ਕਾਵਿ ਕਿਆਰੀ
ਗ਼ਜ਼ਲ
ਸਰਦਾਰ ਪੰਛੀ
ਕਿੰਨੀ ਅਜੀਬ ਜੰਗ ਹੈ ਇਹ ਬਹਿ ਕੇ ਨਾਲ ਨਾਲ।
ਸਾਹਾਂ ਦੇ ਵਾਰ ਰੋਕਣਾਂ ਸਾਹਾਂ ਦੀ ਢਾਲ ਨਾਲ।
ਸੂਖ਼ਮ ਖ਼ਿਆਲ ਨਾਲ ਤੇ ਫ਼ਨ ਦੇ ਕਮਾਲ ਨਾਲ,
ਸ਼ਿਅਰਾਂ ਦੇ ਫੁੱਲ ਲਗਦੇ ਨੇ ਗ਼ਜ਼ਲਾਂ ਦੀ ਡਾਲ ਨਾਲ।
ਨਗ਼ਮਾ ਗ਼ਜ਼ਲ ਰੁਬਾਈ ਕਹਾਣੀ ਮੁਸੱਵਿਰੀ,
ਕੀ ਕੀ ਨਿਕਲ ਕੇ ਆ ਗਿਆ ਦਿਲ ਦੇ ਉਬਾਲ ਨਾਲ।
ਇੱਕ ਦਰਦ ਦੋ ਦੋ ਮੌਸਮਾਂ ਦੇ ਨਾਲ ਜੁੜ ਗਿਆ,
ਹਾਉਕਾ ਹੁਨਾਲ ਨਾਲ ਤੇ ਸਿਸਕੀ ਸਿਆਲ ਨਾਲ।
ਕਰ ਤਾਂ ਲਿਆ ਹੈ ਇਸ਼ਕ ਸੰਗ ਇਸ ਦਿਲ ਨੇ ਕਾਰੋਬਾਰ,
ਨਿਭਦੀ ਹੈ ਵੇਖੋ ਕਿਸ ਤਰ੍ਹਾਂ ਇਸ ਭਾਈਵਾਲ ਨਾਲ।
ਉਸ ਦੀ ਵੀ ਝੋਲ ਮੋਤੀਆਂ ਦੇ ਨਾਲ ਭਰ ਗਈ,
ਪੂੰਝੇ ਗ਼ਜ਼ਲ ਦੇ ਅੱਥਰੂ ਜਿਸ ਨੇ ਰੁਮਾਲ ਨਾਲ।
ਸੰਪਰਕ: 94170-91668
* * *
ਡੂੰਘੇ ਵੈਣ
ਮਲਵਿੰਦਰ
ਮੇਰੇ ਪੈਰਾਂ ਹੇਠ ਖ਼ੂਹ ਗਿੜਦਾ
ਆਉਣ ਕੂੰਜਾਂ, ਜਾਣ ਕੂੰਜਾਂ
ਜਲ਼ ਦੇ ਚੇਤਿਆਂ ਨੂੰ
ਗਲ਼ ਲਾ ਰੋਣ ਕੂੰਜਾਂ
ਰੇਤ ਹੋਏ ਥਲ ਕੋਲ਼
ਰੇਤ ਹੋਣ ਚੱਲੀਆਂ
ਮੇਰੇ ਸਾਹਾਂ ਵਿੱਚ ਪੌਣ ਕੰਬਦੀ
ਧੂੰਆਂ ਧੂੰਆਂ ਹੋਈ ਹੈ
ਹਰ ਅੱਖ ਰੋਈ ਹੈ
ਬਿਰਖਾਂ ਥੀਂ ਰੁਮਕਦੀ
ਹਵਾ ਦਾ ਦਮ ਘੁਟਦਾ
ਪੱਤਿਆਂ ’ਚ ਰੇਤ ਬੁੱਕਦਾ
ਭੋਇੰ ਕਤਲ ਹੋਈ ਕੁੱਖ ਹੋਈ
ਜ਼ਹਿਰੀ ਜੰਗਲਾਂ ਦਾ ਰੁੱਖ ਹੋਈ
ਪੰਜ ਆਬਾਂ ਦੇ ਵੈਣ ਪਾਉਂਦਾ
ਬੁੱਢਾ ਦਰਿਆ ਹੋਈ
ਲਹਿਲਹਾਉਂਦੇ ਖੇਤਾਂ ਦੇ ਜੈਵਿਕ
ਉਪਜ ਦਾ ਗਹਿਰਾ ਦੁੱਖ ਹੋਈ
ਬਿਰਖਾਂ ਦੇ ਕਾਤਲਾਂ ਨੂੰ
ਪਾਣੀਆਂ ਦੇ ਵੈਰੀਆਂ ਨੂੰ
ਹਵਾ ਦੇ ਵਪਾਰੀਆਂ ਨੂੰ
ਸੱਤਾ ਦੇ ਹੰਕਾਰੀਆਂ ਨੂੰ
ਮੁਨਾਫ਼ੇ ਦਾ ਪਹਾੜਾ ਬੁੱਝਦਾ
ਪਰ ਨਾਨਕ ਦਾ ਨਾ ਰਾਹ ਸੁੱਝਦਾ
ਸੰਪਰਕ: 97795-91344 (ਵਟਸਐਪ)
* * *
ਬਸੰਤ ਸੁਹਾਵੀ
ਅਮਰਜੀਤ ਸਿੰਘ ਫ਼ੌਜੀ
ਜਿਨ੍ਹਾਂ ਦੇ ਸੰਗ ਯਾਰ ਵਸੇਂਦਾ
ਤਿਨਾ ਬਸੰਤ ਸੁਹਾਵੇ ਹੂ
ਖਿੜਿਆ ਦਿਸੇ ਚਾਰ ਚੁਫ਼ੇਰਾ
ਡਾਢੀ ਰੂਹ ਨਸ਼ਿਆਵੇ ਹੂ
ਰੰਗ ਬਸੰਤੀ ਚੜ੍ਹਿਆ ਪੂਰਾ
ਜਿੱਧਰ ਨਜ਼ਰ ਘੁੰਮਾਵੇ ਹੂ
ਆਸਾਂ ਦੀਆਂ ਕਰੂੰਬਲਾਂ ਫੁੱਟੀਆਂ
ਕੁਦਰਤ ਮਹਿਕਾਂ ਲਾਵੇ ਹੂ
ਮਨ ਦੇ ਪੰਛੀ ਉੱਡ ਉੱਡ ਪੈਂਦੇ
ਅੰਬਰ ਸੋਹਲੇ ਗਾਵੇ ਹੂ
ਬਿਰਹੋਂ ਪਤਝੜ ਚੰਦਰੀ ਡਾਢੀ
ਹੁਣ ਨਾ ਕਦੇ ਸਤਾਵੇ ਹੂ
ਦੀਨੇ ਪਿੰਡ ਦੇ ਫ਼ੌਜੀ ਵਾਂਗੂੰ
ਧਰਤੀ ਪੈਰ ਨਾ ਲਾਵੇ ਹੂ।
ਸੰਪਰਕ: 95011-27033