ਕਿਲਾ ਰਾਏਪੁਰ ਖੇਡਾਂ: ਸਿੱਧੂ ਮੂਸੇਵਾਲਾ ਦਾ ਪ੍ਰਸ਼ੰਸਕ ਬਣਿਆ ਖਿੱਚ ਦਾ ਕੇਂਦਰ
ਸਤਵਿੰਦਰ ਬਸਰਾ
ਲੁਧਿਆਣਾ, 1 ਫਰਵਰੀ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਦੇਸ਼-ਵਿਦੇਸ਼ ਵਿੱਚ ਕਰੋੜਾਂ ਚਾਹੁਣ ਵਾਲੇ ਹਨ। ਇਨ੍ਹਾਂ ਵਿੱਚੋਂ ਇੱਕ ਕਿਲ੍ਹਾ ਰਾਏਪੁਰ ਖੇਡਾਂ ਦੌਰਾਨ 5911 ਟਰੈਕਟਰ ਦੇ ਮਾਡਲ ’ਤੇ ਬਰਗਰ ਅਤੇ ਹੋਰ ਤਰ੍ਹਾਂ ਦਾ ਫਾਸਟ ਫੂਡ ਵੇਚ ਰਿਹਾ ਹੈ। ਲੁਧਿਆਣਾ ਤੋਂ ਕੁਝ ਕਿਲੋਮੀਟਰ ’ਤੇ ਚੱਲ ਰਹੀਆਂ ਪੇਂਡੂ ਓਲੰਪਿਕ ਵਜੋਂ ਮਸ਼ਹੂਰ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਨੂੰ ਰੋਜ਼ਾਨਾ ਹਜ਼ਾਰਾਂ ਖੇਡ ਪ੍ਰੇਮੀ ਦੇਖਣ ਆ ਰਹੇ ਹਨ। ਇਸ ਮੇਲੇ ਦੀ ਨੁੱਕੜ ’ਤੇ ਇੰਜਣ ’ਤੇ 5911 ਟਰੈਕਟਰ ਦਾ ਮਾਡਲ ਬਣਾ ਕੇ ਬਰਗਰ ਅਤੇ ਹੋਰ ਅਜਿਹੀਆਂ ਚੀਜ਼ਾਂ ਵੇਚ ਰਿਹਾ ਜੜਤੌਲੀ ਪਿੰਡ ਦਾ ਪ੍ਰਦੀਪ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਪ੍ਰਦੀਪ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਉਸ ਦਾ ਮਨਪਸੰਦ ਗਾਇਕ ਸੀ। ਉਸ ਦੀ ਯਾਦ ਵਿੱਚ ਹੀ ਉਸ ਨੇ ਬਰਗਰ ਵਾਲੀ ਰੇਹੜੀ ਬਣਾਉਣ ਦੀ ਥਾਂ ਸਿੱਧੂ ਮੂਸੇਵਾਲਾ ਦੀ ਪਸੰਦ ਵਾਲੇ 5911 ਦੇ ਟਰੈਕਟਰ ਵਾਲਾ ਮਾਡਲ ਤਿਆਰ ਕਰਵਾਇਆ ਹੈ। ਇਸ ’ਤੇ ਉਸ ਨੇ ਸਿੱਧੂ ਮੂਸੇਵਾਲੇ ਦੀ ਫੋਟੋ ਵੀ ਲਾਈ ਹੈ, ਜੋ ਉਸ ਨੂੰ ਸਿੱਧੂ ਮੂਸੇਵਾਲੇ ਦੀ ਯਾਦ ਕਰਵਾਉਂਦੀ ਰਹਿੰਦੀ ਹੈ। ਪ੍ਰਦੀਪ ਦਾ ਕਹਿਣਾ ਹੈ ਸਿੱਧੂ ਭਾਵੇਂ ਇਸ ਜਹਾਨ ਤੋਂ ਚਲਾ ਗਿਆ ਹੈ ਪਰ ਉਹ ਆਪਣੇ ਨਾਮ ਰਾਹੀਂ ਕਈ ਨੌਜਵਾਨਾਂ ਲਈ ਰਾਹ ਦਸੇਰਾ ਅਤੇ ਰੁਜ਼ਗਾਰ ਦੀ ਵਜ੍ਹਾ ਬਣਿਆ ਹੈ। ਉਸ ਨੇ ਇਹ ਮਾਡਲ ਬਰਨਾਲਾ ਦੇ ਇੱਕ ਕਾਰੀਗਰ ਤੋਂ ਤਿਆਰ ਕਰਵਾਇਆ ਸੀ। ਇਸ ’ਤੇ ਕਰੀਬ ਡੇਢ ਲੱਖ ਰੁਪਏ ਖ਼ਰਚ ਹੋਏ ਸਨ। ਪ੍ਰਦੀਪ ਨੇ ਦੱਸਿਆ ਕਿ ਉਹ ਦਸਵੀਂ ਜਮਾਤ ਤੱਕ ਪੜ੍ਹਿਆ ਹੋਇਆ ਹੈ।