ਕਿਰਤੀ ਕਿਸਾਨ ਯੂਨੀਅਨ ਵੱਲੋਂ ਡੀਸੀ ਦਫ਼ਤਰ ਤੱਕ ਰੋਸ ਮਾਰਚ
ਪੱਤਰ ਪ੍ਰੇਰਕ
ਮਾਲੇਰਕੋਟਲਾ, 11 ਅਪਰੈਲ
ਕਿਰਤੀ ਕਿਸਾਨ ਯੂਨੀਅਨ ਦੇ ਕਿਸਾਨਾਂ ਨੇ ਅੱਜ ਵੱਲੋਂ ਅੱਜ ਸੂਬਾ ਆਗੂ ਭੁਪਿੰਦਰ ਸਿੰਘ ਲੌਗੋਂਵਾਲ ਅਤੇ ਜ਼ਿਲ੍ਹਾ ਆਗੂ ਮਾਨ ਸਿੰਘ ਸੱਦੋਪੁਰ ਦੀ ਅਗਵਾਈ ਹੇਠ ਸਥਾਨਕ ਦਾਣਾ ਮੰਡੀ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਮਾਰਚ ਕਰਕੇ ਕਿਸਾਨੀ ਮੁੱਦਿਆਂ ਬਾਰੇ ਏਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ।
ਦਾਣਾ ਮੰਡੀ ਵਿੱਚ ਇਕੱਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਣਕ ਦੀ ਖਰੀਦ, ਝੋਨੇ ਦੀ ਬਿਜਾਈ, ਸਰਹਿੰਦ-ਸਹਿਣਾ ਐਕਸਪ੍ਰੈੱਸ ਸੜਕ, ਕਿਸਾਨ-ਮਜਦੂਰ ਕਰਜਾ ਮੁਕਤੀ, ਧਰਤੀ ਹੇਠ ਡੂੰਘੇ ਹੋ ਰਹੇ ਪਾਣੀ ਅਤੇ ਨਕਲੀ ਦੁੱਧ ਆਦਿ ਮੁੱਦਿਆਂ ਬਾਰੇ ਚਰਚਾ ਕੀਤੀ। ਉਨ੍ਹਾਂ ਮੰਡੀਆਂ ਵਿਚ ਕਣਕ ਦੀ ਖਰੀਦ ਦੇ ਕੋਈ ਪ੍ਰਬੰਧ ਨਾ ਹੋਣ ਅਤੇ ਝੋਨੇ ਦੀ ਬਿਜਾਈ ਨਾਲ ਸਬੰਧਤ ਸ਼ੰਕਿਆਂ ਬਾਰੇ ਸਰਕਾਰ ਵੱਲੋਂ ਕੋਈ ਅਧਿਕਾਰਤ ਸਲਾਹ ਸਾਹਮਣੇ ਨਾ ਆਉਣ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਵਰ੍ਹੇ ਪੀਆਰ 126 ਕਿਸਮ ਬੀਜਣ ਦੀ ਦਿੱਤੀ ਸਲਾਹ ਦੇ ਬਾਵਜੂਦ ਮੰਡੀਆਂ ਵਿਚ ਕਿਸਾਨਾਂ ਨੂੰ 15-15 ਦਿਨ ਖੱਜਲ ਖੁਆਰ ਹੋਣਾ ਪਿਆ ਸੀ।
ਆਗੂਆਂ ਨੇ ਪੰਜਾਬ ਦੀ ਖੇਤੀ ਅਤੇ ਕਿਸਾਨੀ ਨੂੰ ਬਚਾਉਣ ਲਈ ਹੁਸੈਨੀਵਾਲਾ ਅਤੇ ਵਾਹਗਾ ਬਾਰਡਰਾਂ ਰਸਤੇ ਪਾਕਿਸਤਾਨ ਨਾਲ ਵਪਾਰ ਖੋਲਣ ਦੀ ਮੰਗ ਕੀਤੀ। ਉਨ੍ਹਾਂ ਮਾਲੇਰਕੋਟਲਾ ਜ਼ਿਲ੍ਹੇ ਦੇ 22 ਪਿੰਡਾਂ ਵਿੱਚੋਂ ਨਿਕਲ ਰਹੇ ਸਰਹਿੰਦ-ਸਹਿਣਾ ਐਕਸਪ੍ਰੈਸਵੇ ਨਾਲ ਸੰਬੰਧਿਤ ਕਿਸਾਨਾਂ ਦੀਆਂ ਮੰਗਾਂ ਫੌਰੀ ਮੰਨਣ ਦੀ ਮੰਗ ਵੀ ਰੱਖੀ।ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਯੂਨੀਅਨ ਦੇ ਜ਼ਿਲ੍ਹਾ ਆਗੂ ਰੁਪਿੰਦਰ ਸਿੰਘ ਚੌਂਦਾ, ਗੁਰਮੇਲ ਸਿੰਘ ਮਦੇਵੀ, ਸੁਖਵੰਤ ਸਿੰਘ ਚੌਂਦਾ,ਕੁਲਵਿੰਦਰ ਸਿੰਘ ਮਦੇਵੀ, ਦਰਸ਼ਨ ਸਿੰਘ ਹਥੋਆ,ਨਿਰਮਲ ਸਿੰਘ ਰੁੜਕਾ, ਕੇਸਰ ਸਿੰਘ ਸੰਗਾਲੀ ਅਤੇ ਸੰਦੀਪ ਸਿੰਘ ਭੁਮਸੀ ਤੇ ਹੋਰ ਆਗੂ ਸ਼ਾਮਲ ਸਨ।