For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਲਈ ਅਪਰੈਲ ਦਾ ਦੂਜਾ ਪੰਦਰਵਾੜਾ

04:21 AM Apr 14, 2025 IST
ਕਿਸਾਨਾਂ ਲਈ ਅਪਰੈਲ ਦਾ ਦੂਜਾ ਪੰਦਰਵਾੜਾ
Advertisement
ਡਾ. ਰਣਜੀਤ ਸਿੰਘ
Advertisement

ਕਣਕ ਦੀ ਵਾਢੀ ਸ਼ੁਰੂ ਹੋ ਗਈ ਹੈ। ਜੇ ਕੰਬਾਈਨ ਨਾਲ ਵਾਢੀ ਕਰਵਾਉਣੀ ਹੈ ਤਾਂ ਖੇਤ ਵਿੱਚ ਖੜ੍ਹੇ ਨਾੜ ਨੂੰ ਅੱਗ ਨਾ ਲਗਾਓ। ਇਸ ਨਾਲ ਵਾਤਾਵਰਨ ਹੀ ਪਲੀਤ ਨਹੀਂ ਹੁੰਦਾ ਸਗੋਂ ਧਰਤੀ ਦੀ ਉਪਜਾਊ ਸ਼ਕਤੀ ਵੀ ਨਸ਼ਟ ਹੁੰਦੀ ਹੈ। ਅੱਗ ਲਗਾਉਣਾ ਕਾਨੂੰਨੀ ਤੌਰ ਉਤੇ ਜੁਰਮ ਵੀ ਹੈ। ਇਸ ਨੂੰ ਕੱਟ ਕੇ ਤੂੜੀ ਬਣਾਓ ਤੇ ਪੈਸੇ ਕਮਾਓ। ਮੰਡੀ ਵਿੱਚ ਸਾਫ਼-ਸੁਥਰੀ ਕਣਕ ਲੈ ਕੇ ਜਾਓ। ਜਦੋਂ ਬੋਲੀ ਜਾਂ ਕਣਕ ਦੀ ਸਫ਼ਾਈ ਹੋਵੇ ਤਾਂ ਉੱਥੇ ਤੁਹਾਡੀ ਹਾਜ਼ਰੀ ਜ਼ਰੂਰੀ ਹੈ। ਤੁਲਾਈ ਵੀ ਆਪਣੇ ਸਾਹਮਣਾ ਕਰਵਾਓ। ਫ਼ਸਲ ਦੀ ਵਿਕਰੀ ਪਿੱਛੋਂ ਆੜ੍ਹਤੀਏ ਕੋਲੋਂ ਫਾਰਮ ‘ਜੇ’ ਜ਼ਰੂਰ ਲਵੋ। ਇਸ ਫਾਰਮ ਵਿੱਚ ਫ਼ਸਲ ਦੀ ਵਿਕਰੀ ਦਾ ਪੂਰਾ ਵੇਰਵਾ ਹੋਣਾ ਚਾਹੀਦਾ ਹੈ। ਕਣਕ ਵਿੱਚ ਨਮੀ ਦੀ ਮਾਤਰਾ 12 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣੀ ਚਾਹੀਦੀ; ਜੇ ਵਧ ਮਾਤਰਾ ਹੋਵੇਗੀ ਤਾਂ ਵੇਚਣ ਵਿੱਚ ਦਿੱਕਤ ਆਵੇਗੀ ਤੇ ਨਮੀ ਕਾਰਨ ਕੱਟ ਵੀ ਲਗਾਇਆ ਜਾ ਸਕਦਾ ਹੈ।

Advertisement
Advertisement

ਨਵੇਂ ਬੀਜੇ ਕਮਾਦ ਦੀ ਗੋਡੀ ਕਰੋ। ਜਦੋਂ ਕਮਾਦ ਉੱਗ ਪਵੇ ਤਾਂ ਲਾਈਨਾਂ ਵਿਚਕਾਰ ਸੁੱਕਾ ਘਾਹ ਫੂਸ ਜਾਂ ਪਰਾਲੀ ਵਿਛਾ ਦਿਓ। ਇਸ ਨਾਲ ਨਦੀਨਾਂ ਦੀ ਰੋਕਥਾਮ ਹੋਵੇਗੀ ਅਤੇ ਪਾਣੀ ਦੀ ਵੀ ਬੱਚਤ ਹੋ ਸਕੇਗੀ। ਇਹ ਦਿਨ ਤੁਹਾਡੇ ਲਈ ਰੁਝੇਵਿਆਂ ਭਰੇ ਹਨ। ਤੁਸੀਂ ਮਿਹਨਤ ਨਾਲ ਪਾਲੀ ਕਣਕ ਦੀ ਸਾਂਭ-ਸੰਭਾਲ ਕਰਨੀ ਹੈ, ਫਿਰ ਵੀ ਜੇ ਹੋ ਸਕੇ ਤਾਂ ਕੁਝ ਰਕਬੇ ਵਿੱਚ ਸਬਜ਼ੀਆਂ ਦੀ ਕਾਸ਼ਤ ਜ਼ਰੂਰ ਕਰੋ। ਇਸ ਹਫ਼ਤੇ ਜੇਕਰ ਬੈਂਗਣਾਂ ਦੀ ਪਨੀਰੀ ਤਿਆਰ ਹੈ ਤਾਂ ਉਹ ਪੁੱਟ ਕੇ ਖੇਤੀ ਵਿੱਚ ਲਗਾਈ ਜਾ ਸਕਦੀ ਹੈ। ਪਾਲਕ, ਮੂਲੀ ਅਤੇ ਹਲਦੀ ਦੀ ਬਿਜਾਈ ਲਈ ਵੀ ਇਹ ਢੁੱਕਵਾਂ ਸਮਾਂ ਹੈ। ਪੰਜਾਬ ਨੀਲਮ ਤੇ ਬੀਐੱਚ-2, ਪੀਬੀਐੱਚਆਰ-41, ਪੀਬੀਐੱਚ-6, ਗੋਲ ਬੈਂਗਣਾਂ ਦੀਆਂ ਕੁਝ ਕਿਸਮਾਂ ਹਨ। ਪੀਬੀਐੱਚ-6 ਦੋਗਲੀ ਕਿਸਮ ਹੈ ਤੇ ਇਸ ਤੋਂ ਇਕ ਏਕੜ ਵਿੱਚੋਂ ਕੋਈ 278 ਕੁਇੰਟਲ ਬੈਂਗਣ ਪ੍ਰਾਪਤ ਹੋ ਜਾਂਦੇ ਹਨ। ਪੰਜਾਬ ਸਦਾਬਹਾਰ, ਪੰਜਾਬ ਰੌਣਕ, ਪੀਬੀਐੱਚ-5, ਪੀਬੀਐੱਚ-4 ਲੰਮੇ ਬੈਂਗਣਾਂ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਹਨ। ਪੀਬੀਐੱਚ-3 ਬੈਂਗਣੀ ਦੀਆਂ ਦੋਗਲੀਆਂ ਕਿਸਮਾਂ ਹਨ। ਇਨ੍ਹਾਂ ਤੋਂ 250 ਕੁਇੰਟਲ ਪ੍ਰਤੀ ਏਕੜ ਤੋਂ ਵੀ ਵੱਧ ਝਾੜ ਪ੍ਰਾਪਤ ਹੋ ਜਾਂਦਾ ਹੈ। ਪੰਜਾਬ ਨਗੀਨਾ ਅਤੇ ਪੰਜਾਬ ਭਰਪੂਰ ਵੀ ਬੈਂਗਣੀ ਦੀਆਂ ਹੀ ਕਿਸਮਾਂ ਹਨ। ਪਨੀਰੀ ਲਗਾਉਂਦੇ ਸਮੇਂ ਲਾਈਨਾਂ ਵਿਚਕਾਰ 60 ਅਤੇ ਬੂਟਿਆਂ ਵਿਚਕਾਰ 30 ਸੈਂਟੀਮੀਟਰ ਦਾ ਫਾਸਲਾ ਰੱਖਿਆ ਜਾਵੇ। ਪਾਲਕ ਦੀ ਕਾਸ਼ਤ ਸਾਰਾ ਸਾਲ ਹੀ ਕੀਤੀ ਜਾ ਸਕਦੀ ਹੈ। ਹੁਣ ਵੀ ਇਸ ਦੀ ਬਿਜਾਈ ਹੋ ਸਕਦੀ ਹੈ। ਪੰਜਾਬ ਗਰੀਨ ਸਿਫਾਰਸ਼ ਕੀਤੀ ਕਿਸਮ ਹੈ। ਬਿਜਾਈ ਸਮੇਂ ਇਕ ਏਕੜ ਵਿੱਚ 14 ਕਿਲੋ ਬੀਜ ਪਾਓ। ਲਾਈਨਾਂ ਵਿਚਕਾਰ ਫਾਸਲਾ 20 ਸੈਂਟੀਮੀਟਰ ਰੱਖਿਆ ਜਾਵੇ। ਮੂਲੀ ਦੀ ਹੁਣ ਬਿਜਾਈ ਲਈ ਪੂਸ ਚੇਤਕੀ ਕਿਸਮ ਬੀਜੋ। ਇਕ ਏਕੜ ਲਈ ਮੂਲੀ ਦਾ ਪੰਜ ਕਿਲੋ ਬੀਜ ਚਾਹੀਦਾ ਹੈ।

ਸ਼ਕਰਕੰਦੀ ਦੀ ਜੇਕਰ ਪਨੀਰੀ ਤਿਆਰ ਹੈ ਤਾਂ ਹੁਣ ਉਸ ਨੂੰ ਪੁੱਟ ਕੇ ਲਗਾਇਆ ਜਾ ਸਕਦਾ ਹੈ। ਪੰਜਾਬ ਸ਼ਕਰਕੰਦੀ-21 ਸਿਫ਼ਾਰਸ਼ ਕੀਤੀ ਗਈ ਕਿਸਮ ਹੈ। ਇਸ ਵਾਰ ਘੱਟੋ-ਘੱਟ ਘਰ ਦੀ ਵਰਤੋਂ ਲਈ ਕੁਝ ਰਕਬੇ ਵਿੱਚ ਸਬਜ਼ੀਆਂ ਦੀ ਕਾਸ਼ਤ ਜ਼ਰੂਰ ਕਰੋ। ਜੇ ਕੁਝ ਰਕਬਾ ਖਾਲੀ ਹੈ ਤਾਂ ਉੱਥੇ ਇਸ ਹਫ਼ਤੇ ਮੂੰਗੀ ਤੇ ਮਾਂਹ ਬੀਜੇ ਜਾ ਸਕਦੇ ਹਨ ਪਰ ਇਸ ਵਿੱਚ ਹੋਰ ਦੇਰੀ ਨਹੀਂ ਹੋਣੀ ਚਾਹੀਦੀ। ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਫ਼ਸਲ ਪੱਕ ਜਾਂਦੀ ਹੈ। ਇੰਝ ਘਰ ਦੀਆਂ ਦਾਲਾਂ ਪ੍ਰਾਪਤ ਹੋ ਜਾਣਗੀਆਂ। ਐੱਸਐੱਮਐੱਲ-1827, ਐੱਸਐੱਮਐੱਲ-832 ਮੂੰਗੀ ਦੀਆਂ ਉੱਨਤ ਕਿਸਮਾਂ ਹਨ। ਇਨ੍ਹਾਂ ਤੋਂ ਪੰਜ ਕੁਇੰਟਲ ਤਕ ਝਾੜ ਪ੍ਰਾਪਤ ਹੋ ਜਾਂਦਾ ਹੈ। ਮਾਂਹ-1137 ਅਤੇ ਮਾਂਹ-1008 ਮਾਂਹ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਹਨ। ਮੂੰਗੀ ਦਾ 15 ਕਿਲੋ ਅਤੇ ਮਾਂਹ ਦਾ 20 ਕਿਲੋ ਬੀਜ ਪ੍ਰਤੀ ਏਕੜ ਪਾਓ। ਬੀਜ ਬੀਜਣ ਤੋਂ ਪਹਿਲਾਂ ਟੀਕਾ ਜ਼ਰੂਰ ਲਗਾ ਲਓ।

ਰਵਾਂਹ ਚਾਰੇ ਦੀ ਫ਼ਸਲ ਹੈ ਪਰ ਇਸ ਦੀਆਂ ਫੁੱਲੀਆਂ ਨੂੰ ਸਬਜ਼ੀ ਲਈ ਵੀ ਬੀਜਿਆ ਜਾ ਸਕਦਾ ਹੈ। ਜੇ ਨਿਰੋਲ ਬਿਜਾਈ ਕਰਨੀ ਹੈ ਤਾਂ ਸੀਐੱਲ-367 ਕਿਸਮ ਦਾ 17 ਕਿਲੋ ਅਤੇ ਰਵਾਂਹ-88 ਕਿਸਮ ਦਾ 25 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ। ਇਸ ਦੀਆਂ ਹਰੀਆਂ ਫ਼ਲੀਆਂ ਨੂੰ ਸਬਜ਼ੀ ਲਈ ਵੇਚਿਆ ਜਾ ਸਕਦਾ ਹੈ।

ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿੱਚ ਕਿਸਾਨਾਂ ਨੇ ਹਲਦੀ ਦੀ ਸਫਲ ਖੇਤੀ ਕੀਤੀ ਹੈ। ਜੇ ਤੁਸੀਂ ਹਲਦੀ ਬੀਜਣਾ ਚਾਹੁੰਦੇ ਹੋ ਤਾਂ ਹੁਣ ਇਹ ਢੁਕਵਾਂ ਸਮਾਂ ਹੈ। ਇਸ ਦੀ ਬਿਜਾਈ ਲਈ ਤਾਜ਼ੀਆਂ, ਰੋਗ ਰਹਿਤ ਅਤੇ ਇਕੋ ਜਿਹੇ ਆਕਾਰ ਦੀਆਂ ਇਕ ਏਕੜ ਲਈ ਕੋਈ 7 ਕੁਇੰਟਲ ਗੰਢੀਆਂ ਚਾਹੀਦੀਆਂ ਹਨ। ਵੱਟਾਂ ਬਣਾ ਕੇ ਉਨ੍ਹਾਂ ਉਤੇ ਬਿਜਾਈ ਕਰਨੀ ਚਾਹੀਦੀ ਹੈ। ਵੱਟਾਂ ਵਿਚਕਾਰ ਫਾਸਲਾ 45 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫਾਸਲਾ 15 ਸੈਂਟੀਮੀਟਰ ਰੱਖਿਆ ਜਾਵੇ। ਪੰਜਾਬ ਵਿੱਚ ਕਾਸ਼ਤ ਲਈ ਪੰਜਾਬ ਹਲਦੀ-1 ਅਤੇ ਪੰਜਾਬ ਹਲਦੀ-2 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਕ ਏਕੜ ਵਿੱਚੋਂ 100 ਕੁਇੰਟਲ ਤੋਂ ਵੱਧ ਝਾੜ ਪ੍ਰਾਪਤ ਹੋ ਜਾਂਦਾ ਹੈ।

ਬਿਜਾਈ ਪਿੱਛੋਂ ਪਾਣੀ ਦਿਓ। ਜਦੋਂ ਤੱਕ ਗੰਢੀਆਂ ਉੱਗ ਨਾ ਪੈਣ, ਖੇਤ ਨੂੰ ਗਿੱਲਾ ਰੱਖਿਆ ਜਾਵੇ। ਹਲਦੀ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਨਸ਼ੋਰਸ਼ੀਅਮ ਜੀਵਾਣੂ ਖਾਦ ਤਿਆਰ ਕੀਤੀ ਹੈ। ਬਿਜਾਈ ਸਮੇਂ ਇਹ ਚਾਰ ਕਿਲੋ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ। ਸਾਰੀਆਂ ਸਬਜ਼ੀਆਂ ਦੇਸੀ ਰੂੜੀ ਨੂੰ ਬਹੁਤ ਮੰਨਦੀਆਂ ਹਨ। ਇਸ ਕਰ ਕੇ ਖੇਤ ਤਿਆਰ ਕਰਨ ਤੋਂ ਪਹਿਲਾਂ ਘੱਟੋ-ਘੱਟ 10 ਟਨ ਰੂੜੀ ਪ੍ਰਤੀ ਏਕੜ ਜ਼ਰੂਰ ਪਾਈ ਜਾਵੇ। ਹਲਦੀ ਨੂੰ ਨਾਈਟ੍ਰੋਜਨ ਵਾਲੀ ਖਾਦ ਦੀ ਖਾਸ ਲੋੜ ਨਹੀਂ ਹੈ। ਇਸ ਕਰ ਕੇ ਬਿਜਾਈ ਸਮੇਂ 60 ਕਿਲੋ ਸਿੰਗਲ ਸੁਪਰਫਾਸਫੇਟ ਅਤੇ 16 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਈ ਜਾਵੇ। ਨਦੀਨਾਂ ਦੀ ਰੋਕਥਾਮ ਲਈ ਇਕ ਜਾਂ ਦੋ ਗੋਡੀਆਂ ਕਰੋ। ਇਹ ਫ਼ਸਲ ਤਿਆਰ ਹੋਣ ਵਿੱਚ ਕੋਈ ਸੱਤ-ਅੱਠ ਮਹੀਨੇ ਲੈਂਦੀ ਹੈ।

ਪੰਜਾਬ ਵਿੱਚ ਕਦੇ ਰੇਤ ਦੇ ਟਿੱਬੇ ਮੂੰਗਫਲੀ ਦੀ ਪੈਦਾਵਾਰ ਲਈ ਪ੍ਰਸਿੱਧ ਸਨ ਪਰ ਹੁਣ ਟਿੱਬੇ ਨਹੀਂ ਰਹੇ, ਇਸ ਕਰ ਕੇ ਮੂੰਗਫਲੀ ਹੇਠ ਰਕਬਾ ਵੀ ਚੋਖਾ ਘਟ ਗਿਆ ਹੈ। ਪੰਜਾਬ ਵਿੱਚ ਹੁਣ ਕੇਵਲ 1600 ਹੈਕਟੇਅਰ ਧਰਤੀ ਉਤੇ ਹੀ ਮੂੰਗਫਲੀ ਦੀ ਕਾਸ਼ਤ ਕੀਤੀ ਜਾਂਦੀ ਹੈ। ਜੇ ਮੂੰਗਫਲੀ ਦੀ ਬਿਜਾਈ ਕਰਨੀ ਹੈ ਤਾਂ ਇਸ ਮਹੀਨੇ ਦੇ ਅਖ਼ੀਰ ਵਿੱਚ ਇਸ ਦੀ ਬਿਜਾਈ ਕੀਤੀ ਜਾ ਸਕਦੀ ਹੈ। ਪੰਜਾਬ ਵਿੱਚ ਕਾਸ਼ਤ ਲਈ ਜੇ-87, ਟੀਜੀ-37 ਏ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਇਨ੍ਹਾਂ ਤੋਂ ਕੋਈ 12 ਕੁਇੰਟਲ ਝਾੜ ਪ੍ਰਤੀ ਏਕੜ ਪ੍ਰਾਪਤ ਹੋ ਜਾਂਦਾ ਹੈ ਤੇ ਇਹ ਕੋਈ 100 ਦਿਨਾਂ ਵਿੱਚ ਪੁੱਟਣ ਲਈ ਤਿਆਰ ਹੋ ਜਾਂਦੀਆਂ ਹਨ। ਇਕ ਏਕੜ ਲਈ 40 ਕਿਲੋ ਬੀਜ ਕਾਫ਼ੀ ਹੈ। ਬਿਜਾਈ ਲਈ ਰੋਗ ਰਹਿਤ ਸਾਬਤ ਗਿਰੀਆਂ ਦੀ ਵਰਤੋਂ ਕਰੋ। ਬੀਜਣ ਤੋਂ ਪਹਿਲਾਂ ਗਿਰੀਆਂ ਨੂੰ ਪੰਜ ਗ੍ਰਾਮ ਥੀਰਮ ਪ੍ਰਤੀ ਕਿਲੋ ਬੀਜ ਨਾਲ ਜਾਂ ਤਿੰਨ ਗ੍ਰਾਮ ਇੰਡੋਫਿਲ ਐੱਮ-45 ਪ੍ਰਤੀ ਕਿਲੋ ਬੀਜ ਨਾਲ ਸੋਧ ਲਓ। ਬਿਜਾਈ ਸਮੇਂ ਕਤਾਰਾਂ ਵਿਚਕਾਰ 30 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਮੂੰਗਫਲੀ ਨੂੰ ਬਿਜਾਈ ਸਮੇਂ 50 ਕਿਲੋ ਜਿਪਸਮ ਪ੍ਰਤੀ ਏਕੜ ਜ਼ਰੂਰ ਪਾਇਆ ਜਾਵੇ। ਨਰਮੇ ਅਤੇ ਕਪਾਹ ਦੀ ਬਿਜਾਈ ਹੁਣ ਪੂਰੀ ਕਰ ਲੈਣੀ ਚਾਹੀਦੀ ਹੈ।

ਸੰਪਰਕ: 94170-87328

Advertisement
Author Image

Jasvir Samar

View all posts

Advertisement