ਮੇਜਰ ਸਿੰਘ ਮੱਟਰਾਂਭਵਾਨੀਗੜ੍ਹ, 11 ਮਾਰਚਇੱਥੇ ਬਸੰਤ ਨਗਰ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਲਾਕ ਆਗੂ ਕਰਮ ਚੰਦ ਪੰਨਵਾਂ ਦੀ ਅਗਵਾਈ ਹੇਠ ਇੱਕ ਕਿਸਾਨ ਬਲਦੇਵ ਸਿੰਘ ਦੇ ਘਰ ਦੀ ਕੁਰਕੀ ਦੇ ਆਰਡਰਾਂ ਵਿਰੁੱਧ ਧਰਨਾ ਦਿੱਤਾ ਗਿਆ।ਇਸ ਮੌਕੇ ਯੂਨੀਅਨ ਦੇ ਬਲਾਕ ਆਗੂ ਕਰਮ ਚੰਦ ਪੰਨਵਾਂ, ਹਰਪ੍ਰੀਤ ਸਿੰਘ ਬਾਲਦ, ਗਮਦੂਰ ਸਿੰਘ ਦਿਆਲਪੁਰਾ, ਇਕਾਈ ਪ੍ਰਧਾਨ ਹਰਦੇਵ ਸਿੰਘ ਭਵਾਨੀਗੜ੍ਹ, ਧਰਮ ਸਿੰਘ ਅਤੇ ਬਰਿੰਦਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਕਿਸਾਨ ਬਲਦੇਵ ਸਿੰਘ ਨੇ ਕੁਝ ਸਾਲ ਪਹਿਲਾਂ ਨਾਭੇ ਦੇ ਇੱਕ ਆੜ੍ਹਤੀਏ ਤੋਂ ਕੁਝ ਪੈਸੇ ਵਿਆਜ ’ਤੇ ਲਏ ਸਨ, ਜਿਸ ਬਦਲੇ ਉਸ ਨੇ ਆੜ੍ਹਤੀਏ ਕੋਲ ਸੂਰਜ ਮੁਖੀ ਦੀ ਫ਼ਸਲ ਵੇਚੀ ਸੀ। ਬਲਦੇਵ ਸਿੰਘ ਦੇ ਦੱਸਣ ਮੁਤਾਬਿਕ ਫਸਲ ਵੇਚਣ ਤੋਂ ਬਾਅਦ ਉਨ੍ਹਾਂ ਦਾ 20 ਹਜ਼ਾਰ ਰੁਪਿਆ ਬਾਕੀ ਰਹਿੰਦਾ ਸੀ, ਜਿਸ ਦੀ ਗਾਰੰਟੀ ਵਜੋਂ ਆੜ੍ਹਤੀਏ ਨੇ ਉਸ ਪਾਸੋਂ ਚੈੱਕ ਲਏ ਸਨ। ਕਿਸਾਨ ਨੇ ਦੱਸਿਆ ਕਿ ਬਾਅਦ ਵਿੱਚ ਆੜ੍ਹਤੀਏ ਨੇ ਚੈੱਕ 4 ਲੱਖ 12 ਹਜ਼ਾਰ ਦੀ ਰਕਮ ਬਣਾ ਕੇ ਅਦਾਲਤ ਵਿੱਚ ਕੇਸ ਦਰਜ ਕਰਵਾ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਅਦਾਲਤੀ ਹੁਕਮਾਂ ਦੇ ਆਧਾਰ ’ਤੇ ਅਧਿਕਾਰੀਆਂ ਵੱਲੋਂ ਉਕਤ ਕਿਸਾਨ ਦੇ ਘਰ ਦੀ ਕੁਰਕੀ ਕਰਨੀ ਸੀ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਕਰਜ਼ੇ ਕਾਰਨ ਕਿਸੇ ਵੀ ਕਿਸਾਨ, ਮਜ਼ਦੂਰ ਅਤੇ ਦੁਕਾਨਦਾਰ ਦੇ ਘਰ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਇਸੇ ਦੌਰਾਨ ਪੁਲੀਸ ਫੋਰਸ ਨਾ ਮਿਲਣ ਕਾਰਨ ਕੋਈ ਵੀ ਅਧਿਕਾਰੀ ਕੁਰਕੀ ਨਹੀਂ ਆਇਆ।