ਕਾਹਨੂੰਵਾਲ ਇਲਾਕੇ ’ਚ ਸਲੇਟੀਆਂ ਦੀ ਖਰੀਦਦਾਰੀ ਵਧੀ

ਕਾਹਨੂੰਵਾਲ ਇਲਾਕੇ ’ਚ ਸਲੇਟੀਆਂ ਦੀ ਖਰੀਦਦਾਰੀ ਵਧੀ

ਪੱਤਰ ਪ੍ਰੇਰਕ
ਕਾਹਨੂੰਵਾਨ, 7 ਅਕਤੂਬਰ
ਸਥਾਨਕ ਹਲਕੇ ਦੀਆਂ ਸਟੇਸ਼ਨਰੀ ਅਤੇ ਪੇਂਡੂ ਦੁਕਾਨਾਂ ਤੋਂ ਵੱਡੀ ਗਿਣਤੀ ਵਿੱਚ ਸਲੇਟੀਆਂ ਵਿਕਣ ਦਾ ਵਰਤਾਰਾ ਅਸਧਾਰਨ ਰੂਪ ਵਿੱਚ ਵੱਧਦਾ ਫੁੱਲਦਾ ਜਾ ਰਿਹਾ ਹੈ। ਹਲਕੇ ਦੇ ਕੁਝ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀਆਂ ਸਲੇਟਾਂ ਉੱਪਰ ਲਿਖਣ ਲਈ ਵਰਤੀਆਂ ਜਾਂਦੀਆਂ ਸਲੇਟੀਆਂ ਦੀ ਵਿੱਕਰੀ ਵੱਡੀ ਮਾਤਰਾ ਵਿੱਚ ਵੱਧ ਗਈ ਹੈ। ਇਹ ਸਲੇਟੀਆਂ ਖ਼ਰੀਦਣ ਵਿੱਚ ਘਰੇਲੂ ਔਰਤਾਂ ਅਤੇ ਕਾਲਜ ਵਿਦਿਆਰਥਣਾਂ ਸ਼ਾਮਲ ਹਨ। ਕੁਝ ਦੁਕਾਨਦਾਰਾਂ ਨੇ ਦੱਸਿਆ ਕਿ ਕਈ ਵਾਰ ਉਨ੍ਹਾਂ ਨੇ ਦੁਕਾਨ ਤੋਂ ਸਲੇਟੀਆਂ ਖ਼ਰੀਦ ਕੇ ਔਰਤਾਂ ਨੂੰ ਖਾਂਦਿਆਂ ਵੀ ਵੇਖਿਆ ਗਿਆ। ਇਸ ਸਬੰਧੀ ਪ੍ਰਾਇਮਰੀ ਹੈਲਥ ਸੈਂਟਰ ਕਾਹਨੂੰਵਾਨ ਦੇ ਐੱਸਐੱਮਓ ਇਕਬਾਲ ਸਿੰਘ ਮੁਲਤਾਨੀ ਨੇ ਦੱਸਿਆ ਕਿ ਕੁਝ ਔਰਤਾਂ ਖ਼ਾਸ ਕਰ ਕੇ ਗਰਭਵਤੀ ਔਰਤਾਂ ਵਿੱਚ ਖ਼ੂਨ ਦੀ ਕਮੀ ਹੋਣ ’ਤੇ ਅਜਿਹੀਆਂ ਅਲਾਮਤਾਂ ਦੇਖਣ ਨੂੰ ਮਿਲਦੀਆਂ ਹਨ। ਅਜਿਹੇ ਮਰੀਜ਼ਾਂ ਨੂੰ ਡਾਕਟਰੀ ਇਲਾਜ ਦੇ ਨਾਲ ਨਾਲ ਪੌਸ਼ਟਿਕ ਖ਼ੁਰਾਕ, ਲੋੜੀਂਦੀ ਮਾਤਰਾ ਵਿੱਚ ਦੁੱਧ, ਫਲ ਅਤੇ ਤਾਜ਼ਾ ਸਬਜ਼ੀਆਂ ਦੀ ਵਧੇਰੇ ਮਾਤਰਾ ਵਿੱਚ ਲੈਣ ਦੀ ਜ਼ਰੂਰਤ ਹੁੰਦੀ ਹੈ। ਹਲਕੇ ਦੇ ਜਾਗਰੂਕ ਸਮਾਜ ਸੇਵੀ ਆਗੂਆਂ ਠਾਕੁਰ ਰਾਸ਼ਪਾਲ ਸਿੰਘ, ਉੱਤਮ ਸਿੰਘ ਅਤੇ ਜਸਬੀਰ ਬਾਜਵਾ ਨੇ ਮੰਗ ਕੀਤੀ ਕਿ ਹਲਕੇ ਦੇ ਪਿੰਡਾਂ ਦੀਆਂ ਔਰਤਾਂ ਵਿੱਚ ਖ਼ੂਨ ਦੀ ਕਮੀ ਹੋਣ ਦੇ ਜੋ ਲੱਛਣ ਪਾਏ ਜਾ ਰਹੇ ਹਨ, ਉਸ ਤੋਂ ਆਮ ਔਰਤਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਕੋਈ ਵਿਸ਼ੇਸ਼ ਜਾਗਰੂਕ ਕੈਂਪ ਲਗਾਏ ਜਾਣ ਅਤੇ ਪੌਸ਼ਟਿਕ ਆਹਾਰ ਦੀ ਪਰਿਭਾਸ਼ਾ ਸਮਝਾਈ ਜਾਵੇ।

Tags :