ਕਾਵਿ ਕਿਆਰੀ
ਗ਼ਜ਼ਲ
ਜਗਤਾਰ ਪੱਖੋ
ਵੇਖ ਤੇਰੇ ਇਸ਼ਕ ਦੀ ਜਾਦੂਗਰੀ।
ਮੰਤਰਾਂ ਨੂੰ ਭੁੱਲ ਗਏ ਨੇ ਮਾਂਦਰੀ।
ਭੌਰ ਇਹ ਸਭ ਵੇਖ ਕੇ ਭੈਅਭੀਤ ਹੈ,
ਵਾਸ਼ਨਾ ਦੀ ਹੋ ਰਹੀ ਹੈ ਤਸਕਰੀ।
ਇਹ ਸਮੇਂ ਦਾ ਅੱਥਰਾ ਬਦਲਾਵ ਹੈ,
ਮੋਹ ਦੀ ਭਾਸ਼ਾ ਹੋ ਰਹੀ ਹੈ ਖੁਰਦਰੀ।
ਡੇਰਿਆਂ ਦੀ ਨੀਤ ਹੁਣ ਬਦਰੰਗ ਹੈ,
ਆਸਥਾ ਦੀ ਸੋਚ ਹੋਈ ਜਰਜਰੀ।
ਨੇਰ੍ਹਿਆਂ ਦਾ ਪਸਤ ਹੋਇਆ ਹੌਸਲਾ,
ਵੇਖ ਵਧਦੀ ਦੀਵਿਆਂ ਦੀ ਹਾਜ਼ਰੀ।
ਹਰ ਘੜੀ ਨੂੰ ਰੁੱਤ ਵਾਂਗੂੰ ਮਾਣਦੇ,
ਸ਼ਾਇਰ ਕਰਦੇ ਜਜ਼ਬਿਆਂ ਦੀ ਪਰਵਰੀ।
ਸੰਪਰਕ: 94651-96946
***
ਪੰਜਾਬ
ਡਾ. ਸਰਦੂਲ ਸਿੰਘ ਔਜਲਾ
ਮੇਰੇ ਪੰਜਾਬ!
ਪਤਾ ਲੱਗਾ ਕਿ ਅੱਜਕੱਲ੍ਹ ਤੂੰ ਬੜਾ ਉਦਾਸ ਏਂ
ਸੁਣਿਆ ਬੜਾ ਹੇਰਵਾ ਏ ਤੈਨੂੰ
ਕਿ ਲਾਇਬ੍ਰੇਰੀਆਂ ਵਿੱਚ ਪਿਆ ਤੇਰਾ ਇਤਿਹਾਸ
’ਵਾਜ਼ਾਂ ਮਾਰਦਾ ਏ ਤੇਰੇ ਆਪਣਿਆਂ ਨੂੰ
ਪਰ ਪਾੜ੍ਹੇ ਡਿਜੀਟਲ ਹੋ ਚੁੱਕੇ ਨੇ
ਸਮਾਂ ਨਹੀਂ
ਤੇਰਿਆਂ ਕੋਲ ਤੇਰੀ ਗਾਥਾ ਦਾ ਹੁੰਗਾਰਾ ਬਣਨ ਦਾ।
ਤੇਰੀਆਂ ਬਾਤਾਂ ਤਾਂ ਬੇਗਾਨੇ ਪਾਉਂਦੇ ਸੀ
ਪਰ ਹੁਣ
ਬਾਤਾਂ ਦੇ ਰੂਪ ਤੇ ਰੁਖ਼
ਇਤਿਹਾਸ ਦੇ ਪੁੱਠੇ ਗੇੜ ਵਿੱਚ ਵਹਿ ਰਹੇ ਨੇ
ਸੁਣਿਆ ਤੇਰੇ ਬਾਰੇ ਹੋਰ ਬੜਾ ਕੁਝ ਕਹਿ ਰਹੇ ਨੇ।
ਇਹ ਵੀ ਪਤਾ ਲੱਗੈ
ਤੇਰੇ ਅੰਨਦਾਤੇ
ਅੱਜਕੱਲ੍ਹ ਕਕਰੀਲੀਆਂ ਰਾਤਾਂ ਵਿੱਚ ਵੀ
ਸੜਕਾਂ ’ਤੇ ਸੰਘਰਸ਼ੀ ਇਤਿਹਾਸ ਲਿਖ ਰਹੇ ਨੇ
ਜੂਝ ਰਹੇ ਨੇ ਹੱਕੀ ਕਿਰਤ ਕਮਾਈ ਲਈ
ਕਦੇ ਨਿਰਾਸ਼ ਵੀ ਹੁੰਦੇ ਨੇ
ਪਰ ਅਣਖ ਦੀ ਪਾਣ ਅਤੇ ਚੜ੍ਹਦੀ ਕਲਾ ਦੀ ਸਾਣ
ਹੋਰ ਵੀ ਤੇਜ਼ ਕਰਦੀ ਹੈ
ਇਨ੍ਹਾਂ ਦੇ ਸੰਘਰਸ਼ੀ ਕਦਮਾਂ ਨੂੰ
ਤੇ ਇਹ
ਤੁਰ ਪੈਂਦੇ ਨੇ ਫ਼ਸਲਾਂ ਦੀ ਰਾਖੀ
ਅਤੇ
ਆਪਣੀ ਹੋਂਦ ਦਾ ਯੁੱਧ ਲੜਨ ਲਈ
ਇਹ ਵੀ ਸੁਣਿਆ
ਕਿ ਗੁਰੂਆਂ, ਪੀਰਾਂ ਯੋਧਿਆਂ ਦੀ ਇਸ ਧਰਤ ’ਤੇ
ਜਾਤਾਂ-ਪਾਤਾਂ ਮਜ਼ਹਬਾਂ ਦੀ ਰਾਜਨੀਤੀ
ਸਾੜ ਰਹੀ ਹੈ
ਮਨੁੱਖਤਾ ਦੀ ਕਾਇਆ
ਵਲੂੰਧਰਦੀ ਏ ਤਨ ਮਨ ਤੇਰਾ
ਸਾਂਝੀਵਾਲਤਾ ਦੇ ਬੂਟੇ ਦੇ ਪੱਤੇ ਝਾੜਦੀ ਏ
ਵੋਟਾਂ ਦੀ ਰਾਜਨੀਤੀ
ਪਰ ਤੂੰ ਸਭ ਕੁਝ ਸਹਿ ਰਿਹਾ ਏਂ
ਸਿਦਕ ਤੇ ਸਬਰ ਦੀ ਗੁੜ੍ਹਤੀ ਜੁ ਮਿਲੀ ਏ ਤੈਨੂੰ
ਤੇਰੀ ਵਿਰਾਸਤ ਦੀ ਬੁੱਕਲ ਬੜੀ ਵੱਡੀ ਏ
ਇਸੇ ਲਈ ਵੱਡਾ ਏ ਤੇਰਾ ਦਿਲ
ਜੋ ਕਦੇ ਨਾ ਮੰਨਦਾ ਹਾਰ
ਹਰ ਸਮੇਂ ਅਲਾਪਦਾ ਏ
ਮੁੜ ਆਵੇਗੀ ਬਹਾਰ।
ਹਾਂ ਸੱਚ, ਇਹ ਵੀ ਪਤਾ ਲੱਗਾ
ਕਿ ਤੇਰੀ ਨਵੀਂ ਪੀੜ੍ਹੀ ਚੋਗੇ ਦੀ ਤਲਾਸ਼ ਵਿੱਚ
ਉਡਾਰੀ ਮਾਰ ਰਹੀ ਏ
ਸੱਤ ਸਮੁੰਦਰਾਂ ਤੋਂ ਪਾਰ
ਪਰ ਤੋਲ ਰਹੀ ਏ ਵਿਦੇਸ਼ੀ ਚਮਕ ਦਮਕ ਵਿੱਚ
ਗੁਆਚ ਜਾਣ ਲਈ
ਪਰ ਇਹ ਬੋਟ ਜੰਮ ਜੰਮ ਉਡਾਰੀਆਂ ਭਰਨ
ਵਰ੍ਹੇ ਛਿਮਾਹੀ ਮੁੜ ਆਉਣ ਤੈਨੂੰ ਮਿਲਣ ਲਈ
ਤੇਰੀ ਖ਼ੈਰ ਸੁੱਖ ਪੁੱਛਣ ਲਈ
ਤੇਰੀਆਂ ਬਾਹਵਾਂ ਨੇ ਇਹ
ਇਨ੍ਹਾਂ ਦੀ ਗਲਵੱਕੜੀ ਤੇਰੀ ਰੂਹ ਠਾਰਦੀ ਏ
ਚੈਨ ਮਿਲਦਾ ਏ ਤੈਨੂੰ
ਕਿ ਇਹ ਤੇਰੇ ਨਾਮ ਦੇ ਹੋਰ ਬੂਟੇ ਲਾ ਰਹੇ ਨੇ
ਪਰ ਮਿਲਦੇ ਰਹਿਣਾ ਹੀ ਜ਼ਿੰਦਗੀ ਏ
ਇਹ ਦਸਤੂਰ ਏ
ਜੋ ਸਰਬ ਮਨਜ਼ੂਰ ਏ।
ਮੇਰੇ ਪੰਜਾਬ!
ਬੜੇ ਝੱਖੜ ਆਏ ਨ੍ਹੇਰੀਆਂ ਆਈਆਂ
ਪਰ ਤੂੰ ਅਡੋਲ ਏਂ
ਇਹ ਤੇਰੀ ਤਾਸੀਰ ਏ
ਇਹੀ ਤੇਰੀ ਤਸਵੀਰ ਏ
ਕਿਉਂਕਿ ਤੇਰੀ ਜਾਗਦੀ ਜ਼ਮੀਰ ਏ।
ਸੰਪਰਕ: 98141-68611