ਕਿਸਾਨਾਂ ਦੇ ਵਿਰੋਧ ਕਾਰਨ ‘ਆਪ’ ਵਿਧਾਇਕ ਦਾ ਦੌਰਾ ਰੱਦ
ਗੁਰਪ੍ਰੀਤ ਸਿੰਘ ਦੌਧਰ
ਅਜੀਤਵਾਲ, 14 ਅਪਰੈਲ
ਪਿੰਡ ਦੌਧਰ ਗਰਬੀ ਵਿਚ ਇੱਕ ਗਲੀ ਅਤੇ ਬੋਰ ਦਾ ਨੀਂਹ ਪੱਥਰ ਰੱਖਣ ਲਈ ‘ਆਪ’ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਆਉਣ ਦੀ ਖਬਰ ਜਦੋਂ ਕਿਸਾਨਾਂ ਨੂੰ ਮਿਲੀ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾ ਆਗੂ ਲਖਵੀਰ ਸਿੰਘ ਦੌਧਰ ਦੀ ਅਗਵਾਈ ਵਿੱਚ ਵੱਡੀ ਗਿਣਤੀ ਕਿਸਾਨ ਇਕੱਠੇ ਹੋ ਗਏ। ਕਿਸਾਨਾਂ ਨੇ ਵਿਧਾਇਕ ਨੂੰ ਸ਼ੰਭੂ ਅਤੇ ਖਨੌਰੀ ਮੋਰਚੇ ਨੂੰ ਹੂੰਝ ਕੇ ਸੈਂਕੜੇ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਬਾਰੇ ਸਵਾਲ ਪੁੱਛਣੇ ਸਨ। ਇਸ ਤੋਂ ਇਲਾਵਾ ਬਾਰਡਰਾਂ ’ਤੇ ਚੋਰੀ ਕੀਤੇ ਸਾਮਾਨ ਦੀ ਭਰਪਾਈ ਅਤੇ ਗੁਰਲਾਲ ਘਨੌਰ ਸਮੇਤ ਸਬੰਧਤ ਪੁਲੀਸ ਅਧਿਕਾਰੀਆਂ ਨੂੰ ਮੁਅੱਤਲ ਕਰਨ ਬਾਰੇ ਵੀ ਸਵਾਲ ਕਰਨੇ ਸੀ ਪਰ ਵਿਧਾਇਕ ਚਾਰ ਘੰਟੇ ਉਡੀਕਣ ਤੋਂ ਬਾਅਦ ਵੀ ਨਾ ਆਏ। ਇਸ ਤੋਂ ਬਾਅਦ ਕਿਸਾਨ ਸਮਝ ਗਏ ਕਿ ਵਿਧਾਇਕ ਕਿਸਾਨਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਬਜਾਏ ਭੁਲੇਖਾ ਪਾਊ ਢੰਗ ਨਾਲ ਸਮਾਂ ਬਦਲ ਕੇ ਜਾਂ ਦੇਰ ਸਵੇਰ ਉਦਘਾਟਨੀ ਕੰਮ ਨਿਪਟਾਉਣ ਦੀ ਤਾਕ ਵਿਚ ਹਨ। ਕਿਸਾਨਾਂ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਇਹ ਸਰਕਾਰ ਅਤੇ ਪਾਰਟੀ ਦੀ ਨੈਤਿਕ ਹਾਰ ਹੈ। ਇਸ ਮੌਕੇ ਜਗਰਾਜ ਸਿੰਘ ਦੱਦਾਹੂਰ, ਰਾਜੂ ਪੱਤੋ, ਗਗਨ ਪੱਤੋ, ਗੁਰਦੀਪ ਸਿੰਘ ਮੀਨੀਆ, ਕਰਮਜੀਤ ਸਿੰਘ, ਸੁਖਜੀਤ ਸਿੰਘ, ਰਣਜੀਤ ਸਿੰਘ, ਤੋਤਾ ਸਿੰਘ, ਰਾਂਝਾ, ਚੌਧਰੀ, ਕੁਲਦੀਪ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।
ਇਸ ਸਬੰਧੀ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅੱਜ ਬਾਬਾ ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ’ਤੇ ਸਰਕਾਰੀ ਪ੍ਰੋਗਰਾਮ ਸੀ। ਇਸ ਤੋਂ ਇਲਾਵਾ ਇਲਾਕੇ ਵਿੱਚ ਕਈ ਹੋਰ ਪ੍ਰੋਗਰਾਮ ਉਲੀਕੇ ਹੋਏ ਸਨ ਜਿਸ ਕਾਰਨ ਜ਼ਿਆਦਾ ਟਾਈਮ ਲੱਗ ਗਿਆ ਅਤੇ ਉਹ ਨਹੀਂ ਪਹੁੰਚ ਸਕੇ। ਇਸ ਸਬੰਧੀ ਉਹਨਾਂ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਪ੍ਰੋਗਰਾਮ ਨੂੰ ਕੁਝ ਦਿਨ ਅੱਗੇ ਪਾ ਦੇਣ ਤਾਂ ਉਹ ਜ਼ਰੂਰ ਆਉਣਗੇ। ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਦੇ ਕੰਮ ਵਿੱਚ ਵਿਘਨ ਪਾਉਂਦੇ ਹਨ ਉਹ ਖੇਤੀ ਨਹੀਂ ਕਰਦੇ ਅਤੇ ਕਿਸਾਨ ਨਹੀਂ ਹਨ ਤੇ ਜੋ ਅਸਲੀ ਕਿਸਾਨ ਹਨ ਉਹ ਉਨ੍ਹਾਂ ਨਾਲ ਹਨ।
ਹਲਕਾ ਵਿਧਾਇਕ ਮਨਜੀਤ ਬਿਲਾਸਪੁਰ ਦਾ ਵਿਰੋਧ ਕਰਦੇ ਹੋਏ ਕਿਸਾਨ।