ਸੰਤੋਖ ਗਿੱਲਰਾਏਕੋਟ, 6 ਫਰਵਰੀਬਾਇਓ ਗੈਸ ਫ਼ੈਕਟਰੀਆਂ ਵਿਰੁੱਧ ਮੋਰਚਿਆਂ ਨੂੰ ਖਦੇੜਣ ਦੇ ਇਰਾਦੇ ਨਾਲ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਦੇ ਵਿਰੋਧ ਵਿੱਚ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਪੁਲੀਸ ਵੱਲੋਂ ਕਿਸਾਨ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਨਜ਼ਰਬੰਦ ਕਰਨ ਦਾ ਵਿਰੋਧ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੱਸਿਆ ਕਿ ਥਾਣਾ ਰਾਏਕੋਟ ਸਦਰ ਪੁਲੀਸ ਨੇ ਭਾਕਿਯੂ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੂੰ ਉਨ੍ਹਾਂ ਦੇ ਪਿੰਡ ਨੂਰਪੁਰਾ ਦੇ ਘਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ। ਥਾਣਾ ਸਦਰ ਰਾਏਕੋਟ ਦੇ ਮੁਖੀ ਕੁਲਵਿੰਦਰ ਸਿੰਘ ਅਨੁਸਾਰ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਰੋਕਥਾਮ ਦੀ ਕਾਰਵਾਈ ਕੀਤੀ ਗਈ ਸੀ।ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਡੇਹਲੋਂ ਦੀ ਗੁਰਦੁਆਰਾ ਸਾਹਿਬ ਡੇਹਲੋਂ ਵਿੱਚ ਜਸਵੀਰ ਸਿੰਘ ਖੱਟੜਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਜਬਰੀ ਅਕਵਾਇਰ ਕਰਨ ਤੇ ਪਿੰਡ ਜਿਊਂਦ ਵਿੱਚ ਕਰੀਬ ਸਵਾ ਸੌ ਸਾਲਾਂ ਤੋਂ ਜ਼ਮੀਨ ਦੇ ਕਾਬਜ਼ਕਾਰਾਂ ਨੂੰ ਧੱਕੇ ਨਾਲ ਹਟਾਉਣ ਦੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 8 ਫਰਵਰੀ ਨੂੰ ਜ਼ਿਲ੍ਹਾ ਲੁਧਿਆਣਾ ਦੇ ਸਾਥੀ ਵੱਡੀ ਗਿਣਤੀ ਵਿੱਚ ਪਿੰਡ ਜਿਊਂਦ ਜਾਣਗੇ। ਮੀਟਿੰਗ ਵਿੱਚ ਮੁਸ਼ਕਾਬਾਦ, ਭੂੰਦੜੀ ਬਾਇਓ ਗੈਸ ਫ਼ੈਕਟਰੀਆਂ ਖ਼ਿਲਾਫ਼ ਮੋਰਚਿਆਂ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਹਮਾਇਤੀ ਜਥੇਬੰਦੀਆਂ ਦੇ ਆਗੂਆਂ ਨੂੰ ਦਿਨ ਭਰ ਘਰਾਂ ਵਿੱਚ ਬੰਦੀ ਬਣਾ ਕੇ ਰੱਖਣ ਖ਼ਿਲਾਫ਼ ਅਵਾਜ਼ ਬੁਲੰਦ ਕੀਤੀ।ਗੁਰੂਸਰ ਸੁਧਾਰ: ਪੱਖੋਵਾਲ ਵਿੱਚ ਜਮਹੂਰੀ ਕਿਸਾਨ ਸਭਾ ਦੇ ਸੱਦੇ ਅਨੁਸਾਰ ਕਸਬਾ ਪੱਖੋਵਾਲ ਵਿੱਚ ਕਿਸਾਨਾਂ-ਮਜ਼ਦੂਰਾਂ ਵੱਲੋਂ ਕੇਂਦਰੀ ਬਜਟ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ। ਜਮਹੂਰੀ ਕਿਸਾਨ ਸਭਾ ਦੇ ਆਗੂਆਂ ਕੁਲਦੀਪ ਸਿੰਘ ਗਰੇਵਾਲ ਅਤੇ ਜਸਵੰਤ ਸਿੰਘ ਟੂਸੇ ਨੇ ਮੋਦੀ ਸਰਕਾਰ ਵੱਲੋਂ ਪੇਸ਼ ਕੇਂਦਰੀ ਬਜਟ ਨੂੰ ਕਾਰਪੋਰੇਟ ਪੱਖੀ ਦੱਸਦਿਆਂ ਜ਼ੋਰਦਾਰ ਨਿਖੇਧੀ ਕੀਤੀ। ਇਸ ਮੌਕੇ ਲਾਭ ਸਿੰਘ, ਡੋਗਰ ਸਿੰਘ ਟੂਸੇ, ਬਲਦੇਵ ਸਿੰਘ, ਕੁਲਦੀਪ ਸਿੰਘ, ਰਾਮ ਸਿੰਘ ਤੇ ਇੰਦਰਪ੍ਰੀਤ ਸਿੰਘ ਮੌਜੂਦ ਸਨ।