ਕਿਸਾਨਾਂ ਵੱਲੋਂ ਰਾਜਾਸਾਂਸੀ ਥਾਣੇ ਦਾ ਘਿਰਾਓ
ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 30 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰਾਜਾਸਾਂਸੀ ਥਾਣੇ ਅੱਗੇ ਪ੍ਰਧਾਨ ਪ੍ਰਗਟ ਸਿੰਘ ਧਰਮਕੋਟ ਅਤੇ ਨਰਿੰਦਰ ਸਿੰਘ ਭਿੱਟੇਵੱਡ ਦੀ ਅਗਵਾਈ ਵਿੱਚ ਪਿੰਡ ਝੰਜੋਟੀ ਦੇ ਮਸਲੇ ਸਬੰਧੀ ਧਰਨਾ ਦਿੱਤਾ ਗਿਆ। ਆਗੂਆਂ ਨੇ ਕਿਹਾ ਪਿੰਡ ਝੰਜੋਟੀ ਦੇ ਇੱਕ ਸਾਬਕਾ ਫ਼ੌਜੀ ਦਾ ਲੰਮੇ ਸਮੇਂ ਤੋਂ ਗਲੀ ਦਾ ਮਸਲਾ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪਿੰਡ ਦੇ ਕੁਝ ਲੋਕਾਂ ਨੇ ਸਿਆਸੀ ਸ਼ਹਿ ’ਤੇ ਸਾਬਕਾ ਫ਼ੌਜੀ ਦੇ ਘਰ ਨੂੰ ਜਾਂਦਾ ਰਾਹ ਪੁੱਟ ਦਿੱਤਾ, ਜਿਸ ਕਾਰਨ ਪਰਿਵਾਰ ਫ਼ਸਲਾਂ ਵਿੱਚੋਂ ਲੰਘ ਕੇ ਘਰ ਪਹੁੰਚਣ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਲੰਮੇ ਸਮੇਂ ਤੋਂ ਇਨਸਾਫ ਦੀ ਮੰਗ ਕਰ ਰਿਹਾ ਸੀ ਪਰ ਥਾਣਿਆਂ, ਉੱਚ ਅਧਿਕਾਰੀਆਂ ਦੇ ਦਫ਼ਤਰਾਂ ਵਿੱਚ ਖੱਜਲ-ਖੁਆਰੀ ਤੋਂ ਬਿਨਾਂ ਕੁਝ ਹਾਸਲ ਨਹੀਂ ਹੋ ਰਿਹਾ। ਆਗੂਆਂ ਨੇ ਕਿਹਾ ਕਿ ਸਾਬਕਾ ਫ਼ੌਜੀ ਨੇ ਜਥੇਬੰਦੀ ਨਾਲ ਮਸਲਾ ਸਾਂਝਾ ਕੀਤਾ, ਜਿਸ ’ਤੇ ਅੱਜ ਥਾਣੇ ਦਾ ਘਿਰਾਓ ਕੀਤਾ ਗਿਆ। ਉਨ੍ਹਾਂ ਕਿਹਾ ਥਾਣੇ ਦੇ ਬਦਲ ਚੁੱਕੇ ਐੱਸਐੱਚਓ ਦੇ ਵੇਲੇ ਗਲੀ ਪੁੱਟੀ ਗਈ ਸੀ ਅਤੇ ਜੇ ਉਹ ਸਮਾਂ ਰਹਿੰਦਿਆਂ ਕਾਰਵਾਈ ਕਰਦੇ ਤਾਂ ਹਾਲਾਤ ਇਹ ਨਾ ਬਣਦੇ।
ਥਾਣੇ ਦੇ ਨਵ-ਨਿਯੁਕਤ ਐੱਸਐੱਚਓ ਅਵਤਾਰ ਸਿੰਘ ਨੇ ਜਥੇਬੰਦੀ ਨੂੰ ਭਰੋਸਾ ਦਿੱਤਾ ਕਿ ਪੰਜ ਤੋਂ ਸੱਤ ਦਿਨ ਤੱਕ ਮਸਲਾ ਹੱਲ ਕਰਵਾ ਦਿੱਤਾ ਜਾਵੇਗਾ। ਜਥੇਬੰਦੀ ਦੇ ਆਗੂਆਂ ਨੇ ਇਸ ਭਰੋਸੇ ਮਗਰੋਂ ਘਿਰਾਓ ਖਤਮ ਕਰਦਿਆਂ ਉਮੀਦ ਜਤਾਈ ਕਿ ਮੁੱਖ ਅਫ਼ਸਰ ਤੇ ਡੀਐੱਸਪੀ ਰਾਜਾਸਾਂਸੀ ਮਸਲਾ ਹੱਲ ਕਰਾਉਣਗੇ। ਉਨ੍ਹਾਂ ਕਿਹਾ ਜੇ ਫਿਰ ਵੀ ਮਸਲਾ ਹੱਲ ਨਾ ਕੀਤਾ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਹਰਚਰਨ ਸਿੰਘ ਮੱਧੀਪੁਰ, ਬਾਬਾ ਰਾਜਨ ਸਿੰਘ, ਡਾ. ਪਰਮਿੰਦਰ ਸਿੰਘ ਪੰਡੋਰੀ, ਬਲਦੇਵ ਸਿੰਘ ਫ਼ੌਜੀ, ਕੁਲਬੀਰ ਜੇਠੂਵਾਲ, ਨਿਰਵੈਰ ਸਿੰਘ ਪਠਾਨ ਨੰਗਲ ਤੇ ਕੁਲਦੀਪ ਸਿੰਘ ਨੰਗਲ ਹਾਜ਼ਰ ਸਨ।