ਪੱਤਰ ਪ੍ਰੇਰਕਜਲੰਧਰ; 9 ਜੂਨ‘ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ’ ਦੀ ਸਾਥੀ ਬਲਦੇਵ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਸੂਬਾ ਕਨਵੀਨਰ ਸਾਥੀ ਦੀਪਕ ਹੁਸ਼ਿਆਰਪੁਰ ਵੱਲੋਂ ਕਿਰਤੀਆਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਭਖਵੇਂ ਮਸਲਿਆਂ ਬਾਰੇ ਪੇਸ਼ ਕੀਤੀ ਗਈ ਰਿਪੋਰਟ ਉੱਪਰ ਵੱਖੋ-ਵੱਖ ਜ਼ਿਲ੍ਹਿਆਂ ’ਚੋਂ ਪੁੱਜੇ ਸਰਗਰਮ ਆਗੂਆਂ ਨੇ ਚਰਚਾ ਕੀਤੀ। ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਵੱਲੋਂ ਪੇਸ਼ ਕੀਤੀ ਗਈ ਤਜਵੀਜ਼ ਅਨੁਸਾਰ ਮੰਗਾਂ-ਮਸਲਿਆਂ ਦੇ ਯੋਗ ਨਿਬੇੜੇ ਲਈ ਤਿੱਖਾ ਸੰਘਰਸ਼ ਛੇੜਨ ਵਾਸਤੇ ਮਨਰੇਗਾ ਕਿਰਤੀਆਂ ਦੇ ਤਿੰਨ ਵਿਸ਼ਾਲ ਖੇਤਰੀ ਇਕੱਠ ਕਰਨ ਦਾ ਫ਼ੈਸਲਾ ਲਿਆ ਗਿਆ ਹੈ। 6 ਜੁਲਾਈ ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿੱਚ ਕੀਤੇ ਜਾਣ ਵਾਲੇ ਇਕੱਠ ਵਿਚ ਮਾਝਾ ਤੇ ਦੋਆਬਾ ਖੇਤਰ ਦੇ ਜ਼ਿਲ੍ਹਿਆਂ ’ਚੋਂ ਕਿਰਤੀ ਸ਼ਾਮਲ ਹੋਣਗੇ। ਇਸੇ ਤਰ੍ਹਾਂ 11 ਜੁਲਾਈ ਨੂੰ ਟੀਚਰਜ਼ ਹੋਮ ਬਠਿੰਡਾ ਵਿੱਚ ਕੀਤੇ ਜਾਣ ਵਾਲੇ ਇਕੱਠ ਵਿਚ ਬਠਿੰਡਾ, ਮਾਨਸਾ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਫਿਰੋਜਪੁਰ ਤੇ ਮੋਗੇ ਦੇ ਵਰਕਰ ਪੁੱਜਣਗੇ।13 ਜੁਲਾਈ ਨੂੰ ਸੰਗਰੂਰ, ਪਟਿਆਲਾ, ਫਤਹਿਗੜ੍ਹ ਸਾਹਿਬ, ਬਰਨਾਲਾ, ਰੋਪੜ, ਮੋਹਾਲੀ ਦੇ ਵਰਕਰਾਂ ਦਾ ਇਕੱਠ ਪਟਿਆਲਾ ਵਿਖੇ ਸੱਦਿਆ ਜਾਵੇਗਾ। ਇਸ ਮੌਕੇ ਪ੍ਰਕਾਸ਼ ਸਿੰਘ ਨੰਦਗੜ੍ਹ (ਬਠਿੰਡਾ), ਚਰਨਜੀਤ ਸਿੰਘ ਥੰਮੂਵਾਲ ਤੇ ਸਤਪਾਲ ਸਿੰਘ ਸਹੋਤਾ (ਜਲੰਧਰ), ਹਰਪਾਲ ਸਿੰਘ ਜਗਤਪੁਰ (ਨਵਾਂ ਸ਼ਹਿਰ), ਨਰਿੰਦਰ ਸਿੰਘ ਰਟੌੜ, ਕਰਮ ਸਿੰਘ ਪੰਡੋਰੀ, ਸਰਪੰਚ ਮੀਨਾ ਕੁਮਾਰੀ (ਤਰਨ ਤਾਰਨ), ਸਰਪੰਚ ਪ੍ਰਲਾਹਦ ਸਿੰਘ ਨਿਆਲ(ਪਟਿਆਲਾ) ਤੋਂ ਇਲਾਵਾ ਗੁਰਜੀਤ ਸਿੰਘ ਤੇ ਕੁਲਦੀਪ ਸਿੰਘ ਰਟੌਲ ਨੇ ਵਿਚਾਰ ਰੱਖੇ।