ਪੱਤਰ ਪ੍ਰੇਰਕ/ਪੱਤਰ ਪ੍ਰੇਰਕਜਲੰਧਰ/ ਜੰਡਿਆਲਾ ਮੰਜਕੀ, 8 ਜੂਨਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇਪੀਐਮਓ) ਵੱਲੋਂ ਦੇਸ਼ ਭਗਤ ਯਾਦਗਾਰ ਜਲੰਧਰ ਦੇ ਬਾਬਾ ਜਵਾਲਾ ਸਿੰਘ ਠੱਠੀਆਂ ਹਾਲ ਵਿੱਚ ਆਉਣ ਵਾਲੀ 21 ਜੂਨ ਨੂੰ ਸੂਬਾਈ ਨੁਮਾਇੰਦਾ ਕਨਵੈਨਸ਼ਨ ਸੱਦੀ ਜਾਵੇਗੀ। ਕਨਵੈਨਸ਼ਨ ਵਿਚ ਸੀਟੀਯੂ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਪਸਸਫ 1406-22 ਬੀ ਚੰਡੀਗੜ੍ਹ, ਨਾਰਦਰਨ ਰੇਲਵੇ ਮੈਨਜ ਯੂਨੀਅਨ, ਔਰਤ ਮੁਕਤੀ ਮੋਰਚਾ ਪੰਜਾਬ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਪੰਜਾਬ ਸਟੂਡੈਂਟਸ ਫੈਡਰੇਸ਼ਨ ਤੇ ਹੋਰ ਭਰਾਤਰੀ ਸੰਗਠਨਾਂ ਦੇ ਸਰਕਰਦਾ ਕਾਰਕੁਨ ਸ਼ਾਮਲ ਹੋਣਗੇ।ਇਹ ਜਾਣਕਾਰੀ ਸਰਵ ਸਾਥੀ ਨੱਥਾ ਸਿੰਘ, ਗੁਰਨਾਮ ਸਿੰਘ ਦਾਊਦ, ਡਾ. ਸਤਨਾਮ ਸਿੰਘ ਅਜਨਾਲਾ, ਸਤੀਸ਼ ਰਾਣਾ, ਸ਼ਿਵਦੱਤ ਸ਼ਰਮਾ, ਪ੍ਰੋ ਸੁਰਿੰਦਰ ਪਾਲ ਕੌਰ, ਧਰਮਿੰਦਰ ਸਿੰਘ ਮੁਕੇਰੀਆਂ, ਗਗਨਦੀਪ ਸਰਦੂਲਗੜ੍ਹ, ਦੇਵਰਾਜ ਵਰਮਾ, ਦਰਸ਼ਨ ਨਾਹਰ, ਕੁਲਵੰਤ ਸਿੰਘ ਸੰਧੂ, ਸ਼ੈਂਭਰ ਸਿੰਘ, ਮਨਜਿੰਦਰ ਸਿੰਘ ਢੇਸੀ, ਰਵਿੰਦਰ ਰਵੀ ਲੋਹਗੜ੍ਹ, ਡਾਕਟਰ ਰਘਬੀਰ ਕੌਰ ਵਲੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਉੱਘੇ ਮੁਲਾਜ਼ਮ ਆਗੂ ਤੀਰਥ ਸਿੰਘ ਬਾਸੀ ਨੇ ਦਿੱਤੀ ਹੈ। ਕਨਵੈਨਸ਼ਨ ਸੂਬੇ ਦੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਜਾਰੀ ਕੀਤਾ ਕਿਰਤੀ ਵਿਰੋਧੀ ਨੋਟੀਫਿਕੇਸ਼ਨ ਰੱਦ ਕਰਵਾਉਣ ਲਈ ਤਿੱਖੇ ਤੇ ਬੱਝਵੇਂ, ਸਾਂਝੇ ਘੋਲਾਂ ਵੱਲ ਪੇਸ਼ ਕਦਮੀ ਦੇ ਉਦੇਸ਼ ਤਹਿਤ ਸੱਦੀ ਜਾ ਰਹੀ ਹੈ। ਇਸ ਤੋਂ ਇਲਾਵਾ ਕੇਂਦਰੀ ਟਰੇਡ ਯੂਨੀਅਨਾਂ ਤੇ ਆਜ਼ਾਦ ਫੈਡਰੇਸ਼ਨਾਂ ਦੇ ਸੱਦੇ ’ਤੇ ਆਉਂਦੀ 9 ਜੁਲਾਈ ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਦੀ ਲਾਮਿਸਾਲ ਕਾਮਯਾਬੀ ਲਈ ਠੋਸ ਯੋਜਨਾਬੰਦੀ ਉਲੀਕੀ ਜਾਵੇਗੀ। ਬਿਆਨ ਜਾਰੀ ਕਰਨ ਵਾਲੇ ਜਨਤਕ ਆਗੂਆਂ ਨੇ ਸੂਬਾ ਵਾਸੀਆਂ ਨੂੰ ਉਪਜਾਊ ਜ਼ਮੀਨਾਂ ਹਥਿਆਉਣ ਦੀ ‘ਆਪ’ ਸਰਕਾਰ ਦੀ ਕੋਝੀ ਮਨਸੂਬਾਬੰਦੀ ਖਿਲਾਫ ਲੜੇ ਜਾ ਰਹੇ ਸਾਂਝੇ ਜਨ ਸੰਗਰਾਮ ਦੀ ਡਟਵੀਂ ਹਿਮਾਇਤ ਕਰਨ ਦੀ ਅਪੀਲ ਕੀਤੀ ਹੈ।