ਅਮਰਬੀਰ ਸਿੰਘ ਚੀਮਾਇਸ ਸਮੇਂ ਭਾਰਤੀ ਰੇਲਵੇ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਰੇਲਵੇ ਨੈੱਟਵਰਕ ਚਲਾ ਰਹੀ ਹੈ। 20 ਜੂਨ 2024 ਨੂੰ ਅੱਠ ਡੱਬਿਆਂ ਵਾਲੀ ਰੇਲ ਗੱਡੀ ਦੇ ਟਰਾਇਲ ਰਾਹੀਂ ਰਾਮਬਨ ਦੇ ਸੰਗਲਦਾਨ ਤੋਂ ਚੱਲ ਕੇ ਰਿਆਸੀ ਜ਼ਿਲ੍ਹੇ ’ਚ ਚਨਾਬ ਨਦੀ ’ਤੇ ਬਣੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਦੇ ਆਰਕ ਪੁਲ ਤੋਂ ਲੰਘਦੀ ਹੋਈ ਪਹਿਲੀ ਵਾਰ ਰਿਆਸੀ ਸਟੇਸ਼ਨ ਪਹੁੰਚੀ। ਇਹ ਪੁਲ ਚਨਾਬ ਨਦੀ ਦੇ ਤੱਟ ਤੋਂ 359 ਮੀਟਰ ਉੱਚਾ ਅਤੇ 1.3 ਕਿਲੋਮੀਟਰ ਲੰਬਾ ਹੈ। ਭਾਰਤ ਸਰਕਾਰ ਤੇ ਰੇਲਵੇ ਮੰਤਰਾਲੇ ਨੇ ਇਸ ਸਾਲ ਦੇ ਅੰਤ ਤੱਕ ਕਸ਼ਮੀਰ ਨੂੰ ਰੇਲ ਮਾਰਗ ਰਾਹੀਂ ਦੇਸ਼ ਨਾਲ ਜੋੜਨ ਦਾ ਟੀਚਾ ਮਿੱਥਿਆ ਹੈ।ਇਹ ਵੱਖਰੀ ਗੱਲ ਹੈ ਕਿ ਇਸ ਤੋਂ ਸਿਰਫ ਤਿੰਨ ਦਿਨ ਪਹਿਲਾਂ 17 ਜੂਨ ਨੂੰ ਪੱਛਮੀ ਬੰਗਾਲ ਦੇ ਦਾਰਜਲਿੰਗ ਜ਼ਿਲ੍ਹੇ ਵਿੱਚ ਰੰਗਾਪਾਣੀ ਰੇਲਵੇ ਸਟੇਸ਼ਨ ਨੇੜੇ ਸਿਆਲਦਾ-ਅਗਰਤਲਾ ਕੰਚਨਜੰਗਾ ਐਕਸਪ੍ਰੈੱਸ ਨਾਲ ਮਾਲ ਗੱਡੀ ਟਕਰਾ ਗਈ, ਜਿਸ ਵਿੱਚ 15 ਲੋਕਾਂ ਦੀ ਮੌਤ ਹੋ ਗਈ ਤੇ 80 ਦੇ ਕਰੀਬ ਜ਼ਖਮੀ ਹੋਏ ਹਨ। ਇਹ ਰੇਲ ਗੱਡੀ ਤ੍ਰਿਪੁਰਾ ਦੇ ਅਗਰਤਲਾ ਤੋਂ ਚੱਲ ਕੇ ਪੱਛਮੀ ਬੰਗਾਲ ਦੇ ਸਿਆਲਦਾ ਨੂੰ ਜਾ ਰਹੀ ਸੀ ਤੇ ਰੰਗਾਪਾਣੀ ਸਟੇਸ਼ਨ ਲੰਘਣ ਉਪਰੰਤ ਕੁਝ ਦੂਰੀ ’ਤੇ ਜਾ ਕੇ ਰੁਕੀ ਹੋਈ ਸੀ। ਇਸੇ ਦੌਰਾਨ ਸਵੇਰੇ 8:42 ’ਤੇ ਉਸੇ ਰੇਲਵੇ ਲਾਈਨ ’ਤੇ ਪਿੱਛੋਂ ਮਾਲ ਗੱਡੀ ਆ ਰਹੀ ਸੀ। ਇਉਂ ਖੜ੍ਹੀ ਰੇਲ ਗੱਡੀ ਵਿੱਚ ਵੱਜਣ ਕਾਰਨ ਹਾਦਸਾ ਹੋ ਗਿਆ। ਰੇਲਵੇ ਬੋਰਡ ਦੇ ਚੇਅਰਮੈਨ ਅਨੁਸਾਰ, ਮਾਲ ਗੱਡੀ ਨੇ ਕਈ ਸਿਗਨਲ ਤੋੜੇ ਜਦਕਿ ਰੇਲਵੇ ਸੂਤਰਾਂ ਅਨੁਸਾਰ, ਆਟੋਮੈਟਿਕ ਸਿਗਨਲਾਂ ਵਿੱਚ ਕੁਝ ਤਕਨੀਕੀ ਖਰਾਬੀ ਵੀ ਹਾਦਸੇ ਦਾ ਕਾਰਨ ਹੋ ਸਕਦੀ ਹੈ। ਇਨ੍ਹਾਂ ਦੋਵੇਂ ਗੱਡੀਆਂ ਵਿੱਚ ਐਂਟੀ-ਕੁਲੀਜ਼ਨ ਸਿਸਟਮ ਨਹੀਂ ਸੀ।ਮਾਰਚ 2020 ਵਿੱਚ ਸੁਰੱਖਿਆ ਕਵਚ ਪ੍ਰਣਾਲੀ (ਐਂਟੀ-ਕੁਲੀਜਨ ਡਿਵਾਈਸ) ਲਾਂਚ ਕੀਤੀ ਗਈ ਸੀ। ਇਸ ਅਨੁਸਾਰ, ਦੋ ਗੱਡੀਆਂ ਦੇ ਇੱਕੋ ਲਾਈਨ ’ਤੇ ਆ ਜਾਣ ਉੱਤੇ ਮਿੱਥੀ ਦੂਰੀ ’ਤੇ ਰੇਲ ਗੱਡੀਆਂ ਆਪਣੇ ਆਪ ਰੁਕ ਜਾਣਗੀਆਂ। ਉਸ ਵਕਤ ਕਿਹਾ ਗਿਆ ਸੀ ਕਿ ਰੇਲ ਹਾਦਸੇ ਹੁਣ ਬੀਤੇ ਦੀ ਗੱਲ ਹੋ ਜਾਣਗੇ। ਮਾਹਿਰਾਂ ਅਨੁਸਾਰ, ਆਹਮੋ-ਸਾਹਮਣੇ ਆਈਆਂ ਗੱਡੀਆਂ ਦੀ ਟੱਕਰ ਨੂੰ ਇਸ ਪ੍ਰਣਾਲੀ ਰਾਹੀਂ ਰੋਕਿਆ ਜਾ ਸਕਦਾ ਹੈ। ਇਹ ਆਟੋਮੈਟਿਡ ਟ੍ਰੇਨ ਪ੍ਰੋਟੈਕਸ਼ਨ ਸਿਸਟਮ ਹੈ ਜਿਸ ਨੂੰ ਰਿਸਰਚ ਡਿਜ਼ਾਈਨ ਐਂਡ ਸਟੈਂਡਰਡ ਆਰਗਨਾਈਜੇਸ਼ਨ ਨੇ ਵਿਕਸਿਤ ਕੀਤਾ ਹੈ ਜੋ ਸੈਂਸਰ ਆਧਾਰਿਤ ਵਿਵਸਥਾ ਹੈ। ਇਹ ਪ੍ਰਣਾਲੀ ਕਿਸੇ ਇੱਕ ਗੱਡੀ ’ਚ ਨਾ ਹੋਣ ਕਾਰਨ ਇਹ ਕੰਮ ਨਹੀਂ ਕਰਦੀ, ਇਸ ਲਈ ਇੱਕੋ ਰੇਲਵੇ ਲਾਈਨ ’ਤੇ ਆਉਣ ਵਾਲੀਆਂ ਦੋਵੇਂ ਗੱਡੀਆਂ ’ਚ ਇਹ ਸਿਸਟਮ ਦਾ ਹੋਣਾ ਜ਼ਰੂਰੀ ਹੈ, ਇਹ ਸਿਸਟਮ ਤਦ ਹੀ ਚੱਲਦਾ ਹੈ। ਮਾਰਚ 2022 ਵਿੱਚ ਇਸ ਦੀ ਸਫਲ ਅਜ਼ਮਾਇਸ਼ ਕੀਤੀ ਗਈ ਸੀ।ਇਸ ਤੋਂ ਪਹਿਲਾਂ 25 ਫਰਵਰੀ 2024 ਨੂੰ ਜੰਮੂ ਦੇ ਕਠੂਆ ਤੋਂ 53 ਡੱਬਿਆਂ ਵਾਲੀ ਮਾਲ ਗੱਡੀ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ 80 ਕਿਲੋਮੀਟਰ ਦੇ ਕਰੀਬ ਬਿਨਾਂ ਡਰਾਈਵਰ ਤੋਂ ਰੇਲਵੇ ਲਾਈਨ ’ਤੇ ਦੌੜਦੀ ਹੋਈ ਪੰਜਾਬ ਦੇ ਹੁਸ਼ਿਆਰਪੁਰ ਦੇ ਉੱਚੀ ਬੱਸੀ ਸਟੇਸ਼ਨ ’ਤੇ ਜਾ ਕੇ ਰੁਕੀ। ਇਸ ਮਾਲ ਗੱਡੀ ਦਾ ਡਰਾਈਵਰ ਕਠੂਆ ਸਟੇਸ਼ਨ ’ਤੇ ਗੱਡੀ ਦਾ ਇੰਜਨ ਸਟਾਰਟ ਛੱਡ ਕੇ ਚਾਹ ਪੀਣ ਲਈ ਉਤਰਿਆ ਤੇ ਗੱਡੀ ਆਪਣੇ ਆਪ ਚੱਲ ਪਈ। ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਰਿਹਾ।ਹੁਣ ਗੱਲ ਕਰਦੇ ਹਾਂ ਉੜੀਸਾ ਦੇ ਬਾਲੇਸ਼ਵਰ ਵਿੱਚ ਤਿੰਨ ਰੇਲ ਗੱਡੀਆਂ ਵਿਚਕਾਰ ਹੋਏ ਹਾਦਸੇ ਦੀ। 2 ਜੂਨ 2023 ਨੂੰ ਬਾਲੇਸ਼ਵਰ ਦੇ ਬਾਹਾਨਾਗਾ ਰੇਲਵੇ ਸਟੇਸ਼ਨ ਨੇੜੇ ਇੱਕ ਮਾਲ ਗੱਡੀ, ਦੂਜੀ ਕੋਰੋਮੰਡਲ ਐਕਸਪ੍ਰੈੱਸ ਤੇ ਤੀਜੀ ਹਾਵੜਾ ਬੈਂਗਲੁਰੂ ਸੁਪਰ ਫਾਸਟ ਐਕਸਪ੍ਰੈੱਸ ਦੀ ਆਪਸ ਵਿੱਚ ਭਿਆਨਕ ਟੱਕਰ ਹੋਈ ਜਿਸ ਵਿੱਚ 296 ਦੇ ਕਰੀਬ ਮੌਤਾਂ ਹੋ ਗਈਆਂ ਅਤੇ 1200 ਤੋਂ ਵਧੇਰੇ ਯਾਤਰੀ ਜ਼ਖਮੀ ਹੋ ਗਏ ਸਨ। ਮੁੱਢਲੀ ਜਾਂਚ ਅਨੁਸਾਰ, ਇਹ ਹਾਦਸਾ ਇਲੈਕਟ੍ਰੌਨਿਕ ਇੰਟਰ-ਲਾਕਿੰਗ ਤੇ ਪੁਆਇੰਟ ਮਸ਼ੀਨ ਦੇ ਬਦਲਾਓ ਕਾਰਨ ਹੋਇਆ। ਇਹ ਪ੍ਰਣਾਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਆਧਾਰਿਤ ਕੰਮ ਕਰਦੀ ਹੈ। 128 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਰਹੀ ਇਸ ਰੇਲ ਗੱਡੀ ਨੇ ਉਕਤ ਸਟੇਸ਼ਨ ਉੱਤੇ ਰੁਕਣਾ ਨਹੀਂ ਸੀ। ਸਿਗਨਲ ਗਰੀਨ ਸੀ ਪਰ ਯਕਦਮ ਕਿਸੇ ਤਕਨੀਕੀ ਕਾਰਨ ਕਰ ਕੇ ਸਿਗਨਲ ਬਦਲ ਜਾਣ ਕਾਰਨ ਕੋਰੋਮੰਡਲ ਐਕਸਪ੍ਰੈੱਸ ਮੇਨ ਲਾਈਨ ਤੋਂ ਹਟ ਕੇ ਲੂਪ ਲਾਈਨ ’ਤੇ ਚੜ੍ਹ ਗਈ, ਜਿੱਥੇ ਪਹਿਲਾਂ ਹੀ ਮਾਲ ਗੱਡੀ ਖੜ੍ਹੀ ਸੀ। ਸੋ, ਇਹ ਗੱਡੀ ਪਿੱਛੋਂ ਮਾਲ ਗੱਡੀ ਨਾਲ ਟਕਰਾ ਗਈ। ਰੇਲ ਗੱਡੀ ਦੀ ਜਿ਼ਆਦਾ ਰਫਤਾਰ ਕਾਰਨ ਗੱਡੀ ਦੇ 21 ਡੱਬੇ ਪਟੜੀ ਤੋਂ ਉਤਰ ਗਏ ਤੇ ਤਿੰਨ ਡੱਬੇ ਪਲਟ ਗਏ। ਇਸ ਉਪਰੰਤ ਉਥੋਂ ਚੇਨਈ ਵੱਲ ਜਾ ਰਹੀ ਯਸ਼ਵੰਤਪੁਰ (ਬੈਂਗਲੁਰੂ ਹਾਵੜਾ ਸੁਪਰ ਫਾਸਟ) ਐਕਸਪ੍ਰੈੱਸ ਗੱਡੀ ਵੀ ਹਾਦਸੇ ਦੀ ਲਪੇਟ ਵਿੱਚ ਆ ਗਈ। ਇਸ ਟਰੈਕ ’ਤੇ ਵੀ ਸੁਰੱਖਿਆ ਕਵਚ ਪ੍ਰਣਾਲੀ ਨਹੀਂ ਸੀ। ਇਹ ਰੇਲ ਹਾਦਸਾ ਪਿਛਲੇ ਤਿੰਨ ਦਹਾਕਿਆਂ ਵਿੱਚ ਦੇਸ਼ ਦਾ ਤੀਜਾ ਸਭ ਤੋਂ ਵੱਡਾ ਰੇਲ ਹਾਦਸਾ ਸੀ। ਇਨ੍ਹਾਂ ਦੋਵੇਂ ਰੇਲ ਗੱਡੀਆਂ ਵਿੱਚ 2000 ਦੇ ਕਰੀਬ ਯਾਤਰੀ ਸਵਾਰ ਸਨ।26 ਨਵੰਬਰ 1998 ਨੂੰ ਖੰਨਾ ਨੇੜੇ ਕੌੜੀ ਪਿੰਡ ਵਿੱਚ ਵੀ ਸਵਖਤੇ 3:15 ’ਤੇ ਵੱਡਾ ਰੇਲ ਹਾਦਸਾ ਵਾਪਰਿਆ, ਜਦੋਂ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਫਰੰਟੀਅਰ ਮੇਲ ਦੇ ਛੇ ਡੱਬੇ ਪਟੜੀ ਤੋਂ ਲੱਥ ਕੇ ਦੂਜੀ ਰੇਲਵੇ ਲਾਈਨ ’ਤੇ ਜਾ ਕੇ ਪਲਟ ਗਏ। ਇਸ ਦੌਰਾਨ ਕਲਕੱਤੇ ਤੋਂ ਆ ਰਹੀ ਜੰਮੂ ਤਵੀ ਸਿਆਲਦਾ ਐਕਸਪ੍ਰੈੱਸ ਫਰੰਟੀਅਰ ਮੇਲ ਦੇ ਲੀਹੋਂ ਲੱਥੇ ਡੱਬਿਆਂ ਨਾਲ ਟਕਰਾ ਗਈ ਤੇ ਭਿਆਨਕ ਹਾਦਸਾ ਵਾਪਰ ਗਿਆ। ਇਨ੍ਹਾਂ ਰੇਲਾਂ ਵਿੱਚ 2500 ਮੁਸਾਫਿਰ ਸਫਰ ਕਰ ਰਹੇ ਸਨ; ਹਾਦਸੇ ਵਿੱਚ 212 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ।ਰੇਲ ਨੂੰ ਸਸਤਾ, ਆਰਾਮਦਾਇਕ ਅਤੇ ਸੁਰੱਖਿਅਤ ਸਫਰ ਮੰਨਿਆ ਜਾਂਦਾ ਹੈ, ਫਿਰ ਕਿਉਂ ਸਾਡੇ ਦੇਸ਼ ਵਿੱਚ ਵਾਰ-ਵਾਰ ਰੇਲ ਹਾਦਸੇ ਹੋ ਰਹੇ ਹਨ? ਅਸੀਂ ਹਰ ਵਾਰ ਜਾਂਚ ਕਮੇਟੀਆਂ ਬਣਾ ਕੇ ਕਿਉਂ ਆਪਣੇ ਫਰਜ਼ਾਂ ਜਾਂ ਜਿ਼ੰਮੇਵਾਰੀਆਂ ਤੋਂ ਪੱਲਾ ਝਾੜ ਲੈਂਦੇ ਹਾਂ? ਬੁਲੇਟ ਟ੍ਰੇਨ ਚਲਾਉਣ ਦੇ ਦਾਅਵੇ ਕਰਨ ਵਾਲੀ ਭਾਰਤ ਸਰਕਾਰ ਨੂੰ ਬੁਲੇਟ ਟ੍ਰੇਨ ਚਲਾਉਣ ਤੋਂ ਪਹਿਲਾਂ, ਪਹਿਲਾਂ ਚੱਲ ਰਹੀਆਂ ਰੇਲ ਗੱਡੀਆਂ ਦੀ ਸੁਰੱਖਿਆ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਭਵਿੱਖ ਵਿੱਚ ਹੋਰ ਹਾਦਸੇ ਨਾ ਵਾਪਰਨ।ਸੰਪਰਕ: 98889-40211