ਕਾਵਿ ਕਿਆਰੀ
ਡਿਪੋਰਟ ਅਸੀਂ ਵੀ ਹੋਏ ਸਾਂ
ਡਾ. ਲਾਭ ਸਿੰਘ ਖੀਵਾ
ਇਕੱਲੇ ਤੁਸੀਂ ਹੀ ਨਹੀਂ
ਡਿਪੋਰਟ ਅਸੀਂ ਵੀ ਹੋਏ ਸਾਂ।
ਤੁਹਾਡੇ ਵਾਂਗ ਜ਼ਲੀਲ ਹੋ ਕੇ, ਗਲੀਜ਼ ਹੋ ਕੇ।
... ... ...
ਸਾਡਾ ਤੈਰਨ-ਖਟੋਲਾ ਖੜ੍ਹਾ ਸੀ,
ਵੈਨਕੂਵਰ ਦੇ ਸਮੁੰਦਰੀ ਸਾਹਿਲ ’ਤੇ।
ਮਲਿਕਾ ਇੰਗਲੈਂਡ ਨੇ ਹੁਕਮ ਦਿੱਤਾ,
ਕੋਈ ਨਾ ਪੈਰ ਧਰੇ ਸਾਡੀ ਸਬਜ਼ ਜ਼ੈਲ ’ਤੇ।
ਅਸੀਂ ਗ਼ੈਰ-ਕਾਨੂੰਨੀ ਪਰਵਾਸੀ ਜੋ ਸਾਂ,
ਇੱਕ ਗ਼ੁਲਾਮ ਮੁਲਕ ਦੇ ਵਾਸੀ ਜੋ ਸਾਂ।
ਤੁਸੀਂ ਤੁਰੇ ਸੀ,
ਆਪਣੀਆਂ ਅੱਖਾਂ ’ਚ
ਖੁਸ਼ਹਾਲੀ ਦੇ ਖ਼ੁਆਬਾਂ ਦਾ ਕਜਲਾ ਪਾ ਕੇ|
ਡੰਕੀ ਲਾ ਕੇ ਤੇ ਜੰਗਲ-ਦਰਿਆ ਗਾਹ ਕੇ,
ਦੋ ਆਜ਼ਾਦ ਦੇਸ਼ਾਂ ਦੀ,
ਦੋਸਤੀ ਦਾ ਜਾਮ ਖੜਕਾ ਕੇ।
... ... ...
ਤੁਸੀਂ ਚੁੰਘਣ ਗਏ ਸੀ, ਪਰਾਈ ਮੱਝ ਦੇ ਪਸਮੇ ਥਣਾਂ ਨੂੰ,
ਅਸੀਂ ਸੁੰਘਣ ਗਏ ਸੀ, ਆਜ਼ਾਦ ਫ਼ਿਜ਼ਾ ’ਚ ਉੱਡਦੇ ਕਣਾਂ ਨੂੰ।
ਕਲਕੱਤੇ ਬਜਬਜ ਘਾਟ ’ਤੇ, ਅਸੀਂ ਵੀ ਪਰਤ ਆਏ,
ਫ਼ੌਜੀ ਉੱਡਣ-ਖਟੋਲੇ ’ਚੋਂ, ਤੁਸੀਂ ਵੀ ਪਰਤ ਆਏ।
ਬਿੱਲੇ ਫ਼ੌਜੀਆਂ ਆ ਕੇ, ਸਾਨੂੰ ਘੇਰੀਆਂ ਪਾਈਆਂ,
ਤੁਸਾਂ ਦੇ ਹੱਥ ਬੰਨ੍ਹੇ ਸੀ, ਪੈਰਾਂ ਨੂੰ ਬੇੜੀਆਂ ਲਾਈਆਂ।
... ... ...
ਸਰਹਾਲੀ ਤੋਂ ਆਇਆ, ਮੈਂ ਬਾਬਾ ਗੁਰਦਿੱਤ ਹਾਂ,
ਤੁਹਾਡਾ ਹਾਲ ਤੱਕ ਕੇ, ਡਾਢਾ ਬਦਚਿੱਤ ਹਾਂ
ਕਿ ਜਿਹੜੇ ਦੇਸ਼ ਨੂੰ ਅਸੀਂ, ਸੀ ਆਜ਼ਾਦ ਕਰਾਇਆ,
ਉੱਥੇ ਨਾ ਰਹਿਣਾ ਚਾਹੁੰਦਾ, ਅੱਜ ਦਾ ਜੰਮਿਆ-ਜਾਇਆ।
ਉਹ ਆਜ਼ਾਦੀ ਝੂਠੀ ਸੀ ਜਾਂ ਇਹ ਨੇਤਾ ਨੇ ਝੂਠੇ,
ਲੋਕਾਂ ਦੇ ਹੱਥਾਂ ’ਚ, ਕਿਉਂ ਖ਼ੈਰਾਤ ਦੇ ਨੇ ਠੂਠੇ?
ਅਜੇ ਮੈਂ ਬਾਬੇ ਭਕਨੇ ਨੂੰ, ਦੱਸਣਾ ਹੈ ਜਾ ਕੇ,
ਉਹ ਉੱਠ ਪਊ ਸਿੱਧਾ, ਜੋਸ਼ ਨਾਲ ਗੁੱਸੇ ’ਚ ਆ ਕੇ।
‘‘ਉਦੋਂ ਸਾਡਾ ਵੈਰੀ ਸੀ, ਜ਼ਾਲਮ ਗੋਰਾ ਫ਼ਿਰੰਗੀ।
ਆਉ ਸਾਡੇ ਕਾਲੇ ਦੀ, ਫੜੀਏ ਜਾ ਕੇ ਸੰਘੀ?’’
ਹਾਂ, ਮੇਰੇ ਬੱਚਿਓ!
ਡਿਪੋਰਟ ਅਸੀਂ ਵੀ ਹੋਏ ਸਾਂ।
ਸੰਪਰਕ: 94171-78487
ਸੁਪਨਾ ਜੋ ਅਧੂਰਾ ਰਹਿ ਗਿਆ
ਨਾਹਰ ਸਿੰਘ ਔਜਲਾ
ਇਹ ਮਨ ਮੇਰੇ ਦਾ ਸੁਪਨਾ ਸੀ
ਪ੍ਰਦੇਸਾਂ ਦੇ ਵਿੱਚ ਜਾਵਾਂਗਾ
ਕਰਕੇ ਖ਼ੂਬ ਕਮਾਈਆਂ ਇੱਕ ਦਿਨ
ਵਤਨਾਂ ਨੂੰ ਮੁੜ ਆਵਾਂਗਾ
ਬਣਦਾ ਫ਼ਰਜ਼ ਨਿਭਾਵਾਂਗਾ।
ਮੇਰੇ ਰੋਮ ਰੋਮ ਵਿੱਚ ਰਚਿਆ ਸੀ
ਸਾਡਾ ਮਾਣਮੱਤਾ ਇਤਿਹਾਸ
ਮਜ਼ਲੂਮਾਂ ਦੇ ਹੱਕਾਂ ਲਈ ਲੜਨਾ
ਤੇ ਵੰਡ ਛਕਣ ਦੀ ਜਾਚ
ਕਰ ਕਿਰਤ ਕਮਾਈ ਹੱਕ ਦੀ
ਵਿਰਸੇ ਦਾ ਮਾਣ ਵਧਾਵਾਂਗਾ
ਬਣਦਾ ਫ਼ਰਜ਼...
ਮੈਂ ਨਹੀਂ ਸੀ ਜਾਣਿਆ ਪਹਿਲਾਂ
ਕਿੰਝ ਦਾ ਪੱਛਮ ਦਾ ਸੰਸਾਰ?
ਜਿਸਦੀ ਚਕਾਚੌਂਧ ਵਿੱਚ ਭੁੱਲੇ
ਮਿੱਤਰ ਪਿਆਰੇ, ਬੇਲੀ, ਯਾਰ।
ਤੱਕ ਜਿਨ੍ਹਾਂ ਨੂੰ ਸਾਹਮਣੇ ਨਾ ਅੱਖ ਮਿਲਾਵਾਂਗਾ
ਹੁਣ ਕਿਹੜਾ ਫ਼ਰਜ਼...?
ਪਹਿਲਾ ਹੱਲਾ ਜੋ ਪਰਵਾਸ ਦਾ ਝੱਲਿਆ
ਉਹ ਸੀ ਝੱਖੜ ਸਰਦ ਹਵਾਵਾਂ ਦਾ
ਫਿਰ ਡਾਲਰਾਂ ਦੀ ਦੌੜ ਨੇ ਬੋਲਿਆ
ਹੱਲਾ ਸਖ਼ਤ ਸਜ਼ਾਵਾਂ ਦਾ
ਕੁਝ ਅਸਰ ਆਜ਼ਾਦ ਫਿਜ਼ਾਵਾਂ ਦਾ
ਚੇਤਾ ਭੁੱਲ ਗਿਆ ਵਤਨ ਦੇ ਰਾਹਵਾਂ ਦਾ
ਹੁਣ ਕਿਹੜਾ ਫ਼ਰਜ਼...?
ਸੂਹੇ ਸੁਪਨਿਆਂ ਦਾ ਇੱਕ ਦੀਪ
ਦਿਲ ’ਚ ਜਗਾ ਕੇ ਰੱਖਦਾ ਹਾਂ
ਮੁੱਕੇਗੀ ਭੈੜੀ ਔੜ ਕਦੀ ਤਾਂ
ਇਹ ਆਸ ਬੰਨ੍ਹਾ ਕੇ ਰੱਖਦਾ ਹਾਂ
ਗ਼ਰਜ਼ਾਂ ਮਾਰੇ ਰਾਹੀਆਂ ਸੰਗ ਮਿਲਕੇ
ਵਾਅਦਾ! ਸਾਥ ਨਿਭਾਉਂਦਾ ਜਾਵਾਂਗਾ
ਏਨਾ ਕੁ ਤਾਂ ਫ਼ਰਜ਼ ਨਿਭਾਵਾਂਗਾ!
‘ਔਜਲਾ’ ਕੈਨੇਡਾ ਦਾ ਹੀ ਹੋ ਕੇ ਰਹਿ ਗਿਆ
ਗੱਲਾਂ ’ਚੋਂ ਗੱਲ ਦਿਲ ਦੀ ਕਹਿ ਗਿਆ
ਮੌਕਾ ਬਣਿਆ ਜੇ ਕਦੀ ਵਤਨੀ ਜਾਣ ਦਾ
ਬੱਸ! ਸਿਜਦਾ ਕਰਨ ਹੀ ਜਾਵਾਂਗਾ
ਇੰਨਾ ਕੁ ਤਾਂ ਫ਼ਰਜ਼ ਨਿਭਾਵਾਂਗਾ...।