚ ਲਿਖੇ ਆਪਣੇ ਲੇਖ ਵਿੱਚ ਚਿਤਾਵਨੀ ਦਿੱਤੀ ਸੀ ਕਿ ਰਾਸ਼ਟਰਵਾਦ ਦੇ ਪ੍ਰਤੀਕਿਰਿਆਵਾਦੀ ਅਤੇ ਮੁਕਤੀਕਾਰੀ ਦੋਵੇਂ ਤਰ੍ਹਾਂ ਦੇ ਸਿੱਟੇ ਸਾਹਮਣੇ ਆ ਸਕਦੇ ਹਨ। ਰੂਸ ਵਿੱਚ ਮੁਕਤੀਕਾਰੀ ਸਿੱਟਿਆਂ ਦੀ ਸੰਭਾਵਨਾ ਜ਼ਿਆਦਾ ਦਿਖਾਈ ਦਿੰਦੀ ਹੈ ਜਿਸ ਦਾ ਯੂਰੋਪੀ ਸਾਮਰਾਜ ਖ਼ਤਮ ਹੋ ਗਿਆ ਹੈ ਪਰ ਉਸ ਦੀ ਹੈਂਕੜ ਖ਼ਤਮ ਨਹੀਂ ਹੋਈ। ਸਿਨਯਾਵਸਕੀ ਨੇ ਲਿਖਿਆ, ‘ਰਾਸ਼ਟਰਵਾਦ ਆਪਣੇ ਆਪ ਵਿੱਚ ਕੋਈ ਗੰਭੀਰ ਖ਼ਤਰਾ ਨਹੀਂ ਹੈ ਸਗੋਂ ਇਹ ਉਦੋਂ ਤੱਕ ਕਿਸੇ ਰਾਸ਼ਟਰ ਦਾ ਮੁੱਲ ਬਣ ਜਾਂਦਾ ਹੈ ਜਦੋਂ ਤੱਕ ਇਹ ਬਿਨਾਂ ਕਿਸੇ ਆਧਾਰ ਤੋਂ ਦੁਸ਼ਮਣ ਦੇ ਰੂਪ ਵਿੱਚ ਆਪਣੀ ਜ਼ਹਿਰੀਲੀ ਉਪਜ ਪੈਦਾ ਨਹੀਂ ਕਰਨ ਲੱਗਦਾ’। ਉਹ ਅੱਗੇ ਲਿਖਦੇ ਹਨ: ‘ਬੀਤੇ ਸਮਿਆਂ ਵਿੱਚ ਸੋਵੀਅਤ ਸੰਘ ਕੋਲ ‘‘ਜਮਾਤੀ ਦੁਸ਼ਮਣ’’ ਹੁੰਦਾ ਸੀ... ਤੇ ਹੁਣ ਰੂਸੀ ਰਾਸ਼ਟਰਵਾਦੀਆਂ, ਜੋ ਆਪਣੇ ਆਪ ਨੂੰ ਦੇਸ਼ਭਗਤ ਕਹਿੰਦੇ ਹਨ, ਕੋਲ ‘‘ਰੂਸੋਫੋਬੀਆ’’ ਆ ਗਿਆ ਹੈ ਜੋ ਕਿ ‘‘ਬੁਰਜੂਆ ਘੇਰਾਬੰਦੀ’’ ਅਤੇ ‘‘ਬੁਰਜੂਆ ਘੁਸਪੈਠ’’ ਦੇ ਲੈਨਿਨਵਾਦੀ-ਸਟਾਲਿਨਵਾਦੀ ਵਿਚਾਰ ਦਾ ਹੀ ਸੁਧਰਿਆ ਰੂਪ ਹੈ। ‘‘ਰੂਸੋਫੋਬ’’ ਲੋਕਾਂ ਦਾ ਦੁਸ਼ਮਣ ਅਤੇ ਵਿਚਾਰਧਾਰਕ ਭੰਨ-ਤੋੜ ਦੇ ਖ਼ੌਫ਼ਨਾਕ ਸਟਾਲਿਨਵਾਦੀ ਈਜਾਦਾਂ ਦਾ ਹੀ ਇੱਕ ਰੂਪ ਹੈ।
ਇਸ ਕਿਸਮ ਦੇ ਸੰਵਾਦ ’ਚ ਸੰਪਾਦਕ ਆਮ ਤੌਰ ’ਤੇ ਹਰੇਕ ਲੇਖਕ ਨੂੰ ਵੱਖਰੇ ਤੌਰ ’ਤੇ ਲਿਖਣ ਲਈ ਲਿਖਦਾ ਹੈ। ਬੇਸ਼ੱਕ, ਆਇਯਾਹ ਬਰਲਿਨ ਤੇ ਆਂਦਰੇਈ ਸਿਨਯਾਵਸਕੀ ਨੂੰ ਕੁਝ ਨਹੀਂ ਪਤਾ ਸੀ ਕਿ ਦੂਜੇ ਕੀ ਕਹਿਣਗੇ। ਫੇਰ ਵੀ, ਉਨ੍ਹਾਂ ਦੇ ਬਿਆਨਾਂ ਨੂੰ ਨਾਲੋ-ਨਾਲ ਪੜ੍ਹਨਾ, ਉਹ ਵੀ ਪ੍ਰਕਾਸ਼ਿਤ ਹੋਣ ਤੋਂ 35 ਸਾਲ ਬਾਅਦ, ਇੱਕ ਜਣੇ ਦਾ ਆਸ਼ਾਵਾਦ ਤੇ ਦੂਜੇ ਦਾ ਸੰਦੇਹਵਾਦ ਹੈਰਾਨ ਕਰਦਾ ਹੈ ਕਿਉਂਕਿ ਦੋਵਾਂ ’ਚ ਕਾਫ਼ੀ ਫ਼ਰਕ ਹੈ। ਇਸ ਦਾ ਕਾਰਨ ਸ਼ਾਇਦ ਉਨ੍ਹਾਂ ਦਾ ਜੀਵਨ ਪੰਧ ਵੱਖ-ਵੱਖ ਹੋਣਾ ਹੋ ਸਕਦਾ ਹੈ। ਬਰਲਿਨ ਦਾ ਰੂਸੀ ਜੀਵਨ ਤੇ ਲੋਕਾਂ ਨਾਲ ਕੋਈ ਸਿੱਧਾ ਲੈਣ-ਦੇਣ ਅਤੇ ਤਜਰਬਾ ਨਹੀਂ ਸੀ ਪਰ ਸਿਨਯਾਵਸਕੀ ਦਾ ਯਕੀਨਨ ਸੀ। ਮਾਸਕੋ ’ਚ 1925 ’ਚ ਜਨਮ ਲੈਣ ਤੋਂ ਬਾਅਦ ਉਸ ਨੇ 1973 ’ਚ ਸੋਵੀਅਤ ਸੰਘ ਛੱਡ ਦਿੱਤਾ। ਇਸ ਲਈ ਉਸ ਨੂੰ ਪਹਿਲਾਂ ਵਿਕਸਿਤ ਹੋ ਚੁੱਕੀ ਸਮਝ, ਜੋ ਕਿ ਕਈ ਦਹਾਕਿਆਂ ’ਚ ਬਣੀ ਸੀ, ’ਚੋਂ ਪਤਾ ਸੀ ਕਿ ਕਿਵੇਂ ਰੂਸੀ ਰਾਸ਼ਟਰਵਾਦ ਫੈਸਲਾਕੁਨ ਰੂਪ ’ਚ ਬਾਹਰਲਿਆਂ ਨੂੰ ਨਫ਼ਰਤ ਕਰਨ ਤੇ ਕੌਮਪ੍ਰਸਤੀ ਦੀ ਬਿਰਤੀ ਰੱਖਣ ਵਾਲਾ ਹੈ।
ਘੱਟੋ-ਘੱਟ ਆਪਣੀ ਮਾਤਭੂਮੀ ਰੂਸ ਦੇ ਸਬੰਧ ’ਚ ਸਿਨਯਾਵਸਕੀ ਬਰਲਿਨ ਨਾਲੋਂ ਵਧੇਰੇ ਠੀਕ ਨਿਕਲਿਆ। ਵਲਾਦੀਮੀਰ ਪੂਤਿਨ ਨੇ ਆਪਣੇ ਦਹਾਕਿਆਂ ਦੇ ਸ਼ਾਸਨ ਦੌਰਾਨ ਸੋਵੀਅਤ ਸੰਘ ਟੁੱਟਣ ਤੋਂ ਬਾਅਦ ਆਜ਼ਾਦ ਹੋਏ ਮੁਲਕਾਂ ਦੇ ਲੋਕਾਂ ਨੂੰ ਗ਼ੁਲਾਮ ਬਣਾਉਣ ਦੀ ਖ਼ਾਹਿਸ਼ ਪਾਲਣ ਤੋਂ ਪਹਿਲਾਂ ਆਪਣੇ ਮੁਲਕ ਦੇ ਲੋਕਾਂ ਦੀ ਗ਼ੁਲਾਮੀ ਨੂੰ ਯਕੀਨੀ ਬਣਾਇਆ। ਇਹ ਵਿਆਪਕ ਸਾਮਰਾਜੀ ਖ਼ਾਹਿਸ਼ ਯੂਕਰੇਨ ਦੀ ਘੁਸਪੈਠ ’ਚ ਉੱਭਰਵੇਂ ਢੰਗ ਨਾਲ ਪ੍ਰਤੱਖ ਹੋਈ ਹੈ। ਹਾਲਾਂਕਿ, ਪੂਤਿਨ ਦੀ ਅੱਖ ਕੁਝ ਛੋਟੇ ਯੂਰੋਪੀ ਮੁਲਕਾਂ ’ਤੇ ਵੀ ਟਿਕੀ ਹੋਈ ਹੈ। ਰੂਸੀ ਰਾਸ਼ਟਰਵਾਦ ਦੇ ਵਿਸਤਾਰਵਾਦੀ ਰੂਪ ਤੇ ਤਾਨਾਸ਼ਾਹੀ ਦੇ ਆਲੋਚਕਾਂ ਨੂੰ ਚਾਹੇ ਘਰ ਜਾਂ ਬਾਹਰ, ਪੂਤਿਨਵਾਦੀਆਂ ਨੇ ‘ਰੂਸ ਨੂੰ ਨਫ਼ਰਤ ਕਰਨ ਵਾਲੇ’ ਦੱਸ ਕੇ ਖਾਰਜ ਕੀਤਾ ਹੈ।
ਪਿਛਲੇ ਕੁਝ ਹਫ਼ਤਿਆਂ ਦੀਆਂ ਘਟਨਾਵਾਂ ਦੱਸਦੀਆਂ ਹਨ ਕਿ ਗ੍ਰਾਂਟਾ ਸੰਵਾਦ ’ਚ ਸ਼ਾਮਲ ਲੇਖਕਾਂ ’ਚੋਂ ਇੱਕ ਜੌਰਜ ਸਟੀਨਰ ਨੂੰ ਪਹਿਲਾਂ ਹੀ ਦਿਸਦਾ ਸੀ ਕਿ ਅਮਰੀਕਾ ਸਮੇਂ ਦੇ ਨਾਲ ਯੂਰੋਪ ਪ੍ਰਤੀ ਅਵੇਸਲਾ ਹੋ ਜਾਵੇਗਾ। ਭਾਵੇਂ ਵਲਾਦੀਮੀਰ ਪੂਤਿਨ ਪ੍ਰਤੀ ਡੋਨਲਡ ਟਰੰਪ ਦੇ ਸਨੇਹ ਤੋਂ ਸਾਰੇ ਪਹਿਲਾਂ ਹੀ ਜਾਣੂ ਹਨ, ਪਰ ਬਹੁਤਿਆਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਰਾਸ਼ਟਰਪਤੀ ਵਜੋਂ ਦੂਜਾ ਕਾਰਜਕਾਲ ਸ਼ੁਰੂ ਕਰਨ ਤੋਂ ਬਾਅਦ ਏਨੀ ਛੇਤੀ ਉਹ ਯੂਕਰੇਨ ਦੁਆਲੇ ਹੋ ਜਾਵੇਗਾ। ਟਰੰਪ ਤੇ ਉਪ ਰਾਸ਼ਟਰਪਤੀ ਜੇਡੀ ਵਾਂਸ ਹੱਥੋਂ ਵੋਲੋਦੀਮੀਰ ਜ਼ੇਲੈਂਸਕੀ ਦੇ ਜਨਤਕ ਤੌਰ ’ਤੇ ਹੋਏ ਤ੍ਰਿਸਕਾਰ ਦਾ ਰੂਸੀ ਸਿਆਸਤਦਾਨਾਂ ਤੇ ਪ੍ਰਾਪੇਗੰਡਾ ਕਰਨ ਵਾਲਿਆਂ ਨੇ ਵੱਡੇ ਪੱਧਰ ’ਤੇ ਸੁਆਗਤ ਕੀਤਾ ਹੈ ਜਿਨ੍ਹਾਂ ਨੂੰ ਇਸ ’ਚੋਂ ਯੂਕਰੇਨ ’ਤੇ ਹਾਵੀ ਹੋਣ ਦੀ ਆਪਣੀ ਇੱਛਾ ਦੀ ਪੂਰਤੀ ਹੁੰਦਿਆਂ ਦਿਸ ਰਹੀ ਹੈ।
ਹਾਲਾਂਕਿ ਟਰੰਪ ਇਸ ਗੱਲ ਦਾ ਅਨੁਮਾਨ ਸ਼ਾਇਦ ਨਹੀਂ ਲਾ ਸਕਿਆ ਕਿ ਯੂਕਰੇਨ ਦੇ ਯੂਰੋਪੀ ਸਾਥੀ ਸੰਕਟਗ੍ਰਸਤ ਮੁਲਕ ਦੀ ਮਦਦ ਲਈ ਏਨੀ ਤੇੇੇਜ਼ੀ ਨਾਲ ਲਾਮਬੰਦ ਹੋ ਜਾਣਗੇ। ਵ੍ਹਾਈਟ ਹਾਊਸ ਦੀ ਅਤਿ ਸੰਵੇਦਨਸ਼ੀਲ ਤਕਰਾਰ ਟੀਵੀ ’ਤੇ ਲਾਈਵ ਹੋਣ ਦੇ ਕੁਝ ਘੰਟਿਆਂ ਦੇ ਅੰਦਰ ਹੀ, ਵਿਦੇਸ਼ੀ ਮਾਮਲਿਆਂ ਤੇ ਸੁਰੱਖਿਆ ਨੀਤੀ ਲਈ ਯੂਰੋਪੀਅਨ ਯੂਨੀਅਨ ਦੀ ਉੱਚ ਪ੍ਰਤੀਨਿਧ ਕਾਯਾ ਕੈਲਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ: ‘ਯੂਕਰੇਨ ਯੂਰੋਪ ਹੈ! ਅਸੀਂ ਯੂਕਰੇਨ ਦੇ ਨਾਲ ਹਾਂ। ਅਸੀਂ ਯੂਕਰੇਨ ਲਈ ਆਪਣੀ ਮਦਦ ਵਿੱਚ ਵਾਧਾ ਕਰ ਰਹੇ ਹਾਂ ਤਾਂ ਕਿ ਉਹ ਹਮਲਾਵਰ ਦਾ ਮੁਕਾਬਲਾ ਕਰਨਾ ਜਾਰੀ ਰੱਖ ਸਕਣ।’ ਉਸ ਦੀ ਅਗਲੀ ਟਿੱਪਣੀ ਸੀ: ‘ਅੱਜ, ਇਹ ਸਾਫ਼ ਹੋ ਗਿਆ ਹੈ ਕਿ ਸੁਤੰਤਰ ਸੰਸਾਰ ਨੂੰ ਨਵੇਂ ਆਗੂ ਦੀ ਲੋੜ ਹੈ। ਇਹ ਹੁਣ ਸਾਡੇ ਉੱਤੇ ਹੈ, ਯੂਰੋਪੀਅਨਾਂ ’ਤੇ ਕਿ ਇਸ ਚੁਣੌਤੀ ਨੂੰ ਸਵੀਕਾਰੀਏ।’
ਵਰਤਮਾਨ ਅਹੁਦਾ ਸੰਭਾਲਣ ਤੋਂ ਪਹਿਲਾਂ, ਕੈਲਸ ਅਸਤੋਨੀਆ ਦੀ ਪ੍ਰਧਾਨ ਮੰਤਰੀ ਰਹਿ ਚੁੱਕੀ ਹੈ ਜੋ ਕਿ ਬਾਲਟਿਕ ਗਣਰਾਜਾਂ ’ਚੋਂ ਇੱਕ ਨਿੱਕਾ ਜਿਹਾ, ਪਰ ਖ਼ੁਦਮੁਖਤਾਰ ਦੇਸ਼ ਹੈ, ਉਹੀ ਬਾਲਟਿਕ ਦੇਸ਼ ਜੋ ਕਿਸੇ ਸਮੇਂ ਸੋਵੀਅਤ ਸ਼ਾਸਨ ਹੇਠ ਰਹਿ ਚੁੱਕੇ ਹਨ ਤੇ ਜਿਨ੍ਹਾਂ ’ਤੇ ਪੂਤਿਨ ਅਤੇ ਉਸ ਦੇ ਪਿੱਠੂ ਹਾਲੇ ਵੀ ਲਲਚਾਈ ਨਿਗ੍ਹਾ ਰੱਖਦੇ ਹਨ। ਹਾਲਾਂਕਿ, ਉਸ ਦੀ ਦਲੇਰ ਪੋਸਟ ਤੋਂ ਵੀ ਵੱਧ ਮਹੱਤਵ ਰੱਖਦੀ ਹੈ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਵੱਲੋਂ ਯੂਕਰੇਨ ਨਾਲ ਜਨਤਕ ਤੌਰ ’ਤੇ ਜ਼ਾਹਿਰ ਕੀਤੀ ਇਕਜੁੱਟਤਾ, ਜਿਨ੍ਹਾਂ ਜ਼ੇਲੈਂਸਕੀ ਨੂੰ ਆਪਣੀ ਸਰਕਾਰੀ ਰਿਹਾਇਸ਼ ’ਤੇ ਸੱਦਿਆ ਅਤੇ ਉਹ ਸਤਿਕਾਰ ਦਿੱਤਾ ਜੋ ਵ੍ਹਾਈਟ ਹਾਊਸ ’ਚ ਨਹੀਂ ਦਿੱਤਾ ਗਿਆ ਤੇ ਨਾਲ ਹੀ ਕੁਝ ਠੋਸ ਸਾਜ਼ੋ-ਸਾਮਾਨ ਦੀ ਮਦਦ ਵੀ ਦਿੱਤੀ। ਇਸ ਤੋਂ ਬਾਅਦ ਯੂਰੋਪੀ ਆਗੂਆਂ ਦੀ ਇੱਕ ਵੱਡੀ ਬੈਠਕ ਹੋਈ, ਜਿਨ੍ਹਾਂ ਯੂਕਰੇਨ ਦੀ ਖ਼ੁਦਮੁਖਤਾਰੀ ਲਈ ਆਪਣੇ ਸਮਰਥਨ ਦੀ ਤਸਦੀਕ ਕੀਤੀ।
ਬਹਾਦਰੀ ਵਾਲਾ ਪੈਂਤੜਾ ਅਖ਼ਤਿਆਰ ਕਰਨ ਦੇ ਬਾਵਜੂਦ ਯੂਰੋਪੀ ਸਿਆਸਤਦਾਨ ਜਾਣਦੇ ਹਨ ਕਿ ਉਨ੍ਹਾਂ ਕੋਲ ਯੂਕਰੇਨ ਨੂੰ ਰੂਸੀ ਹੱਲੇ ਤੋਂ ਬਚਾਉਣ ਦੀ ਫ਼ੌਜੀ ਸਮਰੱਥਾ ਨਹੀਂ ਹੈ। ਫਿਰ ਵੀ ਉਨ੍ਹਾਂ ਨੂੰ ਆਸ ਹੈ ਕਿ ਯੂਕਰੇਨ ਨੂੰ ਫ਼ੌਜੀ ਮਦਦ ਅਚਾਨਕ ਬੰਦ ਕਰਨ ਦੇ ਇਰਾਦੇ ’ਤੇ ਟਰੰਪ ਵਿਚਾਰ ਕਰੇਗਾ, ਸ਼ਾਇਦ ਅਮਰੀਕੀ ਕੰਪਨੀਆਂ ਨੂੰ ਉਸ ਮੁਲਕ ਦੇ ਅਣਮੁੱਲੇ ਖਣਿਜ ਸਰੋਤਾਂ ਦੀ ਲੁੱਟ ਤੋਂ ਮੁਨਾਫ਼ਾ ਕਮਾਉਣ ਦਾ ਲਾਲਚ ਮਿਲਣ ਤੋਂ ਬਾਅਦ।
ਵਰਤਮਾਨ ਘਟਨਾਕ੍ਰਮ ਦੀ ਰੋਸ਼ਨੀ ’ਚ ਗਰਾਂਟਾ ਰਸਾਲੇ ਨੂੰ ਪੜ੍ਹਨਾ ਇੱਕ ਦਿਲਚਸਪ ਤੇ ਲੁਭਾਉਣਾ ਕਾਰਜ ਸੀ। ਇਸ ਕਾਲਮ ਨੂੰ ਮੈਂ ਸੰਵਾਦ ਵਿੱਚੋਂ ਇੱਕ ਟਿੱਪਣੀ ਨਾਲ ਖ਼ਤਮ ਕਰਾਂਗਾ ਜੋ ਕਿ ਸਟੀਨਰ ਤੇ ਸਿਨਯਾਵਸਕੀ ਵੱਲੋਂ ਕੀਤੇ ਬਿਆਨਾਂ ਨਾਲੋਂ ਵੀ ਵੱਧ ਭਵਿੱਖਦਰਸ਼ੀ ਹੈ। ਇਹ ਪੂਰਬੀ ਜਰਮਨੀ ਦੇ ਵਿਦਰੋਹੀ ਲੇਖਕ ਜੁਰੇਕ ਬੈੱਕਰ ਦੀ ਹੈ, ਜੋ ਕੁੱਝ ਇਉਂ ਹੈ: ‘ਪੱਛਮ ਵਿੱਚ, ਅਸੀਂ ਅਜਿਹੇ ਸਮਾਜਾਂ ’ਚ ਰਹਿੰਦੇ ਹਾਂ ਜਿਨ੍ਹਾਂ ਦਾ ਕੋਈ ਖ਼ਾਸ ਟੀਚਾ ਜਾਂ ਉਦੇਸ਼ ਨਹੀਂ ਹੈ। ਜੇਕਰ ਕੋਈ ਮਾਰਗਦਰਸ਼ਕ ਸਿਧਾਂਤ ਹੈ ਤਾਂ ਇਹ ਉਪਭੋਗਤਾਵਾਦ ਹੈ। ਸਿਧਾਂਤਕ ਰੂਪ ’ਚ, ਜਦ ਤੱਕ ਧਰਤੀ ਪੂਰੀ ਤਰ੍ਹਾਂ ਬਰਬਾਦ ਨਹੀਂ ਹੋ ਜਾਂਦੀ, ਅਸੀਂ ਆਪਣੀ ਖ਼ਪਤ ਵਧਾ ਸਕਦੇ ਹਾਂ, ਤੇ ਮੌਜੂਦਾ ਰੁਝਾਨਾਂ ਨੂੰ ਦੇਖਦਿਆਂ ਲੱਗਦਾ ਹੈ ਕਿ ਇਹੀ ਹੋਵੇਗਾ।’
ਈ-ਮੇਲ: ramachandraguha@yahoo.in