For the best experience, open
https://m.punjabitribuneonline.com
on your mobile browser.
Advertisement

ਕਾਵਿ ਕਿਆਰੀ

04:06 AM Jul 06, 2025 IST
ਕਾਵਿ ਕਿਆਰੀ
Advertisement

ਗ਼ਜ਼ਲ

ਸਰਦਾਰ ਪੰਛੀ

Advertisement

ਓਸ ਦੀ ਅੱਖ ਦਾ ਇਸ਼ਾਰਾ ਹੋ ਗਿਆ।
ਭੰਵਰ ਦਰਿਆ ਦਾ ਕਿਨਾਰਾ ਹੋ ਗਿਆ।

Advertisement
Advertisement

ਤੇਰੇ ਮੱਥੇ ਦਾ ਇਹ ਟਿੱਕਾ ਸੋਹਣੀਏ!
ਮੇਰੀ ਕਿਸਮਤ ਦਾ ਸਿਤਾਰਾ ਹੋ ਗਿਆ।

ਤੇਰੀ ਫੋਟੋ ਚੁੰਮੀ ਸੀ ਕਿ ਓਸ ਦਾ,
ਮੇਰੇ ਹੋਠਾਂ ਤੇ ਉਤਾਰਾ ਹੋ ਗਿਆ।

ਬੇਰੁਖ਼ੀ ਮਹਿਬੂਬ ਦੀ ਚੰਨ ਚਾੜ੍ਹਿਆ,
ਕਰਮਾਂ ਵਾਲਾ, ਕਰਮਾਂ ਮਾਰਾ ਹੋ ਗਿਆ।

ਗਿਆਨ ਦਾ ਦੀਵਾ ਜੋ ਬਲਿਆ ਸੀ ਕਦੇ,
ਓਹੀ ਅੱਜ ਚਾਨਣ ਮੁਨਾਰਾ ਹੋ ਗਿਆ।

ਹੋਇਆ ਕੀ ਤਕ਼ਦੀਰ ਜੇ ਰੁੱਸੀ ਰਹੀ,
ਫਿਰ ਵੀ ‘ਪੰਛੀ’ ਦਾ ਗੁਜ਼ਾਰਾ ਹੋ ਗਿਆ।
ਸੰਪਰਕ: 94170-91668

ਬੋਲੀ ਸਾਗਰ

ਅਮਰ ‘ਸੂਫ਼ੀ’

ਬੋਲੀ ਸਾਗਰ ’ਚੋਂ ਟੁੱਭੀ ਲਾ, ਕੱਢ ਕੇ ਸੁੱਚੇ ਸ਼ਬਦ ਲਿਆਵਾਂ।
ਪੂਰਾ-ਸੂਰਾ ਵਰਤ ਸਲੀਕਾ, ਥਾਂ ਸਿਰ ਮਿਸਰੇ ਵਿੱਚ ਟਿਕਾਵਾਂ।

ਸਿੱਧੇ, ਸਾਫ਼-ਸ਼ਫ਼ਾਫ਼, ਸੁਚੱਜੇ, ਸ਼ਬਦ ਖ਼ਜ਼ਾਨੇ ਵਿੱਚ ਬਥੇਰੇ,
ਨੰਗ-ਪੁਣੇ ਨੂੰ ਨਸ਼ਰ ਕਰਾਂ ਕਿਉਂ, ਕਿਉਂ ਬੋਲੀ ਵਿੱਚ ਖੋਟ ਰਲਾਵਾਂ।

ਸਭ ਦੀ ਸਮਝ ’ਚ ਪੈਂਦੇ ਜਿਹੜੇ, ਸੌਖੇ, ਸੁੱਚੇ ਸ਼ਬਦ ਫੜਾਂ ਮੈਂ,
ਔਖੇ, ਭਾਰੇ ਸ਼ਬਦਾਂ ਨੂੰ ਜੜ, ਨਾ ਕੁਈ ਫੋਕਾ ਰੋਅਬ ਜਮਾਵਾਂ।

ਮੈਨੂੰ ਮੇਰੀ ਅਨਪੜ੍ਹ ਮਾਂ ਨੇ, ਦੁੱਧ ਚੁੰਘਾਉਂਦੇ ਬਖ਼ਸ਼ੀ ਜਿਹੜੀ,
ਮਾਂ ਨੂੰ ਸਿਜਦਾ ਕਰਦਾ ਹੋਇਆ, ਮਾਂ ਬੋਲੀ ਦੀ ਸੇਵ ਕਮਾਵਾਂ।

ਯਤਨ ਸੁਚੇਤ ਹਮੇਸ਼ਾ ਕਰਦਾਂ, ਸ਼ਬਦ ਸਦਾ ਟਕਸਾਲੀ ਵਰਤਾਂ,
ਪਾਕ-ਪਵਿੱਤਰ ਮਾਂ ਬੋਲੀ ਵਿੱਚ, ਖੋਟ ਰਲਾਅ, ਨਾ ਪਾਪ ਕਮਾਵਾਂ।

ਮੇਰੀ ਮਾਂ ਬੋਲੀ ਨੇ ਮੈਨੂੰ, ਨਾਂ ਦਿੱਤਾ, ਪਹਿਚਾਣ ਬਣਾਈ,
ਮੈਂ ਨਾ-ਸ਼ੁਕਰਾ ਹੋ ਨਾ ਸਕਦਾ, ਇਸ ਤੋਂ ਵਾਰੀ ਸਦਕੇ ਜਾਵਾਂ।

ਗ਼ਜ਼ਲਾਂ, ਗੀਤ, ਰੁਬਾਈ ਸਿਰਜਾਂ, ਦੋਹੇ, ਦੋਹੜੇ ਵੀ ਘੜ ਲੈਂਦਾਂ,
ਚੌਮਿਸਰੇ ਤੇ ਛੰਦਾਂ ’ਤੇ ਵੀ, ਮੈਂ ਕਾਨੀ ਦੀ ਨੋਕ ਟਿਕਾਵਾਂ।

ਬੇ ਸਿਰ ਪੈਰੀ ‘ਕਿਵਤਾ’ ਨੂੰ ਮੈਂ, ਯਾਰੋ! ਕਵਿਤਾ ਕਹਿ ਨਾ ਸਕਦਾ,
ਤੋਲ-ਤੁਕਾਂਤ ਸੰਪੂਰਨ ਰੱਖਾਂ, ਮਿਹਨਤ ਸੰਦਾ ਕਰਮ ਕਮਾਵਾਂ।

ਮੇਰੀ ਮਾਂ ਬੋਲੀ ਦਾ ਮੇਰੇ, ਸਿਰ ਉੱਤੇ ਅਹਿਸਾਨ ਬੜਾ ਹੈ,
ਜਿਸ ਦੇ ਸਿਰ ’ਤੇ ਸੇਵਾ ਕੀਤੀ, ਉਸ ਦੇ ਸਦਕਾ ਰੋਟੀ ਖਾਵਾਂ।

ਜਣਨੀ ਮਾਂ, ਦੂਜੀ ਮਾਂ ਬੋਲੀ, ਤੀਜੀ ਧਰਤੀ ਮਾਂ ਸੰਗ ਵਾਅਦਾ,
ਤਕੜਾ ਹੋ ਕੇ ਧਰਮ ਨਿਭਾਵਾਂ, ਜਿਉਂਦੇ ਜੀਅ ਨਾ ਕੰਡ ਵਿਖਾਵਾਂ।

ਹੇ ਰੱਬਾ! ਇਹ ‘ਸੂਫ਼ੀ’ ਬੰਦਾ, ਕਰਦਾ ਰਹਿੰਦਾ ਹੈ ਅਰਜ਼ੋਈ,
ਸਮਰੱਥਾ ਦੇ, ਮਰਦੇ ਦਮ ਤੱਕ, ਮਾਂ ਬੋਲੀ ਵਿੱਚ ਕਲਮ ਚਲਾਵਾਂ।
ਸੰਪਰਕ: 98555-43660 (ਵੱਟਸਐਪ)

ਰੱਬ

ਦਲਵੀਰ ਕੌਰ

ਉਹ ਮੈਨੂੰ ਮੇਰੇ ਆਸਰੇ ਛੱਡ-
ਆਪ ਮਰ ਗਿਆ!

ਕੰਨਾਂ ਦੇ ਕਾਂਟੇ -ਚਿਹਰੇ ਦੀ ਰੌਣਕ- ਨਵਾਂ ਸੰਵਾਇਆ
ਉਸ ਦੇ ਰੰਗ ਵਰਗਾ, ਬਦਾਮੀ ਸਲਵਾਰ-ਸੂਟ!
ਤੇ ਆਹ ਗੁਜ਼ਰ ਚੁੱਕੇ ਕੁਝ ਕੁ ਸਾਲ...!
ਮੇਰੀਆਂ ਵੱਖੀਆਂ - ਪੱਸਲੀਆਂ - ਹਿਰਦੇ ’ਚੋਂ
ਭਾਲਦੇ ਰਹਿੰਦੇ ਨੇ ਉਸ ਨੂੰ...!

ਕਿੰਨਾ ਵੱਡਾ ਕਰ ਤੁਰ ਗਿਆ ਉਹ ਮੈਨੂੰ
ਜਿਊਂਦੇ ਜੀਅ...!
ਸੰਪਰਕ: +44-7496-267122

Advertisement
Author Image

Ravneet Kaur

View all posts

Advertisement