ਕਾਵਿ ਕਿਆਰੀ
ਸੱਚੋ ਸੱਚ
ਹਰਪ੍ਰੀਤ ਪੱਤੋ
ਬਿੜਕ ਨਾਲ ਸੌਣ ਚੰਗਾ। ਸੁਬ੍ਹਾ ਵੇਲੇ ਨਾਹੁਣ ਚੰਗਾ।
ਵੱਤ ਵੇਲੇ ਵਾਹੁਣ ਚੰਗਾ। ਬੀਜ ਚੰਗੇ ਫੁੱਟਦੇ।
ਸ਼ਹਿਰਾਂ ਵਿੱਚ ਰਸ਼ ਚੰਗਾ। ਰੱਸੇ ਨੂੰ ਹੁੰਦਾ ਕਸ ਚੰਗਾ।
ਮਿੱਠਾ ਹੋਵੇ ਰਸ ਚੰਗਾ। ਕੌੜੇ ਨੂੰ ਥੁੱਕਦੇ।
ਪਿਆਰ ਦਾ ਬੋਲ ਚੰਗਾ। ਪੂਰਾ ਪੂਰਾ ਤੋਲ ਚੰਗਾ।
ਵਿਆਹ ਵਿੱਚ ਢੋਲ ਚੰਗਾ। ਹੁੰਦੇ ਜਾਨੀ ਬੁੱਕਦੇ।
ਬਿਸਤਰਾ ਨਰਮ ਚੰਗਾ। ਕੀਤਾ ਜੋ ਕਰਮ ਚੰਗਾ।
ਹੁੰਦਾ ਉਹ ਧਰਮ ਚੰਗਾ। ਜਿੱਥੋਂ ਪਾਪ ਧੁਪਦੇ।
ਜਾਗ ਨੂੰ ਸਵੇਰ ਚੰਗਾ। ਮਰਦ ਦਲੇਰ ਚੰਗਾ।
ਪਾਪੀਆਂ ਹਨੇਰ ਚੰਗਾ। ਜਿੱਥੇ ਉਹ ਲੁਕਦੇ।
ਮਾੜਿਆਂ ਤੋਂ ਪਾਸਾ ਚੰਗਾ। ਖ਼ੁਸ਼ੀ ਵੇਲੇ ਹਾਸਾ ਚੰਗਾ।
ਲਾਉਣਾ ਗਾਸ਼ਾ ਚੰਗਾ। ਮਾਰੇ ਜੋ ਭੁੱਖ ਦੇ।
‘ਪੱਤੋ’ ਨੂੰ ਪਿਆਰ ਚੰਗਾ। ਯਾਰ ਦਿਲਦਾਰ ਚੰਗਾ।
ਜਿੱਤ ਵੇਲੇ ਹਾਰ ਚੰਗਾ। ਵੇਖ ਲੋਕ ਝੁਕਦੇ।
ਸੰਪਰਕ: 94658-21417
ਸਾਡੇ ਚਾਅ ਨੇ ਅਨੋਖੇ
ਰਾਜਬੀਰ ਮੱਤਾ
ਸਾਡੇ ਚਾਅ ਨੇ ਅਨੋਖੇ
ਸਾਡੇ ਸੁਪਨੇ ਅਵੱਲੇ
ਹੋਈਏ ਮਿੱਟੀ ਨਾਲ ਮਿੱਟੀ
ਰਹੀਏ ਸੂਰਜਾਂ ਦੇ ਥੱਲੇ...
ਸਾਨੂੰ ਰਹਿੰਦਾ ਏ ਫ਼ਿਕਰ
ਹੋਈ ਕੋਠੇ ਜਿੱਡੀ ਧੀ
ਛੇਤੀ ਚੋਣ ਲੱਗ ਜਾਵੇ
ਛੱਤ ਬਾਲਿਆਂ ਦੀ ਪਈ
ਸਾਡੇ ਵਿਹੜਿਆਂ ਦੇ ਦੁੱਖ
ਸੁੱਖ ਰਹਿਣ ਹੋਏ ਝੱਲੇ...
ਸਾਡੇ ਚਾਅ ਨੇ ਅਨੋਖੇ
ਸਾਡੇ ਸੁਪਨੇ ਅਵੱਲੇ...
ਭੈਣ ਵੱਡੀ ਲੁਕ ਰੋਵੇ
ਅੱਖਾਂ ਹੰਝੂਆਂ ’ਨਾ ਧੋਵੇ
ਉਹਦਾ ਜੁੜਿਆ ’ਨਾ ਦਾਜ
ਉਹਨੇ ਰੱਖੀ ਸਾਡੀ ਲਾਜ
ਸਾਹ ਗਈ ਓਹੋ ਰੋਕ
ਲਾਸ਼ ਰਹਿ ਗਈ ਸਾਡੇ ਪੱਲੇ...
ਸਾਡੇ ਚਾਅ ਨੇ ਅਨੋਖੇ
ਸਾਡੇ ਸੁਪਨੇ ਅਵੱਲੇ...
ਸਕੂਲ ਛੱਡ ਕੇ ਅਖੀਰੀ
ਵੀਰਾ ਰਲ਼ਿਆ ਸੀ ਸੀਰੀ
ਲਾਵੇ ਦਿਨ-ਰਾਤ ਪਾਣੀ
ਉਹਦੀ ਇਹੋ ਏ ਕਹਾਣੀ
ਇਹ ਸੀਰਪੁਣਾ ਸਾਡੇ
ਹੁਣ ਪੀੜ੍ਹੀਆਂ ’ਚ ਚੱਲੇ...
ਸਾਡੇ ਚਾਅ ਨੇ ਅਨੋਖੇ
ਸਾਡੇ ਸੁਪਨੇ ਅਵੱਲੇ...
ਬਾਪੂ ਕਰਦਾ ਕਮਾਈ
ਦਿਨ ਰਾਤ ਹੱਡ ਭੰਨੇ...
ਉਹਨੂੰ ਮਿਲੇ ਨਾ ਸਕੂਨ
ਸੁੱਖ ਰੱਸੇ ਨਾਲ ਬੰਨ੍ਹੇ...
ਹੋਇਆ ਕੱਖੋਂ ਹੌਲਾ ਫਿਰੇ
ਕੁਝ ਬਚਦਾ ਨਹੀਂ ਪੱਲੇ...
ਸਾਡੇ ਚਾਅ ਨੇ ਅਨੋਖੇ
ਸਾਡੇ ਸੁਪਨੇ ਅਵੱਲੇ...
ਮਾਂ ਮੇਰੀ ਸਾੜੇ ਚੰਮ
ਕਰੇ ਲੋਕਾਂ ਘਰੇ ਕੰਮ
ਉਹਦੇ ਪੈਰਾਂ ’ਚ ਬਿਆਈਆਂ
ਕਦੇ ਝਾਂਜਰਾਂ ਨਾ ਪਾਈਆਂ
ਹੁੰਦਾ ਕੀ ਏ ਹਾਰ ਰਾਣੀ?
ਨਾ ਜੁੜੇ ਚਾਂਦੀ ਵਾਲੇ ਛੱਲੇ...
ਸਾਡੇ ਚਾਅ ਨੇ ਅਨੋਖੇ
ਸਾਡੇ ਸੁਪਨੇ ਅਵੱਲੇ...।
ਈ-ਮੇਲ: rajmatta143@gmail.com