ਟ੍ਰਿਬਿਊਨ ਨਿਊਜ਼ ਸਰਵਿਸਬੰਗਾ, 8 ਜੂਨਇੱਥੇ ਅੱਜ ਹੋਏ ਵਿਆਹ ਸਮਾਗਮ ਵਿੱਚ ਕਿਤਾਬਾਂ ਦੇ ਅਦਾਨ ਪ੍ਰਦਾਨ ਨਾਲ ਨਿਭੀ ‘ਮਿਲਣੀ’ ਦੀ ਰਸਮ ਨਿਵੇਕਲੀ ਪਿਰਤ ਵਜੋਂ ਸਲਾਹੀ ਗਈ। ਇਹ ਰਸਮ ਨਾਮਵਰ ਗ਼ਜ਼ਲਗੋ ਗੁਰਦਿਆਲ ਰੌਸ਼ਨ ਅਤੇੇ ਲੇਖਕ ਸੁਰਜੀਤ ਮਜਾਰੀ ਵੱਲੋੋਂ ਸਾਂਝੇ ਤੌਰ ’ਤੇ ਨਿਭਾਈ ਗਈ। ਇਸ ਮਿਲਣੀ ਦੀ ਰਸਮ ਦੌਰਾਨ ਗੁਰਦਿਆਲ ਰੌਸ਼ਨ ਵਲੋਂ ਆਪਣੀ ਪੁਸਤਕ ‘ਮਹਿਫ਼ਿਲ' ਅਤੇ ਲੇਖਕ ਸੁਰਜੀਤ ਮਜਾਰੀ ਵਲੋਂ ਆਪਣੀ ਪੁਸਤਕ ‘ਜਜ਼ਬਾਤ’ ਦਾ ਆਪਸ ਵਿੱਚ ਅਦਾਨ-ਪ੍ਰਦਾਨ ਕੀਤਾ ਗਿਆ।ਇਸ ਵਿਆਹ ਕਾਰਜ ਵਿੱਚ ਗੁਰਦਿਆਲ ਰੌਸ਼ਨ ਮੁੰਡੇ ਵਾਲੇ ਪਰਿਵਾਰ ਵਲੋਂ ਅਤੇ ਸੁਰਜੀਤ ਮਜਾਰੀ ਕੁੜੀ ਵਾਲੇ ਪਰਿਵਾਰ ਵਲੋਂ ਸ਼ਾਮਲ ਹੋਏ ਸਨ। ਮਿਲਣੀ ਕਰਨ ਵਾਲਿਆਂ ਦੀ ਤਰਤੀਬ ਵਿੱਚ ਸ਼ਾਮਲ ਇਨ੍ਹਾਂ ਦੋਵਾਂ ਸਾਹਿਤਕ ਸ਼ਖ਼ਸੀਅਤਾਂ ਨੇ ਪਹਿਲਾਂ ਇੱਕ-ਦੂਜੇ ਨੂੰ ਹਾਰ ਵੀ ਪਹਿਨਾਏ। ਇਸ ਦੇ ਨਾਲ ਹੀ ਦੋਵਾਂ ਵੱਲੋਂ ਚੋਣਵੇਂ ਸ਼ੇਅਰਾਂ ਦੀ ਸਾਂਝ ਨੇ ਵੀ ਵਿਆਹ ਦੇ ਮਾਹੌਲ ’ਚ ਸਾਹਿਤਕ ਰੰਗ ਭਰਿਆ।ਗ਼ਜ਼ਲਗੋ ਗੁਰਦਿਆਲ ਰੌਸ਼ਨ ਨੇ ਕਿਹਾ ਕਿ ਜਨ ਜੀਵਨ ਦਾ ਅਹਿਮ ਹਿੱਸਾ ਵਿਆਹ ਦੀਆਂ ਰੀਤਾਂ ਰਸਮਾਂ ਦਾ ਵੀ ਅਜੋਕੀ ਤੇਜ਼ ਰਫ਼ਤਾਰੀ ’ਚ ਪ੍ਰਭਾਵਿਤ ਹੋਣਾ ਚਿੰਤਕ ਹੈ ਅਤੇ ਸਾਨੂੰ ਸਾਦਗੀ ਅਤੇ ਅਪਣੱਤ ਦਾ ਮਾਹੌਲ ਸਿਰਜਦਿਆਂ ਆਪਣਾ ਵਿਰਸਾ ਸੰਭਾਲਣ ਦੀ ਲੋੜ ਹੈ। ਇਵੇਂ ਲੇਖਕ ਸੁਰਜੀਤ ਮਜਾਰੀ ਨੇ ਕਿਹਾ ਕਿ ਵਿਆਹ ਸਮਾਗਮ ਦੌਰਾਨ ਇਸ ਕਦਰ ਸਾਹਿਤਕ ਵਰਤਾਰੇ ਦਾ ਹਿੱਸਾ ਬਣਦਿਆਂ ਵਧੀਆ ਲੱਗਾ ਅਤੇ ਸਾਨੂੰ ਜ਼ਮੀਨੀ ਪੱਧਰ ’ਤੇ ਅਜਿਹੀਆਂ ਪਹਿਲਕਦਮੀਆਂ ਕਰਨੀਆਂ ਚਾਹੀਦੀਆਂ ਹਨ।