ਸਤਵਿੰਦਰ ਬਸਰਾਲੁਧਿਆਣਾ, 1 ਫਰਵਰੀਪੇਂਡੂ ਓਲੰਪਿਕ ਖੇਡਾਂ ਵਜੋਂ ਮਸ਼ਹੂਰ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੇ ਅੱਜ ਦੂਜੇ ਦਿਨ ਕਬੱਡੀ, ਵਾਲੀਬਾਲ, ਛਾਟਪੁੱਟ ਦੇ ਰੌਚਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡਾਂ ਨੂੰ ਲੈ ਕੇ ਖਿਡਾਰੀਆਂ ਵਿੱਚ ਪੂਰਾ ਜ਼ੋਸ ਦੇਖਣ ਨੂੰ ਮਿਲਿਆ ਪਰ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਪਿੰਡਾਂ ਦੇ ਲੋਕਾਂ ਦੀ ਕਮੀ ਸਾਰਾ ਦਿਨ ਖਟਕਦੀ ਰਹੀ। ਖੇਡਾਂ ਦੇ ਅੱਜ ਦੂਜੇ ਦਿਨ ਪੁਰਾਤਨ ਖੇਡਾਂ ਦੀ ਵੀ ਪੂਰੀ ਚੜ੍ਹਤ ਰਹੀ।ਪਿਛਲੇ ਦੋ ਸਾਲਾਂ ਤੋਂ ਇਨ੍ਹਾਂ ਖੇਡਾਂ ਵਿੱਚ ਭਾਵੇਂ ਸਕੂਲਾਂ ਦੇ ਬੱਚਿਆਂ ਦੀ ਸ਼ਮੂਲੀਅਤ ਵਧੀ ਹੈ ਪਰ ਸਥਾਨਕ ਲੋਕਾਂ ਦਾ ਰੁਝਾਨ ਪਹਿਲਾਂ ਵਰਗਾ ਦੇਖਣ ਨੂੰ ਨਹੀਂ ਮਿਲਿਆ। ਇਸ ਸਾਲ ਵੀ ਸੂਬਾ ਸਰਕਾਰ ਵੱਲੋਂ ਇਹ ਮੇਲਾ ਕਰਵਾਇਆ ਜਾ ਰਿਹਾ ਹੈ। ਮੇਲੇ ਵਿੱਚ ਅੱਜ ਹੋਏ ਵੱਖ ਵੱਖ ਮੁਕਾਬਲਿਆਂ ਵਿੱਚੋਂ ਕਬੱਡੀ ਨੈਸ਼ਨਲ ਲੜਕੀਆਂ ਅੰਡਰ-14 ਵਰਗ ’ਚ ਬਾਬਾ ਦੀਪ ਸਿੰਘ ਸਪੋਰਟਸ ਕਲੱਬ, ਅੰਮ੍ਰਿਤਸਰ ਨੇ ਪਹਿਲਾ, ਸਰਕਾਰੀ ਹਾਈ ਸਕੂਲ ਬੀਲ੍ਹਾ ਨੇ ਦੂਜਾ, ਅੰਡਰ-17 ਦੇ ਫਾਈਨਲ ਵਿੱਚ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਅੰਮ੍ਰਿਸਤਰ ਨੇ ਸਰਕਾਰੀ ਹਾਈ ਸਕੂਲ ਜਸਪਾਲ ਬਾਂਗਰ ਨੂੰ 28-12 ਨਾਲ ਹਰਾਇਆ।ਵਾਲੀਬਾਲ ਦੇ ਪਹਿਲੇ ਮੈਚ ਵਿੱਚ ਪਿੰਡ ਦੁਲੇਅ ਨੇ ਕਿਲ੍ਹਾ ਰਾਏਪੁਰ ਨੂੰ 21-17 ਨਾਲ, ਦੂਜੇ ਮੈਚ ਵਿੱਚ ਬਾਸੀਆਂ ਬੇਟ ਨੇ ਪਿੰਡ ਦਾਦ ਨੂੰ 21-13 ਨਾਲ ਅਤੇ ਤੀਜੇ ਮੈਚ ਵਿੱਚ ਪਿੰਡ ਅਹਿਮਦਗੜ੍ਹ ਦੀ ਟੀਮ ਨੇ ਪਿੰਡ ਡੰਗੋਰਾ ਦੀ ਟੀਮ ਨੂੰ 21-6 ਨਾਲ ਹਰਾਇਆ। ਸ਼ਾਟਪੁੱਟ ਮੁਕਾਬਲੇ ’ਚ ਮਰਦਾਂ ਵਿੱਚੋਂ ਮੁਕਤਸਰ ਦੇ ਅਰਮਾਨ ਦੀਪ ਸਿੰਘ ਨੇ, ਔਰਤਾਂ ਵਿੱਚੋਂ ਜਲੰਧਰ ਦੀ ਡੌਲੀ ਨੇ, ਲੰਮੀ ਛਾਲ ’ਚ ਜਲੰਧਰ ਦੀ ਅਵਲੀਨ ਕੌਰ ਅਤੇ ਮਰਦਾਂ ਦੇ ਮੁਕਾਬਲੇ ’ਚ ਹਰਿਆਣਾ ਦੇ ਅਵਿਨਾਸ਼ ਨੇ ਪਹਿਲੀਆਂ ਪੁਜ਼ੀਸ਼ਨਾਂ ਲਈਆਂ। ਟ੍ਰਾਈ ਸਾਈਕਲ ਰੇਸ ਵਿੱਚ ਮਲੇਰਕੋਟਲਾ ਦੇ ਮੁਹੰਮਦ ਬਿਲਾਲ ਨੇ ਪਹਿਲਾ, ਟਰਾਲੀ ਬੈਕ ਵਿੱਚ ਫਤਿਹਗੜ੍ਹ ਪੰਜ ਗੁਰਾਈਆਂ ਸੰਗਰੂਰ ਦੇ ਹਰਮਿੰਦਰ ਜੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਇਨ੍ਹਾਂ ਤੋਂ ਇਲਾਵਾ ਦੰਦਾਂ ਨਾਲ ਹਲ ਚੁੱਕਣ, ਪੌੜੀ ਨਾਲ ਮੰਜਾਂ ਬੰਨ੍ਹ ਕੇ ਉਸ ਉਪਰੋਂ ਛਾਲ ਲਗਾਉਣ, ਚਾਟੀ ਦੌੜ ਆਦਿ ਮੁਕਾਬਲੇ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਰਹੇ।