ਕਾਵਿ-ਪੁਸਤਕ ‘ਇਬਾਦਤ ਤੋਂ ਸ਼ਹਾਦਤ ਤੱਕ’ ਲੋਕ ਅਰਪਣ
ਫ਼ਤਹਿਗੜ੍ਹ ਸਾਹਿਬ: ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਵੱਲੋਂ ਬਲਤੇਜ ਸਿੰਘ ਬਠਿੰਡਾ ਦੀ ਕਾਵਿ-ਪੁਸਤਕ ‘ਇਬਾਦਤ ਤੋਂ ਸ਼ਹਾਦਤ ਤੱਕ’ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਦੀ ਪ੍ਰਧਾਨਗੀ ਹੇਠ ਸਮਾਗਮ ਦੌਰਾਨ ਰਿਲੀਜ਼ ਕੀਤੀ ਗਈ। ਜਿਸ ਵਿਚ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਮੁੱਖ-ਮਹਿਮਾਨ ਅਤੇ ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਕਰਮ ਸਿੰਘ ਜ਼ਖ਼ਮੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਜਲੌਰ ਸਿੰਘ ਖੀਵਾ ਨੇ ਮੁੱਖ ਵਕਤਾ ਦੀ ਭੂਮਿਕਾ ਨਿਭਾਈ ਤੇ ਭਾਸ਼ਾ ਵਿਭਾਗ ਵੱਲੋਂ ਖੋਜ ਅਫ਼ਸਰ ਸਨਦੀਪ ਸਿੰਘ ਵਿਸ਼ੇਸ਼ ਸਹਿਯੋਗੀ ਰਹੇ। ਇਸ ਮੌਕੇ ਬਠਿੰਡਾ ਤੋਂ ਮੀਤ ਬਠਿੰਡਾ ਅਤੇ ਗੁਰਪ੍ਰੀਤ ਸਿੰਘ ਜਖਵਾਲੀ ਵੀ ਸ਼ਾਮਲ ਹੋਏ। ਮੰਚ ਸੰਚਾਲਨ ਸਭਾ ਦੀ ਪ੍ਰਧਾਨ ਪਰਮਜੀਤ ਕੌਰ ਸਰਹਿੰਦ ਅਤੇ ਪ੍ਰੈਸ ਸਕੱਤਰ ਅਮਰਬੀਰ ਸਿੰਘ ਚੀਮਾ ਨੇ ਕੀਤਾ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਸਮਾਗਮ ਵਿੱਚ ਬਠਿੰਡਾ, ਸੰਗਰੂਰ, ਨਾਭਾ, ਪਟਿਆਲਾ, ਖੰਨਾ, ਭੈਣੀ ਸਾਹਿਬ, ਮੋਰਿੰਡਾ ਅਤੇ ਰੋਪੜ ਦੀਆਂ ਸਾਹਿਤ ਸਭਾਵਾਂ ਦੇ ਨੁਮਾਇੰਦੇ ਹਾਜ਼ਰ ਹੋਏ। -ਨਿੱਜੀ ਪੱਤਰ ਪ੍ਰੇਰਕ