ਕਿਰਤੀਆਂ ਦੇ ਬੈਂਕ ਖਾਤਿਆਂ ਵਿੱਚ ਮੁਆਵਜ਼ਾ ਭੇਜਣ ਦੀ ਮੰਗ

ਪੱਤਰ ਪ੍ਰੇਰਕ
ਚੰਡੀਗੜ੍ਹ, 25 ਮਾਰਚ
ਕਰੋਨਾਵਾਇਰਸ ਦਾ ਹਵਾਲਾ ਦੇ ਕੇ ਮੋਦੀ ਹਕੂਮਤ ਨੇ 21 ਦਿਨਾਂ ਦੇ ਮੁਕੰਮਲ ਬੰਦ ਦਾ ਐਲਾਨ ਕਰਕੇ ਲੋਕਾਂ ਨੂੰ ਘਰਾਂ ਅੰਦਰ ਡੱਕ ਦਿੱਤਾ ਹੈ। ਇਸ ਐਲਾਨ ਤੋਂ ਪਹਿਲਾਂ ਹਾਕਮਾਂ ਨੇ ਲੋਕਾਂ ਨੂੰ ਜ਼ਰੂਰੀ ਕੰਮ ਧੰਦੇ ਨਿਬੇੜਨ, ਗੁਜ਼ਾਰੇ ਵਾਸਤੇ ਪ੍ਰਬੰਧ ਕਰਨ ਦਾ ਵੀ ਸਮਾਂ ਨਹੀਂ ਦਿੱਤਾ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਆਗੂਆਂ ਮਾਨਵਜੋਤ ਸਿੰਘ ਤੇ ਪਾਵੇਲ ਜਲਾਲਆਣਾ ਨੇ ਕਿਹਾ ਕਿ 21 ਦਿਨਾਂ ਦੇ ਬੰਦ ਦਾ ਐਲਾਨ ਦੇਸ਼ ਦੀ ਮਜ਼ਦੂਰ ਕਿਰਤੀ ਅਬਾਦੀ ਲਈ ਜਿਉਣ ਦਾ ਭਿਅੰਕਰ ਸੰਕਟ ਖੜ੍ਹਾ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਮੁਲਕ ਦੀ 80 ਫ਼ੀਸਦ ਤੋਂ ਵੀ ਵਧੇਰੇ ਅਬਾਦੀ ਰੋਜ਼ਾਨਾ ਕਿਰਤ ਕਰਕੇ ਆਪਣਾ ਅਤੇ ਆਪਣੇ ਟੱਬਰ ਦਾ ਢਿੱਡ ਭਰਦੀ ਹੈ। ਇਸ 21 ਦਿਨਾਂ ਦੇ ਬੰਦ ਦੌਰਾਨ ਕੇਂਦਰ ਸਰਕਾਰ ਨੇ ਵੱਡੀ ਗਿਣਤੀ ਆਬਾਦੀ ਬਾਬਤ, ਉਨ੍ਹਾਂ ਦੇ ਗੁਜ਼ਾਰੇ ਤੇ ਹੋਰ ਮੁਢਲੀਆਂ ਲੋੜਾਂ ਬਾਬਤ ਠੋਸ ਵਿਚਾਰ ਕਰਨ ਤੋਂ ਬਗੈਰ ਹੀ ਬੰਦ ਦਾ ਫੈ਼ਸਲਾ ਸੁਣਾ ਦਿੱਤਾ ਹੈ।
ਉਕਤ ਆਗੂਆਂ ਨੇ ਕਿਹਾ ਕਿ ਇਸ ਮੌਕੇ ਦੇਸ਼ ਦੇ ਕਿਰਤੀ ਤੇ ਉਨ੍ਹਾਂ ਦੇ ਟੱਬਰ ਹੋ ਸਕਦਾ ਕਰੋਨਾ ਦੀ ਲਪੇਟ ’ਚ ਆਉਣ ਤੋਂ ਬਚ ਜਾਣ, ਪਰ 21 ਦਿਨਾਂ ਲਈ ਇੱਕਦਮ ਬੰਦ ਦੇ ਫੈ਼ਸਲੇ ਕਰਕੇ ਰੋਜ਼ੀ ਰੋਟੀ ਖੁਣੋਂ ਭੁੱਖ ਨਾਲ ਮਰਨ ਲਈ ਜ਼ਰੂਰ ਸਰਾਪੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸੰਵੇਦਨਸ਼ੀਲ ਸਥਿਤੀ ਵਿਚ ਸਭ ਤੋਂ ਵਧੇਰੇ ਅਤੇ ਸਭ ਤੋਂ ਵੱਡਾ ਨੁਕਸਾਨ ਕਿਰਤੀਆਂ ਦਾ ਹੀ ਹੋ ਰਿਹਾ ਹੈ, ਜਿਨ੍ਹਾਂ ਕੋਲ ਕਮਾਈ ਦਾ ਕੋਈ ਜ਼ਰੀਆ ਬਾਕੀ ਨਹੀਂ ਬਚਿਆ ਹੈ ਤੇ ਉਨ੍ਹਾਂ ਕੋਲ ਪਹਿਲਾਂ ਜਮ੍ਹਾਂ ਕੀਤੀ ਹੋਈ ਪੂੰਜੀ ਵੀ ਨਹੀਂ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਦੇਸ਼ ਦੇ ਕੁਲ ਕਿਰਤੀਆਂ ਲਈ ਫਿਲਹਾਲ ਇੱਕ ਮਹੀਨੇ ਦੇ ਗੁਜ਼ਾਰੇ ਵਾਸਤੇ ਘੱਟੋ ਘੱਟ 10 ਹਜ਼ਾਰ ਰੁਪਏ ਦਾ ਮੁਆਵਜ਼ਾ ਜਾਰੀ ਕੀਤਾ ਜਾਵੇ ਅਤੇ ਇਹ ਮੁਆਵਜ਼ਾ ਤੁਰੰਤ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਇਆ ਜਾਵੇ। ਇਹਦੇ ਸਮੇਤ ਹੀ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ 21 ਦਿਨਾਂ ਦੇ ਮੁਕੰਮਲ ਬੰਦ ਦੇ ਮੱਦੇਨਜ਼ਰ ਰਾਸ਼ਨ, ਸਬਜ਼ੀਆਂ, ਦੁੱਧ, ਦਾਲ਼ਾਂ, ਸਾਫ਼ ਪਾਣੀ ਅਤੇ ਹੋਰ ਮੁੱਢਲੀਆਂ ਸਹੂਲਤਾਂ ਦੀ ਪਹੁੰਚ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਮੁਫ਼ਤ ਤੇ ਲਾਜ਼ਮੀ ਯਕੀਨੀ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਸਰਕਾਰ ਚੁੱਕੇ। ਸਭਾ ਦੇ ਬੁਲਾਰਿਆਂ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਕੇਂਦਰ ਸਰਕਾਰ ਵੱਲੋਂ ਕਰੋਨਾ ਵਾਇਰਸ ਨੂੰ ਨਾਗਿਰਕਤਾ ਹੱਕਾਂ ਲਈ ਜੂਝ ਰਹੇ ਲੋਕਾਂ ਉੱਤੇ ਹੱਲਾ ਵਿੱਢਣ ਦੇ ਬਹਾਨੇ ਵਜੋਂ ਵਰਤਣ ਦੀ ਗੱਲ ਕਹੀ ਸੀ ਅਤੇ ਬੀਤੇ ਦਿਨ ਨਾਗਰਿਕਤਾ ਹੱਕਾਂ ਦੀ ਰਾਖੀ ਲਈ ਚੱਲ ਰਹੇ ਸੰਘਰਸ਼ ਦਾ ਧਰੂ ਤਾਰਾ ਬਣਿਆ ਸ਼ਾਹੀਨ ਬਾਗ, ਜੋ ਹਾਕਮਾਂ ਦੀਆਂ ਅੱਖਾਂ ਵਿੱਚ ਪਿਛਲੇ 100 ਦਿਨਾਂ ਤੋਂ ਰੋੜ ਬਣ ਚੁਭ ਰਿਹਾ ਸੀ, ਨੂੰ ਪੁਲਸੀਆ ਜ਼ੋਰ ਨਾਲ ਚੁਕਵਾ ਕੇ ਮੋਦੀ ਹਕੂਮਤ ਨੇ ਆਪਣੀ ਕੋਝੀ ਮਨਸ਼ਾ ਜੱਗ ਜ਼ਾਹਿਰ ਕਰ ਦਿੱਤੀ ਹੈ। ਆਗੂਆਂ ਨੇ ਪੰਜਾਬ ਵਿੱਚ ਕਰਫਿਊ ਦੇ ਚਲਦਿਆਂ ਪੰਜਾਬ ਪੁਲੀਸ ਵੱਲੋਂ ਸਖਤਾਈ ਦੇ ਨਾਂ ਉੱਤੇ ਲੋਕਾਂ ਦੀ ਕੀਤੀ ਗਈ ਕੁੱਟਮਾਰ ਦਾ ਨੋਟਿਸ ਲੈਂਦਿਆਂ ਪੁਲੀਸ ਦੀ ਇਸ ਕਾਰਵਾਈ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।