ਕਾਵਿ ਕਿਆਰੀ
ਆਪਣਾ ਵਤਨ ਗਵਾਚ ਗਿਆ
ਜਸਵੰਤ ਜ਼ਫ਼ਰ
ਮੇਰਾ ਦੇਸ਼ ਆਜ਼ਾਦ ਹੋ ਗਿਆ
ਤੇਰਾ ਮੁਲਕ ਈਜਾਦ ਹੋ ਗਿਆ
ਪਰ ਆਪਣਾ ਵਤਨ ਗਵਾਚ ਗਿਆ
ਤੈਨੂੰ ਸੋਹਣਾ ਨਾਹਰਾ ਮਿਲਿਆ
ਮੈਨੂੰ ਸੋਹਣਾ ਲਾਰਾ ਮਿਲਿਆ
ਪਰ ਰੂਹਾਂ ਵਿਚਲਾ ਨਾਚ ਗਿਆ
ਆਪਣਾ ਵਤਨ ਗਵਾਚ ਗਿਆ
ਤੂੰ ਤੇ ਮੈਂ ਨਾ ਆਪਾਂ ਹੋਏ
ਤੂੰ-ਤੂੰ ਮੈਂ-ਮੈਂ ਕਰਦੇ ਮੋਏ
ਸਾਂਝਾ ਦੁਸ਼ਮਣ ਜਾਚ ਗਿਆ
ਆਪਣਾ ਵਤਨ ਗਵਾਚ ਗਿਆ
ਆਪਾਂ ਬਣ ਗਏ ਬੰਦਿਓਂ ਬਿੱਲੀਆਂ
ਬਿੱਲੀਆਂ ਵੀ ਜੋ ਅਕਲੋਂ ਹਿੱਲੀਆਂ
ਤੇ ਬਾਂਦਰ ਸੀ ਵਾਚ ਗਿਆ
ਆਪਣਾ ਵਤਨ ਗਵਾਚ ਗਿਆ
ਬਦੀਆਂ ਸਨ ਜਾ ਇੰਨੀਆਂ ਵਧੀਆਂ
ਲਹੂ ਦੀਆਂ ਭਰੀਆਂ ਵਗੀਆਂ ਨਦੀਆਂ
ਭੁੱਲ ਮੁਹੱਬਤੀ ਜਾਚ ਗਿਆ
ਆਪਣਾ ਵਤਨ ਗਵਾਚ ਗਿਆ
ਇੱਜ਼ਤਾਂ ਲੁੱਟੀਆਂ ਬੱਚੇ ਵੱਢੇ
ਬੁੱਢੇ ਠੇਰੇ ਵੀ ਨਹੀਂ ਛੱਡੇ
ਹਰ ਥਾਂ ਤਾਂਡਵ ਨਾਚ ਗਿਆ
ਆਪਣਾ ਵਤਨ ਗਵਾਚ ਗਿਆ
ਤੇਰੇ ਮਜ਼ਹਬ ਦਾ ਝੰਡਾ ਝੁੱਲਿਆ
ਮੇਰਾ ਪੰਥ ਵੀ ਵਧਿਆ ਫੁੱਲਿਆ
ਧਰਮ ਤਾਂ ਪੱਤਰੇ ਵਾਚ ਗਿਆ
ਆਪਣਾ ਵਤਨ ਗਵਾਚ ਗਿਆ
ਸੰਪਰਕ: 80540-04977
ਵਾਹਗੇ ਦੇ ਏਧਰ ਵਾਹਗੇ ਦੇ ਓਧਰ
ਰਿਪੁਦਮਨ ਸਿੰਘ ਰੂਪ
ਵਾਹਗੇ ਦੇ ਏਧਰ ਵਾਹਗੇ ਦੇ ਓਧਰ
ਚੀਕ ਚਿਹਾੜਾ/ ਰੋਣ ਪਿੱਟਣ/ ਖੁੱਲ੍ਹੇ ਵਾਲ/ ਦੁਹੱਥੜਾਂ/ ਕੁਰਲਾਹਟਾਂ।
ਵਾਹਗੇ ਦੇ ਏਧਰ/ ਨਾਰਾਇਣ ਸਿੰਘ
ਵਾਹਿਗੁਰੂ ਦੇ ਭਾਣੇ ’ਚ ਰਹਿੰਦਾ
ਭਰ ਅੱਖੀਆਂ/ ਹੱਥ ਜੋੜ ਕਹਿੰਦਾ
ਮੇਰਾ ਪੁੱਤਰ/ ਸ਼ਹੀਦ ਹੋਇਐ/ ਦੇਸ਼ ਲਈ
ਮਾਣ ਹੈ ਮੈਨੂੰ/ ਆਪਣੇ ਪੁੱਤਰ
ਲਾਂਸ ਨਾਇਕ ਸ਼ਹੀਦ ਅਮਰ ਸਿੰਘ ਉੱਤੇ
ਉਹਦਾ ਇੱਕ ਹੱਥ
ਨੂੰਹ ਦੇ ਸਿਰ ਉੱਤੇ
ਦੂਜਾ ਪੋਤੇ ਦੇ ਸਿਰ ਉੱਤੇ।
ਵਾਹਗੇ ਦੇ ਓਧਰ/ ਮੁਹੰਮਦ ਅਲੀ
ਅੱਲਾ ਦੀ ਰਜ਼ਾ ’ਚ ਰਹਿੰਦਾ
ਲੈ ਹਾਉਕਾ ਕਹਿੰਦਾ
ਮੇਰਾ ਫ਼ਰਜ਼ੰਦ/ ਸ਼ਹੀਦ ਹੋਇਐ/ ਮੁਲਕ ਵਾਸਤੇ
ਨਾਜ਼ ਹੈ ਮੈਨੂੰ ਆਪਣੇ ਫ਼ਰਜ਼ੰਦ
ਸੂਬੇਦਾਰ ਸ਼ਹੀਦ ਰਫ਼ੀਕ ਖਾਨ ਉੱਤੇ
ਉਹਦਾ ਇੱਕ ਹੱਥ
ਨੂੰਹ ਦੇ ਸਿਰ ਉੱਤੇ
ਦੂਜਾ ਪੋਤੇ ਦੇ ਸਿਰ ਉੱਤੇ।
ਭਿਆਨਕ ਹਾਸਾ
ਡਰਾਉਣੀਆਂ ਆਵਾਜ਼ਾਂ
ਮਰੇ ਭਾਵੇਂ ਅਮਰ ਸਿੰਘ
ਜਾਂ ਮਰੇ ਰਫ਼ੀਕ ਖ਼ਾਨ
ਲਹੂ ਜਿਸਦਾ ਮਰਜ਼ੀ ਡੁੱਲੇ
ਇਸ ਤਾਂਡਵ ਨੂੰ ਕੋਈ ਨਾ ਠੱਲ੍ਹੇ
ਦੂਰ ਕਿੱਧਰੇ
ਰਾਖਸ਼ ਨੱਚੇ
ਇਹੋ ਸਾਰੀ
ਸਾਜ਼ਿਸ਼ ਰਚੇ
ਨਾਰਾਇਣ ਸਿੰਘ ਨੂੰ
ਸਮਝ ਨਾ ਆਵੇ
ਮੁਹੰਮਦ ਅਲੀ ਨੂੰ
ਨਜ਼ਰ ਨਾ ਆਵੇ।
ਵਾਹਗੇ ਦੇ ਏਧਰ ਵਾਹਗੇ ਦੇ ਓਧਰ
ਚੀਕ ਚਿਹਾੜਾ/ ਰੋਣ ਪਿੱਟਣ/ ਖੁੱਲ੍ਹੇ ਵਾਲ/ ਦੁਹੱਥੜਾਂ/ ਕੁਰਲਾਹਟਾਂ।
ਵਾਹਗੇ ਦੇ ਏਧਰ ਵਾਹਗੇ ਦੇ ਓਧਰ।
ਸੰਪਰਕ: 98767-68960