ਕਾਵਿ ਕਿਆਰੀ
ਮਾਂ
ਦਰਸ਼ਨ ਚੀਮਾ
ਚਿੰਤਾ ਤਾਂ ਉਸ ਨੂੰ ਉਦੋਂ ਦੀ ਹੀ
ਵੱਢ ਵੱਢ ਖਾਈ ਜਾਂਦੀ ਸੀ
ਜਦੋਂ ਦਾ ਬਾਹਰੋਂ
ਕਿਸੇ ਤੋਂ ਸੁਣ ਕੇ ਆਈ ਹੈ
ਕਿ ਗੁਆਂਢੀ ਮੁਲਕ ਨਾਲ
ਜੰਗ ਛਿੜ ਗਈ ਹੈ
ਉਪਰੋਂ ਬਲੈਕਆਊਟ ਦੀ ਸੂਚਨਾ
ਟੀ ਵੀ ’ਤੇ ਆ ਰਹੀਆਂ ਖ਼ਬਰਾਂ ਨੇ ਤਾਂ
ਉਸ ਦਾ ਸਾਹ ਹੀ ਸੂਤ ਲਿਆ ਸੀ
ਮਾਂ ਸੀ ਆਖ਼ਰ
ਹਾਲੇ ਹਫ਼ਤਾ ਪਹਿਲਾਂ ਹੀ ਗਿਆ ਹੈ
ਛੁੱਟੀ ਕੱਟ ਕੇ ਉਸ ਦਾ ਸ਼ਿੰਦਾ ਪੁੱਤ
ਫੋਨ ਵੀ ਨਹੀਂ ਸੀ ਲੱਗ ਰਿਹਾ...
ਸਾਰੀ ਰਾਤ ਬੁਰੇ ਜਿਹੇ ਖ਼ਿਆਲ
ਆਉਂਦੇ ਰਹੇ
ਪਹਿਲਾਂ ਕਾਰਗਿਲ ਵਿੱਚ
ਸਿਰ ਦਾ ਸਾਂਈ
ਤੇ ਹੁਣ...
ਸੁੱਖ ਰੱਖੀਂ ਮਾਲਕਾ
ਅੰਮ੍ਰਿਤ ਵੇਲਾ ਹੋਇਆ
ਉਸ ਨੇ ਇਸ਼ਨਾਨ ਕੀਤਾ
ਗੁਰੂਘਰ ਵੱਲ ਚੱਲ ਪਈ
ਰਸਤੇ ਵਿੱਚ ਵੀ
ਵਾਹਿਗੁਰੂ ਵਾਹਿਗੁਰੂ
ਜਪੀ ਜਾ ਰਹੀ ਸੀ...
ਉਸ ਨੇ ਮੱਥਾ ਟੇਕਿਆ
ਹੇ ਸੱਚੇ ਪਾਤਸ਼ਾਹ
ਸਰਹੱਦ ’ਤੇ ਮੇਰਾ ਸ਼ਿੰਦਾ
ਦੇਸ਼ ਲਈ ਲੜ ਰਿਹਾ
ਉਹਦੇ ਸਿਰ ’ਤੇ
ਆਪਣਾ ਹੱਥ ਰੱਖਣਾ
ਤੱਤੀ ’ਵਾ ਨਾ ਲੱਗਣ ਦੇਈਂ...
ਦਾਤਿਆ
ਓਸ ਪੁੱਤ ਦੇ ਵੀ ਅੰਗ ਸੰਗ ਰਹੀਂ
ਜਿਹੜਾ ਮੇਰੇ ਪੁੱਤ ਦੇ ਸਾਹਮਣੇ
ਬੰਦੂਕ ਤਾਣੀ ਖੜ੍ਹਾ
ਆਪਣੇ ਮੁਲਕ ਲਈ
ਲੜ ਰਿਹਾ ਹੈ
ਆਖ਼ਰ ਉਹ ਵੀ ਤਾਂ
ਕਿਸੇ ਮਾਂ ਦਾ ਪੁੱਤ ਹੀ ਹੈ...।
ਸੰਪਰਕ: 98154-94433
ਰੁੱਤੇ ਬੇਈਮਾਨ ਨਾ ਹੋਈਂ
ਰਵਨੀਤ ਕੌਰ ਢੀਂਡਸਾ ਔਲਖ
ਅਸੀਂ ਕੱਢਣੇ ਦੰਦਾਂ ’ਚੋਂ ਹਾਸੇ,
ਕਿ ਰੁੱਤੇ ਬੇਈਮਾਨ ਨਾ ਹੋਈਂ।
ਸਾਡੇ ਸੁੱਕ ਗਏ ਨੇ ਬੁੱਲ੍ਹ ਪਿਆਸੇ,
ਕਿ ਰੁੱਤੇ ਬੇਈਮਾਨ ਨਾ ਹੋਈਂ।
ਰੁੱਤ ਏ ਬਹਾਰਾਂ ਦੀ, ਜਾਪੇ ਪੱਤਝੜ ਜਿਉਂ ਆਈ ਏ,
ਖਿੜਿਆ ਏ ਫੁੱਲ, ਲੱਗੇ ਕਲੀ ਮੁਰਝਾਈ ਏ।
ਆਈ ਮੌਜ ਨਾ, ਲੰਘੀ ਏ ਪਾਸੇ ਪਾਸੇ,
ਕਿ ਰੁੱਤੇ ਬੇਈਮਾਨ ਨਾ ਹੋਈਂ।
ਚੜ੍ਹਿਆ ਏ ਦਿਨ, ਸੀਨੇ ਚਾਅ ਕਿਤੇ ਪਾਉਣ ਦੇ,
ਬੈਠੇ ਆਂ ਬਰੂਹੇ, ਧੂਹ ਖੇੜੇ ਲੈ ਕੇ ਆਉਣ ਦੇ।
ਪਾ ਬੈਠੀਂ ਨਾ, ਕਿਤੇ ਹੋਰ ਈ ਸਿਆਪੇ,
ਕਿ ਰੁੱਤੇ ਬੇਈਮਾਨ ਨਾ ਹੋਈਂ।
ਅਰਸ਼ੀ ਤਾਰਿਆਂ ਦਾ, ਨਜ਼ਾਰਾ ਕਿਤੇ ਦੇਖਾਂਗੇ,
ਮਾਂ ਦੇ ਨਿੱਘ ਜਿਹੀ, ਬਹਿ ਧੁੱਪ ਘੜੀ ਸੇਕਾਂਗੇ।
ਪਰ ਕਰੀਂ ਨਾ ਕਿਤੇੇ ਹੋਰ ਇਹ ਖੁਲਾਸੇ,
ਕਿ ਰੁੱਤੇ ਬੇਈਮਾਨ ਨਾ ਹੋਈਂ।
ਹੋ ਜਾਵੀਂ ਮਿਹਰਬਾਨ, ਕਿਤੇ ਨਾਚੀਜ਼ ’ਤੇ
ਬਾਲ ਗ਼ਮਾਂ ਦੀ ਧੂਣੀ, ਦਿਲ ਦੀ ਦਹਿਲੀਜ਼ ’ਤੇ।
ਥੋੜ੍ਹੇ ਦੇ ਕੇ ਜਾਈਂ ਅੱਜ ਧਰਵਾਸੇ
ਕਿ ਰੁੱਤੇ ਬੇਈਮਾਨ ਨਾ ਹੋਈਂ।
ਅਸੀਂ ਕੱਢਣੇ ਦੰਦਾਂ ’ਚੋਂ ਹਾਸੇ।