ਕਿਸਾਨ ਜਥੇਬੰਦੀਆਂ ਵੱਲੋਂ ਭਾਰਤ-ਪਾਕਿ ਜੰਗ ਦਾ ਵਿਰੋਧ
ਮੋਹਿਤ ਸਿੰਗਲਾ
ਨਾਭਾ, 8 ਜੂਨ
ਕਿਸਾਨ ਜਥੇਬੰਦੀਆਂ ਨੇ ਜੰਗ ਦਾ ਵਿਰੋਧ ਕਰਦਿਆਂ ਭਾਈਚਾਰਕ ਸਾਂਝ ਉਸਾਰਨ ਦਾ ਸੱਦਾ ਦਿੱਤਾ। ਨਾਭਾ ਦੇ ਰੋਟਰੀ ਕਲੱਬ ਵਿਚ ਚੱਲੀ ਚਾਰ ਘੰਟੇ ਮੀਟਿੰਗ ਵਿਚ ਲਗਪਗ 15 ਬੁਲਾਰਿਆਂ ਨੇ ਵਿਚਾਰ ਰੱਖੇ ਅਤੇ ਜੰਗ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਚਰਚਾ ਕੀਤੀ। ਖੇਤੀਬਾੜੀ ਤੇ ਕਿਸਾਨ ਵਿਕਾਸ ਫ਼ਰੰਟ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਕਿਰਤੀ ਕਿਸਾਨ ਯੂਨੀਅਨ, ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਆਦਿ ਜਥੇਬੰਦੀਆਂ ਤੋਂ ਆਗੂਆਂ ਨੇ ਇਸ ਮੀਟਿੰਗ ਵਿਚ ਭਾਗ ਲਿਆ। ਸੁਖਦੇਵ ਸਿੰਘ ਭੁਪਾਲ, ਸੁਖਦਰਸ਼ਨ ਸਿੰਘ ਨੱਤ, ਗੁਰਮੀਤ ਸਿੰਘ ਦਿੱਤੂਪੁਰ, ਹਰਦੀਪ ਸਿੰਘ ਆਦਿ ਸਥਾਨਕ ਕਿਸਾਨ ਆਗੂਆਂ ਨੇ ਇਸ ਮੌਕੇ ਆਰਥਿਕ ਪਾੜੇ ਅਤੇ ਵਾਤਾਵਰਨ ਦੇ ਵਿਗਾੜ ਵਿੱਚੋ ਪੈਦਾ ਹੋ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿਚ ਹਾਲਾਤਾਂ ’ਚ ਕੋਈ ਫ਼ਰਕ ਨਹੀਂ। ਇਸ ਮੌਕੇ ਕਿਸਾਨ ਆਗੂ ਜਗਪਾਲ ਉਧਾ ਨੇ ਦੱਸਿਆ ਕਿ ਜੰਗ ਦੇ ਆਮ ਜਨਤਾ ਨੂੰ ਨੁਕਸਾਨ ਦੀ ਸਮਝ ਪੈਦਾ ਕਰਨ ਅਤੇ ਭਾਰਤ-ਪਾਕਿਸਤਾਨ ਵਿਚਾਲੇ ਮਸਲਿਆਂ ਦੇ ਹੱਲ ਦੇ ਸੁਚਾਰੂ ਤਰੀਕਿਆਂ ਬਾਰੇ ਇੱਕ ਲੋਕ ਰਾਇ ਵਿਕਸਤ ਕਰਨ ਬਾਰੇ ਪ੍ਰੋਗਰਾਮ ਉਲੀਕੇ ਜਾਣਗੇ।