ਕਿਸਾਨਾਂ ਨੇ ਭਗਵੰਤ ਮਾਨ ਤੇ ਕੇਜਰੀਵਾਲ ਦੇ ਪੁਤਲੇ ਫੂਕੇ
ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਜੂਨ
ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੁਤਲੇ ਫੂਕ ਕੇ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀ ਜ਼ਿਲ੍ਹਾ ਬਠਿੰਡਾ ਦੇ ਪਿੰਡ ਘਸੋਖਾਨਾ ਵਿਚੋਂ ਮੌੜ ਮੰਡੀ ਸ਼ਹਿਰ ਦੇ ਸੀਵਰੇਜ ਦਾ ਗੰਦਾ ਪਾਣੀ ਲੰਘਾਉਣ ਲਈ ਪਾਈ ਜਾ ਰਹੀ ਪਾਈਪਲਾਈਨ ਦਾ ਵਿਰੋਧ ਕਰ ਰਹੇ ਕਿਸਾਨ ਆਗੂਆਂ ਤੇ ਪਿੰਡ ਵਾਸੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿਚ ਡੱਕਣ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੇ ਸਨ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਸੁਨਾਮ ਬਾਲਕ ਦੇ ਜਨਰਲ ਸਕੱਤਰ ਕੇਵਲ ਸਿੰਘ ਜਵੰਧਾ, ਦਿੜ੍ਹਬਾ ਬਲਾਕ ਦੇ ਪ੍ਰਧਾਨ ਸੁਖਚੈਨ ਸਿੰਘ ਸ਼ਾਦੀਹਰੀ ਅਤੇ ਭਵਾਨੀਗੜ੍ਹ ਬਲਾਕ ਦੇ ਪ੍ਰਧਾਨ ਕਰਨੈਲ ਸਿੰਘ ਕਾਕੜਾ ਨੇ ਕਿਹਾ ਕਿ ਪੰਜਾਬ ਸਰਕਾਰ ਦਿੱਲੀ ਦੇ ਲੋਕਾਂ ਵੱਲੋਂ ਨਕਾਰੇ ਹੋਏ ‘ਆਪ’ ਆਗੂਆਂ ਅਤੇ ਕੇਂਦਰ ਸਰਕਾਰ ਦੇ ਦਬਾਅ ਹੇਠ ਪੰਜਾਬ ਦੇ ਸੰਘਰਸ਼ੀ ਲੋਕਾਂ ਦੀ ਆਵਾਜ਼ ਨੂੰ ਜ਼ੁਲਮ ਕਰਕੇ ਦਬਾਉਣਾ ਚਾਹੁੰਦੀ ਹੈ। ਲੋਕਾਂ ਨੂੰ ਸੰਘਰਸ਼ ਕਰਨ ਦੇ ਮਿਲੇ ਮੌਲਿਕ ਅਧਿਕਾਰ ਨੂੰ ਖੋਹਣ ਦੀਆਂ ਕੋਸ਼ਿਸ਼ਾਂ ਤਹਿਤ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਲੋਕਾਂ ਨੂੰ ਜੇਲ੍ਹਾਂ ’ਚ ਸੁੱਟ ਕੇ ਪੰਜਾਬ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮੌੜ ਮੰਡੀ ਸ਼ਹਿਰ ਦੇ ਸੀਵਰੇਜ ਦਾ ਪਾਣੀ ਡਰੇਨ ਵਿੱਚ ਪਾਉਣ ਲਈ ਪਾਈਪਾਂ ਸੜਕ ਦੇ ਨਾਲ ਨਾਲ ਪਾਉਣ ਦੀ ਬਜਾਏ ਹਲਕਾ ਮੌੜ ਦੇ ਵਿਧਾਇਕ ਦੀ ਜ਼ਿੱਦ ਪੁਗਾਉਣ ਲਈ ਪਾਈਪਾਂ ਪਿੰਡ ਵਿਚਕਾਰੋਂ ਪਾਈਆਂ ਜਾ ਰਹੀਆਂ ਹਨ ਜਿਸ ਵਿਰੋਧ ਕਰਨ ਵਾਲੇ ਸੈਂਕੜੇ ਕਿਸਾਨ ਆਗੂਆਂ ਤੇ ਪਿੰਡ ਵਾਸੀਆਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਜੇਲ੍ਹਾਂ ਵਿੱਚ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਸਮੇਤ 10 ਤੋਂ ਵੱਧ ਆਗੂਆਂ ਨੇ ਮਰਨ ਵਰਤ ਸ਼ੁਰੂ ਕੀਤਾ ਹੋਇਆ ਹੈ ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪਾਈਪ ਪਾਉਣ ਦਾ ਕੰਮ ਨਾ ਰੋਕਿਆ ਗਿਆ ਅਤੇ ਜੇਲ੍ਹਾਂ ’ਚ ਬੰਦ ਕਿਸਾਨਾਂ ਦਾ ਕੋਈ ਨੂੁਕਸਾਨ ਹੋਇਆ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਗੁਰਚਰਨ ਸਿੰਘ ਨਮੋਲ, ਦਲੇਲ ਸਿੰਘ ਚੱਠਾ ਨਨਹੇੜਾ , ਬਲਵੀਰ ਸਿੰਘ ਰੋੜੇਵਾਲਾ, ਸੂਰਤ ਸਿੰਘ ਹੋਤੀਪੁਰ, ਅਵਤਾਰ ਸਿੰਘ ਰਾਮਪੁਰਾ ਗਨੌਟਾ, ਨਿੱਕਾ ਸਿੰਘ ਸਾਦੀਹਰੀ, ਗੁਰਦੀਪ ਸਿੰਘ, ਦਰਸ਼ਨ ਸਿੰਘ ਮਹਿਲਾਂ ਚੌਕ ਅਤੇ ਸੀਵ ਸਿੰਘ ਜਲੂਰ ਆਦਿ ਮੌਜੂਦ ਸਨ।
ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਪਟਿਆਲਾ (ਸਰਬਜੀਤ ਸਿੰਘ ਭੰਗੂ): ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਅੱਜ ਇੱਥੇ ਜੇਲ੍ਹ ਰੋਡ ’ਤੇ ਸਥਿਤ ਪੁੱਡਾ ਗਰਾਊਂਡ ਵਿੱਚ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਪੁਤਲਾ ਸਾੜਿਆ। ਇਹ ਪ੍ਰਦਰਸ਼ਨ ਉਨ੍ਹਾਂ ਨੇ ਬਠਿੰਡਾ ਦੇ ਪਿੰਡ ਘਸੋਖਾਨਾ ਵਿੱਚ ਰਿਹਾਇਸ਼ੀ ਇਲਾਕੇ ਵਿੱਚੋਂ ਡਰੇਨੇਜ ਪਾਈਪਲਾਈਨ ਵਿਛਾਉਣ ਦੇ ਵਿਰੋਧ ਅਤੇ ਇਸ ਦੇ ਖਿਲਾਫ਼ ਸ਼ਾਂਤਮਈ ਪ੍ਰਦਰਸ਼ਨ ਕਰਦੇ ਕਿਸਾਨਾ ਵਿਰੁੱਧ ਕੀਤੀ ਗਈ ਕਾਰਵਾਈ ਦੇ ਵਿਰੋਧ ਵਿੱਚ ਕੀਤਾ। ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨਾਲ ਸਬੰਧਤ ਹੋਰ ਕਿਸਾਨੀ ਮੰਗਾਂ ਦੀ ਪੂਰਤੀ ’ਤੇ ਵੀ ਜ਼ੋਰ ਦਿੱਤਾ। ਇਨ੍ਹਾਂ ਕਿਸਾਨ ਜਥੇਬੰਦੀਆਂ ’ਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਕਿਸਾਨ ਯੂਨੀਅਨ ਭਟੇੜੀ ਸਮੇਤ ਹੋਰ ਕਿਸਾਨ ਧਿਰਾਂ ਦੇ ਆਗੂ ਅਤੇ ਵਰਕਰ ਸ਼ਾਮਲ ਹੋਏ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਜ਼ਿਲ੍ਹਾ ਇਕਾਈ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਧਾਨ ਜ਼ੋਰਾਵਰ ਸਿੰਘ ਬਲਬੇੜਾ, ਭਾਰਤੀ ਕਿਸਾਨ ਯੂਨੀਅਨ ਭਟੇੜੀ ਦੇ ਸੂਬਾਈ ਪ੍ਰਧਾਨ ਜੰਗ ਸਿੰਘ ਭਟੇੜੀ ਤੇ ਸੂਬਾਈ ਆਗੂ ਗੁਰਧਿਆਨ ਸਿੰਘ ਸਿਓਣਾ ਸਮੇਤ ਹੋਰ ਕਿਸਾਨ ਆਗੂ ਵੀ ਮੌਜੂਦ ਸਨ। ਇਸ ਸਬੰਧੀ ਐੱਸਕੇਐੱਮ ਦੇ ਆਗੂ ਅਤੇ ਮੈਂਬਰ ਪਹਿਲਾਂ ਇਥੇ ਜੇਲ੍ਹ ਰੋਡ ’ਤੇ ਸਥਿਤ ਪੁੱਡਾ ਗਰਾਊਂਡ ਵਿੱਚ ਇਕੱਤਰ ਹੋਏ ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਰਤੀ ਅਰਵਿੰਦ ਕੇਜਰੀਵਾਲ ਦਾ ਪੁਤਲਾ ਸਾੜਿਆ।