ਕਿਤੇ ਜ਼ਰੂਰੀ ਵਸਤਾਂ ਦੇਣ ਦੇ ਦਾਅਵੇ ਤੇ ਕਿਤੇ ਸਬਜ਼ੀਆਂ ਬੀਜਣ ਵਾਲੇ ਕੱਢ ਰਹੇ ਨੇ ਹਾੜੇ

ਪੱਟੀ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ’ਚ ਜ਼ਰੂਰੀ ਵਸਤਾਂ ਦਿੰਦੇ ਹੋਏ ਪਾਸ ਹੋਲਡਰ। -ਫੋਟੋ: ਬੇਅੰਤ

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਮਾਰਚ
ਕਰਫਿਊ ਕਾਰਨ ਘਰਾਂ ਵਿਚ ਰਹਿਣ ਲਈ ਮਜ਼ਬੂਰ ਹੋਏ ਲੋਕਾਂ ਨੂੰ ਨਿੱਤ ਵਰਤੋਂ ਦੀਆਂ ਵਸਤਾਂ, ਜਿਨ੍ਹਾਂ ਵਿਚ ਦੁੱਧ, ਦਵਾਈਆਂ, ਕਰਿਆਨਾ, ਸਬਜ਼ੀਆਂ ਤੇ ਫਲ ਆਦਿ ਸ਼ਾਮਿਲ ਹਨ, ਨੂੰ ਘਰਾਂ ਵਿਚ ਪਹੁੰਚਾਉਣ ਦੇ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਹਨ ਤਾਂ ਜੋ ਲੋਕ ਇਹ ਵਸਤਾਂ ਲੈਣ ਲਈ ਦੁਕਾਨਾਂ ਉਤੇ ਇਕੱਠੇ ਹੋ ਕੇ ਬਿਮਾਰੀ ਨੂੰ ਘਰ ਨਾ ਲੈ ਜਾਣ। ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਕਿਹਾ ਕਿ ਇਨ੍ਹਾਂ ਪ੍ਰਬੰਧਾਂ ਤਹਿਤ ਅੱਜ ਇਹ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋਧੀ, ਜੋ ਕਿ ਘਰਾਂ ਵਿਚ ਦੁੱਧ ਸਪਲਾਈ ਕਰਦੇ ਹਨ, ਨੂੰ ਪਹਿਲਾਂ ਦੀ ਤਰ੍ਹਾਂ ਹੀ ਘਰਾਂ ਵਿਚ ਦੁੱਧ ਪਹੁੰਚਾਉਣ ਦੀ ਆਗਿਆ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਵਾਈਆਂ ਦੀ ਸਪਲਾਈ ਯਕੀਨੀ ਬਨਾਉਣ ਲਈ ਅੰਮ੍ਰਿਤਸਰ ਦੀ ਕੈਮਸਿਟ ਐਸੋਸੀਏਸ਼ਨ ਤੋਂ ਸਹਿਯੋਗ ਲਿਆ ਗਿਆ ਹੈ। ਉਨ੍ਹਾਂ ਵੱਲੋਂ ਦਿੱਤੇ ਫੋਨ ਨੰਬਰ 98144-57140, 98143-36406, 98149-24590 ਅਤੇ 98158-11899 ਉਤੇ ਵੱਟਸਐਪ ਕਰਕੇ ਜਾਂ ਫੋਨ ਕਰਕੇ ਸਹਾਇਤਾ ਲਈ ਜਾ ਸਕਦੀ ਹੈ। ਇਸੇ ਤਰ੍ਹਾਂ ਘਰੇਲੂ ਗੈਸ ਐੱਲਪੀਜੀ ਦੀ ਸਪਲਾਈ ਪਹਿਲਾਂ ਵਾਂਗ ਲੋਕ ਆਪਣੇ ਘਰ ਤੋਂ ਬੁੱਕ ਕਰਵਾਉਣ ਅਤੇ ਏਜੰਸੀ ਸਿਲੰਡਰ ਘਰ-ਘਰ ਸਵੇਰੇ 10 ਤੋਂ 4 ਵਜੇ ਤੱਕ ਪੁੱਜਦੀ ਕਰਨਗੇ। ਸਬਜੀਆਂ ਦੀ ਸਪਲਾਈ ਲਈ ਐੱਸਡੀਐੱਮ ਆਪਣੇ ਪੱਧਰ ਉਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਗਲੀ-ਮੁਹੱਲਿਆਂ ਵਿਚ ਭੇਜਣਾ ਯਕੀਨੀ ਬਣਾਉਣਗੇ। ਪਸ਼ੂਆਂ ਦੇ ਚਾਰੇ ਦੀ ਸਪਲਾਈ ਲਈ ਸੋਮਵਾਰ ਅਤੇ ਵੀਰਵਾਰ ਦੇ ਦਿਨ ਤੈਅ ਕੀਤੇ ਗਏ ਹਨ।

ਟਰਾਲੀਆਂ ਵਿੱਚ ਪਈਆਂ ਸਬਜ਼ੀਆਂ ਦਿਖਾ ਰਹੇ ਕਾਮਰੇਡ ਨਿਜਾਮਪੁਰਾ ਅਤੇ ਕਿਸਾਨ।-ਫੋਟੋ:ਬੇਦੀ

ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 25 ਮਾਰਚ
ਕਰੋਨਾਵਾਇਰਸ ਕਾਰਨ ਲੱਗੇ ਕਰਫਿਊ ਵਿੱਚ ਸਬਜ਼ੀ ਉਤਪਾਦਕ ਕਿਸਾਨ ਆਪਣੀਆਂ ਸਬਜ਼ੀਆਂ ਮੰਡੀਆਂ ਤੱਕ ਪਹੁੰਚਾਉਣ ਤੋਂ ਅਸਮਰੱਥ ਹਨ ਅਤੇ ਸਬਜ਼ੀਆਂ ਟਰਾਲੀਆਂ ਵਿੱਚ ਲੱਦੀਆਂ ਖਰਾਬ ਹੋ ਰਹੀਆਂ ਹਨ। ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਦੇ ਆਗੂਆਂ ਕਾਮਰੇਡ ਲੱਖਬੀਰ ਸਿੰਘ ਨਿਜਾਮਪੁਰ ਅਤੇ ਭੁਪਿੰਦਰ ਸਿੰਘ ਤੀਰਥਪੁਰਾ ਨੇ ਦੱਸਿਆ ਪੰਜਾਬ ਅਤੇ ਕੇਦਰ ਸਰਕਾਰ ਵੱਲੋਂ ਕਰੋਨਾਵਾਇਰਸ ਨੂੰ ਰੋਕਣ ਲਈ ਜੋ ਜਨਤਾ ਕਰਫਿਊ ਲਾਗੂ ਕੀਤਾ ਹੈ, ਉਸ ਨਾਲ ਸਬਜ਼ੀ ਉਤਪਾਦਕ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਕਕਿਸਾਨ ਆਗੂਆਂ ਨੇ ਕਿਹਾ ਦੂਸਰੇ ਪਾਸੇ ਖਪਤਕਾਰਾਂ ਨੂੰ ਖਾਣ ਵਾਸਤੇ ਮਹਿੰਗੇ ਭਾਅ ਉੱਪਰ ਸਬਜ਼ੀਆਂ ਲੈਣੀਆਂ ਪੈ ਰਹੀਆਂ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਦਿਨ ਵਿੱਚ ਕੁਝ ਥਾਵਾਂ ਨਿਰਧਾਰਤ ਕਰਕੇ ਥੋਕ ਵਿੱਚ ਕੁਝ ਸਮੇਂ ਲਈ ਕਿਸਾਨਾਂ ਨੂੰ ਆਪਣੀਆਂ ਸਬਜ਼ੀਆਂ ਵੇਚਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ।

ਸ਼ਹਿਰ ਅੰਦਰ ਦੁੱਧ,ਦਹੀਂ ਤੇ ਸਬਜ਼ੀਆਂ ਦੀ ਸਪਲਾਈ ਸ਼ੁਰੂ

ਪੱਟੀ (ਪੱਤਰ ਪ੍ਰੇਰਕ): ਕਰੋਨਾਵਾਇਰਸ ਤੇ ਚੱਲਦਿਆਂ 14 ਅਪਰੈਲ ਤੱਕ ਲਗਾਏ ਕਰਫਿਊ ਸਮੇਂ ਆਮ ਲੋਕਾਂ ਦੇ ਘਰਾਂ ਤੱਕ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਸਬਡਿਵੀਜ਼ਨ ਪੱਟੀ ਦੇ ਅਫਸਰ ਨਰਿੰਦਰ ਸਿੰਘ ਧਾਲੀਵਾਲ ਵੱਲੋਂ ਪਾਸ ਜਾਰੀ ਕੀਤੇ ਗਏ ਹਨ । ਕਰਫਿਊ ਦੇ ਚੱਲਦਿਆਂ ਅੱਜ ਸ਼ਹਿਰ ਦੇ ਬਾਜ਼ਾਰ ਮੁਕੰਮਲ ਬੰਦ ਰਹੇ ਅਤੇ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਅੰਦਰ ਲੋਕਾਂ ਦੇ ਘਰਾਂ ਤੱਕ ਦਹੀਂ, ਦੁੱਧ, ਲੱਸੀ ਅਤੇ ਸਬਜ਼ੀਆਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ। ਪੱਟੀ ਸਬਜੀ ਮੰਡੀ ਦੇ ਪ੍ਰਧਾਨ ਤੇ ਸਬਜ਼ੀਆਂ ਦੀ ਸਪਲਾਈ ਲਈ ਪਾਸ ਹੋਲਡਰ ਅਸ਼ਵਨੀ ਕੁਮਾਰ ਮਹਿਤਾ ਨੇ ਦੱਸਿਆਂ ਕਿ ਹਰੀਆਂ ਸਬਜ਼ੀਆਂ 10 ਤੋ 20 ਰੁਪਏ, ਗੰਢੇ 20-25 ਰੁਪਏ, ਟਮਾਟਰ 15 ਰੁਪਏ ਅਤੇ ਅਦਰਕ 70 ਰੁਪਏ ਤੱਕ ਪੱਟੀ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਅੰਦਰ ਆਮ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ਅਸ਼ਵਨੀ ਕੁਮਾਰ ਮਹਿਤਾ ਨੇ ਸਬਡਿਵੀਜਨ ਪ੍ਰਸ਼ਾਸਨ ਤੋਂ ਮੰਗ ਕੀਤੀ ਕੇ ਸ਼ਹਿਰ ਅੰਦਰ ਹੋਰ ਪਾਸ ਜਾਰੀ ਕੀਤੇ ਜਾਣ ਤਾਂ ਜੋ ਸਬਜ਼ੀਆਂ ਦੀ ਸਪਲਾਈ ਆਮ ਲੋਕਾਂ ਤੱਕ ਯਕੀਨੀ ਬਣਾਈ ਜਾ ਸਕੇ।