ਨਿੱਜੀ ਪੱਤਰ ਪ੍ਰੇਰਕਖੰਨਾ, 30 ਨਵੰਬਰਇਥੋਂ ਦੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਮੈਬਰਾਂ ਦੀ ਇੱਕਤਰਤਾ ਹਰਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਕਾਰ ਵੱਲੋਂ ਕੀਤੇ ਜਾ ਰਹੇ ਮਾੜੇ ਵਤੀਰੇ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਮੀਟਿੰਗ ਵਿੱਚ ਅਹੁਦੇਦਾਰਾਂ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਕਾਲੇ ਪਾਣੀ ਦੇ ਮੋਰਚੇ ਵੱਲੋਂ ਦਿੱਤੀ ਕਾਲ ’ਤੇ ਚਰਚਾ ਕਰਦਿਆਂ ਕਿਹਾ ਕਿ ਜੇ ਸਰਕਾਰ ਇਸ ਕਾਲੇ ਪਾਣੀ ਦੇ ਧੰਦੇ ਨੂੰ ਬੰਦ ਨਹੀਂ ਕਰਵਾਉਂਦੀ ਤਾਂ ਪੰਜਾਬ ਦੇ ਲੋਕ ਇਨ੍ਹਾਂ ਜ਼ਹਿਰਾਂ ਨੂੰ ਰੋਕਣ ਲਈ 3 ਦਸੰਬਰ ਨੂੰ ਲੁਧਿਆਣਾ ਪਹੁੰਚ ਕੇ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਇੰਡਸਟਰੀ ਦੇ ਪਲਾਂਟ ਬੰਦ ਕਰਵਾਉਣਗੇ ਤਾਂ ਜੋ ਬੁੱਢੇ ਦਰਿਆ, ਸਤਲੁਜ, ਪੰਜਾਬ, ਪੰਜਾਬੀ ਲੋਕ ਅਤੇ ਵਾਤਾਵਰਨ ਨੂੰ ਬਚਾਇਆ ਜਾ ਸਕੇ।ਸ੍ਰੀ ਗਰੇਵਾਲ ਨੇ ਕਿਸਾਨ ਭਰਾਵਾਂ ਅਤੇ ਹੋਰ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਭਾਰਤੀ ਕਿਸਾਨ ਯੂਨੀਅਨ ਵੱਲੋਂ ਸ਼ੁਰੂ ਕੀਤੇ ਜਾ ਰਹੇ ਮੋਰਚੇ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਜੋ ਪੰਜਾਬ ਦੇ ਪਾਣੀਆਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਰੂਪ ਸਿੰਘ, ਦਵਿੰਦਰ ਸਿੰਘ, ਬਲਦੇਵ ਸਿੰਘ, ਰਣਜੀਤ ਸਿੰਘ, ਜਗਦੇਵ ਸਿੰਘ, ਬਲਜੀਤ ਸਿੰਘ, ਜਸਮੇਲ ਸਿੰਘ, ਸਿਕੰਦਰ ਸਿੰਘ ਤੇ ਹੋਰ ਹਾਜ਼ਰ ਸਨ।