ਕਿਸਾਨਾਂ ਦੇ ਚੈੱਕ ਵਾਪਸ ਕਰਵਾਉਣ ਲਈ ਯੂਨੀਅਨ ਵੱਲੋਂ ਬੈਂਕ ਅੱਗੇ ਧਰਨਾ

ਬੈਂਕ ਅੱਗੇ ਲਗਾਏ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਯੂਨੀਅਨ ਦਾ ਆਗੂ।

ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 12 ਅਗਸਤ
ਇਥੇ ਸ਼ਹਿਰ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਖੇਤੀਬਾੜੀ ਵਿਕਾਸ ਬੈਂਕ ਅੱਗੇ ਕਿਸਾਨਾਂ ਦੇ ਚੈੱਕ ਵਾਪਸ ਕਰਾਉਣ ਲਈ ਧਰਨਾ ਦਿੱਤਾ ਗਿਆ। ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਮੰਡੀ ਕਲਾਂ ਦੇ ਕਿਸਾਨ ਜਗਰੂਪ ਸਿੰਘ ਨੇ ਕੁਝ ਸਾਲ ਪਹਿਲਾਂ ਇਸ ਬੈਂਕ ਤੋਂ 2015 ’ਚ 4 ਲੱਖ ਰੁਪਏ ਦਾ ਕਰਜ਼ ਲਿਆ ਸੀ ਜੋ ਇਸ ਬੈਂਕ ਦੀਆਂ ਸ਼ਰਤਾਂ ਮੁਤਾਬਕ ਉਸ ਨੇ ਆਪਣੀ ਜ਼ਮੀਨ ਬੈਂਕ ਕੋਲ ਗਹਿਣੇ ਰੱਖੀ ਸੀ। ਪਰ ਬੈਂਕ ਨੇ ਕਿਸਾਨ ਦੀ ਮਜਬੂਰੀ ਦਾ ਫ਼ਾਇਦਾ ਲੈਂਦੇ ਹੋਏ ਧੋਖੇ ਨਾਲ ਕਿਸਾਨ ਕੋਲੋਂ ਖਾਲੀ ਚੈੱਕਾਂ ’ਤੇ ਦਸਖ਼ਤ ਕਰਵਾ ਲਏ।
ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਕਿਸਾਨ ਨੇ ਬੈਂਕ ਕੋਲ ਜ਼ਮੀਨ ਗਹਿਣੇ ਰੱਖ ਦਿੱਤੀ ਤਾਂ ਖਾਲੀ ਚੈੱਕਾਂ ’ਤੇ ਦਸਤਖ਼ਤ ਕਰਵਾਉਣ ਜਾਂ ਅਦਾਲਤ ’ਚ ਲਾਉਣ ਦੀ ਕੀ ਤੁਕ ਹੈ, ਜੋ ਗ਼ੈਰਕਾਨੂੰਨੀ ਹੈ। ਬੈਂਕਾਂ ਦੀਆਂ ਇਹ ਨੀਤੀਆਂ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੋਰ ਰਹੀਆਂ ਹਨ। ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕਰਕੇ ਕਿਹਾ ਸੀ ਕਿ ਕਿਸਾਨਾਂ ਨੇ ਕਿਸੇ ਵੀ ਬੈਂਕ ਦਾ ਕਰਜ਼ਾ ਦੇਣਾ ਹੈ ਉਹ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇਗਾ, ਪਰ ਧੋਖੇ ਨਾਲ ਸਰਕਾਰ ਬਣਾ ਕੇ ਇਹ ਬੈਂਕ ਕਰਜ਼ਾ ਮੁਆਫ਼ੀ ਸਕੀਮ ਤੋਂ ਬਾਹਰ ਰੱਖੀ ਹੋਈ ਹੈ, ਜਦੋਂਕਿ ਇਸ ਬੈਂਕ ਦਾ ਸਬੰਧ ਸਿੱਧੇ ਕਿਸਾਨੀ ਕਰਜ਼ਿਆਂ ਨਾਲ ਹੈ। ਕਿਸਾਨਾਂ ਦੀ ਮੰਗ ਹੈ ਕਿ ਇਸ ਬੈਂਕ ਨੂੰ ਵੀ ਕਰਜ਼ਾ ਮੁਆਫ਼ੀ ਸਕੀਮ ’ਚ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੈਂਕਾਂ ਦੀ ਕਿਸਾਨਾਂ ਪ੍ਰਤੀ ਜ਼ਮੀਨ ਗਹਿਣੇ ਰੱਖਣ ’ਤੇ ਖਾਲੀ ਚੈੱਕਾਂ ’ਤੇ ਦਸਤਖ਼ਤ ਕਰਾਉਣ ਦੀ ਦੋਹਰੀ ਨੀਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਿੰਨਾ ਚਿਰ ਕਿਸਾਨ ਦੇ ਚੈੱਕ ਵਾਪਸ ਨਹੀਂ ਦਿੱਤੇ ਜਾਂਦੇ ਉਨਾ ਚਿਰ ਬੈਂਕ ਦਾ ਘਿਰਾਓ ਨਹੀਂ ਛੱਡਿਆ ਜਾਵੇਗਾ। ਇਸ ਧਰਨੇ ’ਚ ਸ਼ਾਮਲ ਭੋਲਾ ਸਿੰਘ ਕੋਟੜਾ ਬਲਾਕ ਪ੍ਰਧਾਨ ਰਾਮਪੁਰਾ, ਰਣਜੀਤ ਸਿੰਘ ਜੀਂਦਾ, ਅਰਜਨ ਸਿੰਘ ਫੂਲ, ਗੰਗਾ ਸਿੰਘ ਤਲਵੰਡੀ ਸਾਬੋ, ਕੁਲਵੰਤ ਸਿੰਘ ਜਰਨਲ ਸਕੱਤਰ, ਬੂਟਾ ਸਿੰਘ ਭੂੰਦੜ, ਸੁਰਜੀਤ ਸਿੰਘ ਬਲਾਕ ਪ੍ਰਧਾਨ ਮੌੜ ਹਾਜ਼ਰ ਸਨ।