ਖੇਤਰੀ ਪ੍ਰਤੀਨਿਧਪਟਿਆਲਾ, 10 ਅਪਰੈਲਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅੱਜ ਇੱਥੇ ਗੁਰਦੁਆਰਾ ਸਾਹਿਬ ਮਾਲੋਮਜਰਾ ਵਿਖੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਬਲਜਿੰਦਰ ਢੀਂਡਸਾ, ਜਰਨੈਲ ਕਾਲੇਕਾ, ਸਤਵੰਤ ਸਿੰਘ ਵਜੀਦਪੁਰ , ਜਗਤਾਰ ਬਰਸਟ, ਗੁਰਨਾਮ ਢੈਂਠਲ, ਯਾਦਵਿੰਦਰ ਸਿੰਘ, ਇੰਦਰਮੋਹਨ ਘੁਮਾਣਾ, ਦੀਪਾ ਸਿੰਘ, ਵਿਕਰਮਜੀਤ ਅਰਨੋ, ਮਹਿੰਦਰ ਸਿੰਘ, ਕੇਹਰ ਸਿੰਘ, ਅਵਤਾਰ ਸਿੰਘ ਦਿਆਗੜ੍ਹ,ਪਲਜੀਤ ਸਿੰਘ, ਬੰਟੀ ਸਿੰਘ ਮਿੱਠੂਮਾਜਰਾ, ਨਾਜ਼ਰ ਕਕਰਾਲਾ, ਬਲਦੇਵ ਭਾਨਰੀ ਤੇ ਭਾਗ ਸਿੰਘ ਫਤਹਿਪੁਰ ਨੇ ਸ਼ਿਰਕਤ ਕੀਤੀ।ਬੁਲਾਰਿਆਂ ਨੇ ਕਿਹਾ ਕਿ 19 ਮਾਰਚ ਕੇਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਪਰਤਦਿਆਂ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਪੁਲੀਸ ਵੱਲੋਂ ਸ਼ੰਭੂ ਅਤੇ ਢਾਬੀਗੁੱੱਜਰਾਂ ਬਾਰਡਰਾਂ ’ਤੇ 13 ਮਹੀਨਿਆਂ ਤੋਂ ਜਾਰੀ ਕਿਸਾਨ ਮੋਰਚਿਆਂ ਨੂੰ ਵੀ ਖਦੇੜ ਦਿੱਤਾ ਸੀ, ਜਦਕਿ ਇਸ ਦੌਰਾਨ ਬਚੇ ਸਾਜ਼ੋ-ਸਾਮਾਨ ਸਣੇ ਟਰੈਕਟਰ-ਟਰਾਲੀਆਂ ਨੂੰ ਲਾਂਭੇ ਖੜ੍ਹਾ ਦਿੱਤਾ ਗਿਆ ਸੀ ਪਰ ਕੁਝ ਰਾਜਸੀ ਆਗੂਆਂ ਦੀ ਸ਼ਹਿ ’ਤੇ ਨਾ ਸਿਰਫ਼ ਕਿਸਾਨਾਂ ਦਾ ਸਾਮਾਨ, ਬਲਕਿ ਟਰੈਕਟਰ ਟਰਾਲੀਆਂ ਵੀ ਹੱਕ ਕੇ ਲੈ ਗਏ ਸਨ। ਇਸ ਤਹਿਤ ਉਨ੍ਹਾਂ ਕਿਸਾਨਾਂ ਦਾ ਸਾਮਾਨ ਚੋਰੀ ਕਰਨ ਅਤੇ ਕਰਵਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨਾਲ ਸਬੰਧਿਤ ਅੰਦੋਲਨ ਦੀਆਂ ਮੰਗਾਂ ਦੀ ਪੂਰਤੀ ’ਤੇ ਵੀ ਜ਼ੋਰ ਦਿੱਤਾ, ਜਿਸ ’ਚ ਐੱਮਐੱਸਪੀ ਗਾਰੰਟੀ ਕਾਨੂੰਨ ਤੇ ਕਿਸਾਨ ਮਜ਼ਦੂਰ ਦੀ ਕਰਜ਼ ਮੁਕਤੀ ਸਣੇ ਹੋਰ ਮੰਗਾਂ ਸ਼ਾਮਲ ਹਨ।