For the best experience, open
https://m.punjabitribuneonline.com
on your mobile browser.
Advertisement

 ਕਿਤੇ ਮਿਲ ਖਲਵਾੜੇ ਵਾਲਿਆ...

04:01 AM Jan 25, 2025 IST
 ਕਿਤੇ ਮਿਲ ਖਲਵਾੜੇ ਵਾਲਿਆ
Advertisement
ਹਰਦਿਆਲ ਸਿੰਘ ਥੂਹੀਤੂੰਬੇ ਜੋੜੀ ਦੀ ਗਾਇਕੀ ਦੇ ਭੰਡਾਰ ਨੂੰ ਪ੍ਰਫੁੱਲਿਤ ਕਰਨ ਵਿੱਚ ਦੁਆਬਾ ਖੇਤਰ ਦੇ ਰਾਗੀਆਂ (ਗਾਇਕਾਂ) ਦਾ ਵਡਮੁੱਲਾ ਯੋਗਦਾਨ ਰਿਹਾ ਹੈ। ਜ਼ਿਲ੍ਹਾ ਜਲੰਧਰ ਤੋਂ ਲੈ ਕੇ ਧੁਰ ਹੁਸ਼ਿਆਰਪੁਰ ਤੱਕ ਇਸ ਗਾਇਕੀ ਨਾਲ ਸਬੰਧਤ ਗਾਇਕਾਂ ਦੀ ਸੂਚੀ ਵਿੱਚ ਅਨੇਕਾਂ ਨਾਂ ਸ਼ਾਮਲ ਰਹੇ ਹਨ। ਦੇਸ਼ ਵੰਡ ਸਮੇਂ ਪਹਿਲੀ ਪੀੜ੍ਹੀ ਦੇ ਮੋਢੀ ਮੁਸਲਮਾਨ ਗਾਇਕ ਪਾਕਿਸਤਾਨ ਚਲੇ ਗਏ। ਇੱਧਰ ਰਹੇ ਸਿੱਖ ਅਤੇ ਹਿੰਦੂ ਗਾਇਕਾਂ ਵਿੱਚੋਂ ਰਾਵਾਂ ਖੇਲਾ ਵਾਲਾ ਕਾਕਾ (ਬਸੰਤ ਸਿੰਘ) ਸਭ ਤੋਂ ਸੀਨੀਅਰ ਸੀ। ਅੱਗੇ ਉਸ ਦੇ ਅਨੇਕਾਂ ਚੇਲੇ, ਪੋਤੇ ਚੇਲੇ ਅਤੇ ਪੜਪੋਤੇ ਚੇਲੇ ਹੋਏ। ਇਸੇ ਲੜੀ ਵਿੱਚੋਂ ਹੀ ਹੋਇਆ ਹੈ ਰਾਗੀ ਹਰੀ ਦਾਸ ਖਲਵਾੜਾ।
Advertisement

ਹਰੀ ਦਾਸ ਦਾ ਜਨਮ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਬੰਗਾ ਦੇ ਪਿੰਡ ਲਿੱਦੜ ਕਲਾਂ ਵਿਖੇ ਪਿਤਾ ਪੂਰਨ ਚੰਦ ਤੇ ਮਾਤਾ ਈਸਰੀ ਦੇ ਘਰ ਹੋਇਆ। ਪਾਸਪੋਰਟ ਅਨੁਸਾਰ ਉਸ ਦੀ ਜਨਮ ਮਿਤੀ 13 ਜੂਨ 1933 ਹੈ। ਮਾਪਿਆਂ ਦੀਆਂ ਪੰਜ ਔਲਾਦਾਂ ਤਿੰਨ ਪੁੱਤਰਾਂ ਅਤੇ ਦੋ ਧੀਆਂ ਵਿੱਚੋਂ ਹਰੀ ਦਾਸ ਸਾਰਿਆਂ ਤੋਂ ਵੱਡਾ ਸੀ। ਭਰਾਵਾਂ ਦੇ ਨਾਂ ਸੰਤ ਰਾਮ ਤੇ ਗੁਰਮੀਤ ਰਾਮ ਸਨ। ਪਰਿਵਾਰ ਦਾ ਜੱਦੀ ਪੁਸ਼ਤੀ ਕਿੱਤਾ ਖੱਡੀ ਬੁਣਨਾ ਸੀ, ਪ੍ਰੰਤੂ ਪੂਰਨ ਚੰਦ ਨੇ ਖੱਡੀ ਦਾ ਕੰਮ ਛੱਡ ਕੇ ਕੱਪੜਾ ਵੇਚਣ ਦਾ ਕੰਮ ਸ਼ੁਰੂ ਕਰ ਲਿਆ। ਉਹ ਫਿਰ-ਤੁਰਕੇ ਕੱਪੜਾ (ਖੱਦਰ) ਵੇਚਦਾ ਸੀ ਅਤੇ ਦੂਰ ਦੂਰ ਤੱਕ ਜਾਂਦਾ ਸੀ। ਉਹ ਚਾਹੁੰਦਾ ਸੀ ਕਿ ਅੱਗੇ ਉਸ ਦੇ ਬੱਚੇ ਪੜ੍ਹ ਲਿਖ ਜਾਣ। ਹਰੀ ਦਾਸ ਪੜ੍ਹਾਈ ਵਿੱਚ ਹੁਸ਼ਿਆਰ ਸੀ। 1949 ਵਿੱਚ ਉਸ ਨੇ ਸਰਹਾਲ ਕਾਜ਼ੀਆਂ ਦੇ ਸਕੂਲ ਤੋਂ ਅੱਠਵੀਂ ਪਾਸ ਕੀਤੀ। ਪੜ੍ਹਾਈ ਦੌਰਾਨ ਹੀ ਉਸ ਨੂੰ ਸਕੂਲ ਦੀ ਬਾਲ ਸਭਾ ਵਿੱਚ ਕਵਿਤਾਵਾਂ ਪੜ੍ਹਨ ਕਾਰਨ ਗਾਇਕੀ ਦੀ ਚੇਟਕ ਲੱਗ ਗਈ। ਛਿੰਝਾਂ-ਮੇਲਿਆਂ ’ਤੇ ਲੱਗਦੇ ਗਵੰਤਰੀਆਂ ਦੇ ਅਖਾੜਿਆਂ ਵਿੱਚੋਂ ‘ਤੂੰਬੇ ਜੋੜੀ’ ਦੇ ਗਾਇਕਾਂ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ। ਵਾਹ ਲੱਗਦੀ ਉਹ ਨੇੜੇ ਤੇੜੇ ਦੇ ਮੇਲਿਆਂ ’ਤੇ ਉਨ੍ਹਾਂ ਨੂੰ ਸੁਣਨ ਜ਼ਰੂਰ ਪਹੁੰਚਦਾ। ਤੇਜ਼ ਬੁੱਧੀ ਦਾ ਹੋਣ ਕਾਰਨ ਉਨ੍ਹਾਂ ਨੂੰ ਸੁਣ ਸੁਣ ਕੇ ਹਰੀ ਦਾਸ ਨੂੰ ਬਹੁਤ ਸਾਰਾ ‘ਗੌਣ’ ਯਾਦ ਹੋ ਗਿਆ। ਉਹ ਹਰ ਵੇਲੇ ਕੁਝ ਨਾ ਕੁਝ ਗੁਣ-ਗੁਣਾਉਂਦਾ ਰਹਿੰਦਾ। ਗਾਉਣ ਵੱਲ ਉਸ ਦਾ ਰੁਝਾਨ ਦੇਖ ਕੇ ਘਰਦਿਆਂ ਨੇ ਉਸ ਨੂੰ ਇਸ ਤੋਂ ਵਰਜਿਆ, ਪ੍ਰੰਤੂ ਉਸ ਦੇ ਸਿਰ ’ਤੇ ਤਾਂ ਗਾਇਕੀ ਦਾ ਭੂਤ ਸਵਾਰ ਸੀ। ਸੋ ਉਹ ਘਰੋਂ ਭਗੌੜਾ ਹੋ ਗਿਆ ਅਤੇ ਰਾਵਾਂ ਖੇਲਾ ਵਾਲੇ ਪ੍ਰਸਿੱਧ ਰਾਗੀ ਦਰਸ਼ਨ ਸਿੰਘ ਦੇ ਚਰਨੀਂ ਜਾ ਲੱਗਾ। ਕਈ ਸਾਲ ਉਸਤਾਦ ਦੀ ਸੰਗਤ ਕੀਤੀ। ਇੱਥੇ ਹੀ ਉਸ ਦਾ ਮੇਲ ਕਈ ਪ੍ਰਸਿੱਧ ਰਾਗੀਆਂ ਨਾਲ ਹੋਇਆ। ਚੌਧਰੀ ਭਗਤ ਰਾਮ ਜੋ ਵੰਡ ਤੋਂ ਬਾਅਦ ਵੀ ਪਾਕਿਸਤਾਨ ਆਉਂਦਾ ਜਾਂਦਾ ਰਹਿੰਦਾ ਸੀ, ਨੇ ਲਹਿੰਦੇ ਪੰਜਾਬ ਗਏ ਰਾਗੀਆਂ ਪਾਸੋਂ ਰਾਗ ਦੀਆਂ ਕਾਪੀਆਂ ਉਸ ਨੂੰ ਲਿਆ ਕੇ ਦਿੱਤੀਆਂ। ਇਸ ਤਰ੍ਹਾਂ ਉਸ ਨੇ ਵਿਧੀਵਤ ਬਹੁਤ ਸਾਰਾ ਰਾਗ ‘ਕੰਠ’ ਕਰ ਲਿਆ।

Advertisement

ਪੱਕੇ ਪੈਰੀਂ ਹੋ ਕੇ ਅਤੇ ਉਸਤਾਦ ਤੋਂ ਆਸ਼ੀਰਵਾਦ ਲੈ ਕੇ ਉਸ ਨੇ ਆਪਣੇ ਪਿੰਡ ਲਿੱਦੜਾਂ ਦੇ ਸ਼ੰਕਰ ਦਾਸ ਅਤੇ ਅਮਰ ਚੰਦ ਨਾਲ ਜੁੱਟ ਬਣਾ ਕੇ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ। ਸ਼ੁਰੂ ਵਿੱਚ ਉੁਹ ਨੇੜੇ ਤੇੜੇ ਦੇ ਮੇਲਿਆਂ ’ਤੇ ਜਾਣ ਲੱਗ ਪਏ। ਆਵਾਜ਼ ਤਾਂ ਹਰੀ ਦਾਸ ਦੀ ਸੁਰੀਲੀ ਸੀ ਹੀ, ਇਸ ਦੇ ਨਾਲ ਨਾਲ ਉਸ ਦੇ ਪੇਸ਼ਕਾਰੀ ਦੇ ਅੰਦਾਜ਼ ਨੂੰ ਸਰੋਤਿਆਂ ਨੇ ਬਹੁਤ ਪਸੰਦ ਕੀਤਾ। ਛੇਤੀ ਹੀ ਆਲੇ ਦੁਆਲੇ ਵਿੱਚ ਉਨ੍ਹਾਂ ਦੀ ਚੰਗੀ ਪਛਾਣ ਬਣ ਗਈ। ਨਤੀਜੇ ਵਜੋਂ ਉਨ੍ਹਾਂ ਨੂੰ ਦੂਰੋਂ ਦੂਰੋਂ ਪ੍ਰੋਗਰਾਮਾਂ ਦੇ ਸੱਦੇ ਆਉਣ ਲੱਗ ਪਏ। ਹੌਲੀ ਹੌਲੀ ਹਰੀ ਦਾਸ ਆਪ ਕਵਿਤਾ ਵੀ ਰਚਣ ਲੱਗ ਪਿਆ। ਹੁਣ ਉਹ ਅਖਾੜਿਆਂ ਵਿੱਚ ਜ਼ਿਆਦਾਤਰ ਆਪਣੀ ਹੀ ਰਚਨਾ ਗਾਉਂਦਾ ਸੀ। ਚੰਗਾ ਨਾਂ ਬਣਨ ਤੋਂ ਬਾਅਦ ਉਸ ਦੇ ਜੁੱਟ ਵਿੱਚ ਚੱਕ ਰਾਮੂ ਵਾਲਾ ਪਰਗਣ ‘ਜੋੜੀ’ ਵਾਦਕ ਅਤੇ ਸੂਰਾ ਪੁਰ ਸੁਜੋਂ ਵਾਲਾ ਸੋਹਣ ਲਾਲ ‘ਤੂੰਬਾ’ ਵਾਦਕ ਵਜੋਂ ਸ਼ਾਮਲ ਹੋ ਗਏ।

ਹਰੀ ਦਾਸ ਹਰ ਸਮੇਂ ਆਪਣੇ ਕੋਲ ਕਾਪੀ ਪੈੱਨ ਰੱਖਦਾ ਸੀ। ਜਦੋਂ ਵੀ ਕਿਤੇ ਉਸ ਨੂੰ ਕੁਝ ਫੁਰਦਾ ਉਹ ਆਪਣੀ ਕਾਪੀ ’ਤੇ ਲਿਖ ਲੈਂਦਾ। ਇੱਥੋਂ ਤੱਕ ਕਿ ਕਈ ਵਾਰ ਰਾਤਾਂ ਨੂੰ ਉੱਠ ਉੱਠ ਕੇ ਵੀ ਲਿਖਣ ਲੱਗ ਜਾਂਦਾ। ਲਿਖਦਾ ਉਹ ਸਭ ਕੁਝ ਉਰਦੂ (ਫਾਰਸੀ ਅੱਖਰ) ਵਿੱਚ ਸੀ। ਕਵਿਤਾ ਰਚਣ ਵਿੱਚ ਉਸ ਦੀ ਮੁਹਾਰਤ ਏਨੀ ਹੋ ਗਈ ਸੀ ਕਿ ਉਹ ਕਿਸੇ ਘਟਨਾ ਬਾਰੇ ਮੌਕੇ ’ਤੇ ਹੀ ਛੰਦ ਬਣਾ ਦਿੰਦਾ ਸੀ। ਇਸੇ ਗੁਣ ਸਦਕਾ ਉਹ ਖਲਵਾੜਾ ਨਿਵਾਸੀ ਬਣਿਆ। ਘਟਨਾ ਇਉਂ ਵਾਪਰੀ, 1969 ਵਿੱਚ ਖਲਵਾੜੇ ਉਹ ਪ੍ਰੋਗਰਾਮ ’ਤੇ ਆਇਆ ਹੋਇਆ ਸੀ। ਕੁਦਰਤੀ ਉਸੇ ਦਿਨ ਡਿਪਟੀ ਕਮਿਸ਼ਨਰ, ਕਪੂਰਥਲਾ ਚਰਨ ਦਾਸ ਸਿੱਧੂ ਨੇ ਵੀ ਇੱਥੇ ਆਉਣਾ ਸੀ। ਸਟੇਜ ਸਕੱੱਤਰ ਕੋਈ ਹੈ ਨਹੀਂ ਸੀ। ਪਿੰਡ ਵਾਲਿਆਂ ਨੇ ਹਰੀ ਦਾਸ ਨੂੰ ਹੀ ਡੀਸੀ ਦਾ ਸਵਾਗਤ ਕਰਨ ਲਈ ਸਟੇਜ ’ਤੇ ਚਾੜ੍ਹ ਦਿੱਤਾ। ਹਰੀ ਦਾਸ ਨੇ ਮੌਕੇ ’ਤੇ ਹੀ ਛੰਦਾ ਬੰਦੀ ਵਿੱਚ ਡੀਸੀ ਦਾ ਅਜਿਹਾ ਸ਼ਾਨਦਾਰ ਸਵਾਗਤ ਕੀਤਾ ਕਿ ਉਸ ਨੇ ਖ਼ੁਸ਼ ਹੋ ਕੇ ਹਰੀ ਦਾਸ ਨੂੰ ਪੰਜ ਵਿੱਘੇ ਜ਼ਮੀਨ ਇਨਾਮ ਵਜੋਂ ਖਲਵਾੜੇ ਹੀ ਦੇ ਦਿੱਤੀ। ਇਹ ਇੱਕ ਗਾਇਕ ਅਤੇ ਸ਼ਾਇਰ ਦਾ ਵੱਡਾ ਸਨਮਾਨ ਸੀ। ਇਸ ਤਰ੍ਹਾਂ ਉਹ ਪੱਕੇ ਤੌਰ ’ਤੇ ਖਲਵਾੜਾ ਵਾਸੀ ਬਣ ਗਿਆ।

ਹਰੀ ਦਾਸ ਨੇ ਅਲੱਗ ਅਲੱਗ ਛੰਦਾਂ ਵਿੱਚ ਬਹੁਤ ਸਾਰੀ ਕਵਿਤਾ ਰਚੀ। ਉਸ ਨੇ ਕੁਝ ਪੂਰੀਆਂ ਲੜੀਆਂ ਤੋਂ ਇਲਾਵਾ ਅਣਗਿਣਤ ਰੰਗ ਲਿਖੇ। ਇਨ੍ਹਾਂ ਵਿੱਚ ਇਸ਼ਕ ਹਕੀਕੀ ਨਾਲ ਸਬੰਧਤ ਵੀ ਹਨ ਅਤੇ ਇਸ਼ਕ ਮਜਾਜ਼ੀ ਨਾਲ ਵੀ। ਡਾ. ਹਰਨੇਕ ਸਿੰਘ ਹੇਅਰ ਨੇ ਆਪਣੀ ਸੰਪਾਦਿਤ ਪੁਸਤਕ ‘ਲੋਕ ਕਾਵਿ-ਰੂਪ : ਰੰਗ (ਸੰਪਾਦਨ ਤੇ ਸਮੀਖਿਆ)’ ਵਿੱਚ ਹਰੀ ਦਾਸ ਦੇ ਕੁਲ ਛੇ ਰੰਗ ਸ਼ਾਮਲ ਕੀਤੇ ਹਨ ਜੋ ਸਾਰੇ ਸੂਫ਼ੀ ਰੰਗਤ ਵਾਲੇ ਹਨ। ਉਸ ਦੇ ਪ੍ਰੀਤ ਗਾਥਾਵਾਂ ਨਾਲ ਸਬੰਧਤ ਰੰਗਾਂ ਨੂੰ ਇਕੱਤਰ ਕਰਕੇ ਸਾਂਭਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਵਿੱਚੋਂ ਕੁਝ ਨਮੂਨੇ ਹਨ;

* ਇੱਕ ਵਾਰੀ ਮਿਲ ਜਾ ਆ ਕੇ ਕਰਮਾਂ ਮਾਰੀ ਨੂੰ।

ਦੱਸਾਂ ਵਿਛੋੜੇ ਵਾਲੀ ਹਕੀਕਤ ਸਾਰੀ ਨੂੰ।

ਕਿਤੇ ਮਿਲ ਖਲਵਾੜੇ ਵਾਲਿਆ, ਔਸੀਆਂ ਪਾਵਾਂ ਮੈਂ।

ਕੋਠੇ ਚੜ੍ਹ ਹਰੀ ਦਾਸ ਵੇ ਕਾਗ ਉਡਾਵਾਂ ਮੈਂ।

ਨਜ਼ਰ ਨ੍ਹੀਂ ਆਉਂਦਾ ਰੋਵਾਂ ਕਿਸਮਤ ਮਾੜੀ ਨੂੰ।

ਇੱਕ ਵਾਰੀ ਮਿਲ ਜਾ ਆ ਕੇ ਵੇ ਦਰਦਾਂ ਮਾਰੀ ਨੂੰ। (ਸਾਹਿਬਾਂ ਦੀ ਚਿੱਠੀ)

ਵਾਰਿਸ ਸ਼ਾਹ ਦੀ ਹੀਰ ਪੰਜਾਬੀ ਕਿੱਸਾ-ਕਾਵਿ ਵਿੱਚ ਸ਼ਾਹਕਾਰ ਰਚਨਾ ਹੈ। ਉਸ ਦੇ ਬਰਾਬਰ ਦੀ ਕੋਈ ਹੋਰ ਰਚਨਾ ਨਹੀਂ, ਪ੍ਰੰਤੂ ਹਰੀ ਦਾਸ ਨੇ ਵੀ ਆਪਣੀ ‘ਹੀਰ’ ਵਿੱਚ ਕਮਾਲ ਦੇ ਬੰਦ ਲਿਖੇ ਹਨ। ਨਮੂਨਾ ਦੇਖੋ;

ਰੇ-ਰਾਤ ਨਾ ਮੁੱਕਦੀ ਰੋਂਦੜੀ ਨੂੰ,

ਪਈ ਤੜਫਦੀ ਵਾਂਗ ਚਕੋਰਿਆਂ ਦੇ।

ਆਵੇਂ ਅੱਖੀਆਂ ਸਾਹਮਣੇ ਰਾਂਝਣਾ ਵੇ,

ਦੱਸਾਂ ਦੁੱਖ ਮੈਂ ਨਾਲ ਨਿਹੋਰਿਆਂ ਦੇ।

ਰੂਪ ਹੁਸਨ ਗਵਾ ਲਿਆ ਮਾਰ ਆਹੀਂ,

ਮੇਰਾ ਖੂਨ ਸੁੱਕਾ ਵਿੱਚ ਝੋਰਿਆਂ ਦੇ।

ਹਰੀ ਦਾਸ ਜੇ ਮਿਲੇਂ ਨਾ ਆਣ ਛੇਤੀ,

ਮਰ ਜਾਊਂਗੀ ਵਿੱਚ ਵਿਛੋੜਿਆਂ ਦੇ।

ਹਰੀ ਦਾਸ ਦੀ ਮਕਬੂਲੀਅਤ ਦਾ ਪਤਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਉਸ ਨੂੰ ਲਹਿੰਦੇ ਪੰਜਾਬ ਵਿੱਚ ਵੀ ਸੁਣਿਆ ਜਾਂਦਾ ਹੈ। ਉੱਧਰ ਦੇ ਇੱਕ ਯੂ-ਟਿਊਬ ਚੈਨਲ ‘ਲੋਕ ਰੰਗ ਪੰਜਾਬ ਦਾ’ ’ਤੇ ਉਸ ਦੀਆਂ ਗਾਈਆਂ ਕੁਝ ਗਾਥਾਵਾਂ ਦੀਆਂ ਵੀਡੀਓ ਸੁਣੀਆਂ ਅਤੇ ਦੇਖੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿੱਚ ਪੂਰਨ ਭਗਤ, ਹੀਰ ਰਾਂਝਾ, ਸੱਸੀ, ਲੈਲਾ ਮਜਨੂੰ ਆਦਿ ਸ਼ਾਮਲ ਹਨ। ਇਸੇ ਤਰ੍ਹਾਂ ਰਾਗੀ ਰਾਮ ਲਾਲ ਜੌਹਲਾਂ ਦੇ ਪੁੱਤਰ ਮਨਜੀਤ ਬੱਗਾ ਨੇ 2013 ਵਿੱਚ ਹਰੀ ਦਾਸ, ਰਾਮ ਲਾਲ, ਲਸ਼ਕਰੀ ਰਾਮ, ਕਰਤਾਰ ਚੰਦ ਦੀ ਵਿਸ਼ੇਸ਼ ਤੌਰ ’ਤੇ ਆਪਣੇ ਘਰ ਰਿਕਾਰਡਿੰਗ ਕਰਵਾਈ। ਇਹ ਸਾਰੇ ਦੇ ਸਾਰੇ ਹੁਣ ਇਸ ਦੁਨੀਆ ’ਤੇ ਨਹੀਂ ਰਹੇ, ਪ੍ਰੰਤੂ ਇਹ ਰਿਕਾਰਡਿੰਗ ਯੂ-ਟਿਊਬ ਚੈਨਲ ਉਤੇ ਸੁਣੀ ਜਾ ਸਕਦੀ ਹੈ।

ਸਮੇਂ ਸਮੇਂ ’ਤੇ ਹਰੀ ਦਾਸ ਦੇ ਜੁੱਟ ਵਿੱਚ ਬਹੁਤ ਸਾਰੇ ਸਾਥੀ ਆਉਂਦੇ ਤੇ ਜਾਂਦੇ ਰਹੇ। ਜ਼ਿਆਦਾਤਰ ਉਹ ਉਨ੍ਹਾਂ ਸਾਥੀਆਂ ਨੂੰ ਹੀ ਨਾਲ ਰੱਖਦਾ ਸੀ ਜੋ ਨਸ਼ਾ ਪੱਤਾ ਨਹੀਂ ਕਰਦੇ ਸਨ। ਉਸ ਦੇ ਸਾਥੀਆਂ ਵਿੱਚ ਗੁਰਮੇਲ ਗੇਲੂ, ਭਾਰ ਸਿੰਘ ਪੁਰੇ ਵਾਲਾ, ਜੰਗੀਰੀ ਕਰਿਆਮ ਵਾਲਾ, ਕਸ਼ਮੀਰਾ ਮੀਰਪੁਰ ਲੱਖੇ ਵਾਲਾ, ਰਾਮ ਲਾਲ ਜੌਹਲਾਂ ਵਾਲਾ, ਹਰੀ ਰਾਮ ਹੰਬੜਾਂ ਵਾਲਾ, ਜੰਗੀਰ ਸਿੰਘ ਭੂੰਦੜੀ ਵਾਲਾ ਆਦਿ ਸ਼ਾਮਲ ਰਹੇ।

ਹਰੀ ਦਾਸ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੀ ਰਚਨਾ ਕੀਤੀ। ਇਸ ਵਿੱਚੋਂ ਕੇਵਲ ਛੇ ਰੰਗ ਹੀ ਪ੍ਰਕਾਸ਼ਿਤ ਹਨ, ਬਾਕੀ ਸਾਰੀ ਦੀ ਸਾਰੀ ਰਚਨਾ ਅਪ੍ਰਕਾਸ਼ਿਤ ਹੀ ਹੈ। ਉਸ ਦੇ ਪੁੱਤਰ ਦਾਤਾਰ ਚੰਦ ਪੱਪੂ ਨੇ ਦੱਸਿਆ ਕਿ ਉਸ ਦੀਆਂ ਡਾਇਰੀਆਂ ਅਤੇ ਕਾਪੀਆਂ ’ਤੇ ਉਰਦੂ ਵਿੱਚ ਹੀ ਲਿਖਿਆ ਹੋਇਆ ਹੈ, ਜਿਸ ਨੂੰ ਉਹ ਪੜ੍ਹ ਨਹੀਂ ਸਕਦੇ। ਇਸਤੋਂ ਇਲਾਵਾ ਉਸ ਦੀਆਂ ਰਚਨਾਵਾਂ ਨੂੰ ਦੂਸਰੇ ਰਾਗੀ ਵੀ ਗਾਉਂਦੇ ਹਨ। ਲੋੜ ਉਸ ਦੀਆਂ ਰਚਨਾਵਾਂ ਨੂੰ ਸੰਭਾਲਣ ਦੀ ਹੈ, ਨਹੀਂ ਤਾਂ ਕੁਝ ਸਮੇਂ ਬਾਅਦ ਹੀ ਇਹ ਰੁਲ-ਖੁਲ ਜਾਣਗੀਆਂ।

ਹਰੀ ਦਾਸ ਦਾ ਵਿਆਹ ਬਚਪਨ ਵਿੱਚ ਛੇ-ਸੱਤ ਸਾਲ ਦੀ ਉਮਰ ਵਿੱਚ ਹੀ ਹੋ ਗਿਆ ਸੀ, ਪ੍ਰੰਤੂ ਮੁਕਲਾਵਾ 1948 ਵਿੱਚ ਆਇਆ। ਉਸ ਦੀ ਜੀਵਨ ਸਾਥਣ ਬਣੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਰਹੱਲੀ ਨਿਵਾਸੀ ਸੰਗੂ ਰਾਮ ਅਤੇ ਹਰੋ ਰਾਣੀ ਦੀ ਧੀ ਪ੍ਰਸਿੰਨੀ। ਇਸ ਜੋੜੇ ਦੇ ਘਰ ਚਾਰ ਪੁੱਤਰਾਂ ਅਤੇ ਤਿੰਨ ਧੀਆਂ ਨੇ ਜਨਮ ਲਿਆ। ਸਾਰੇ ਆਪੋ ਆਪਣੀ ਥਾਂ ਸੈੱਟ ਹਨ। ਪੁੱਤਰਾਂ ਓਮ ਪ੍ਰਕਾਸ਼, ਦਾਤਾਰ ਚੰਦ, ਗੁਰਮੇਲ ਅਤੇ ਗੁਰਪਾਲ ਵਿੱਚੋਂ ਕੋਈ ਵੀ ਆਪਣੇ ਪਿਤਾ ਦੇ ਨਕਸ਼ੇ ਕਦਮਾਂ ’ਤੇ ਨਹੀਂ ਤੁਰਿਆ। ਹਰੀ ਦਾਸ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਬੰਦਾ ਸੀ। ਉਹ ਬਿਲਕੁਲ ਤੰਦਰੁਸਤ ਸੀ ਜਦੋਂ ਚਾਰ ਜੁਲਾਈ 2015 ਨੂੰ ਉਸ ਨੇ ਆਪਣੇ ਸਾਰੇ ਟੱਬਰ ਨੂੰ ਆਪਣੇ ਕੋਲ ਇਕੱਠਾ ਕਰ ਲਿਆ ਅਤੇ ਸਾਰਿਆਂ ਨਾਲ ਗੱਲਾਂ ਬਾਤਾਂ ਕੀਤੀਆਂ। ਉਸ ਦੇ ਪੁੱਤਰ ਦਾਤਾਰ ਚੰਦ ਪੱਪੂ ਦੇ ਦੱਸਣ ਅਨੁਸਾਰ ਇਉਂ ਗੱਲਾਂ ਬਾਤਾਂ ਕਰਦਿਆਂ ਹੀ ਉਸ ਦਾ ‘ਭੌਰ’ ਉਡਾਰੀ ਮਾਰ ਗਿਆ। ਯੂ-ਟਿਊਬ ’ਤੇ ਰਾਗੀ ਹਰੀ ਦਾਸ ਖਲਵਾੜਾ ਭਰਕੇ ਉਸ ਨੂੰ ਸੁਣਿਆ ਅਤੇ ਵੇਖਿਆ ਜਾ ਸਕਦਾ ਹੈ।

ਸੰਪਰਕ: 84271-00341

Advertisement
Author Image

Balwinder Kaur

View all posts

Advertisement