ਕਾਵਿ ਕਿਆਰੀ
ਪਹੁ-ਫੁਟਾਲੇ ਦੇਣਗੇ
ਹਰਮਿੰਦਰ ਸਿੰਘ ਕੋਹਾਰਵਾਲਾ
ਰਾਤ ਭਰ ਜੋ ਦਿਲ ਜਲਾ ਕੇ ਪਹੁ-ਫੁਟਾਲੇ ਦੇਣਗੇ।
ਲੋਕ ਉਨ੍ਹਾਂ ਦੇ ਸਿਰਾਂ ਨੂੰ ਹੀ ਦੁਮਾਲੇ ਦੇਣਗੇ।
ਇਸ ਤਰ੍ਹਾਂ ਵਰਤਾਉਣਗੇ ਹੁਣ ਨੀਰ ਥਲ ਦੇ ਮਾਛਕੀ,
ਹੋਂਠ ਸੁੱਕੇ ਰੱਖ ਕੇ ਤਲੀਆਂ ਨੂੰ ਛਾਲੇ ਦੇਣਗੇ।
ਆਸ ਤਾਂ ਸੀ ਨਿਹਮਤਾਂ ਦੇ ਲਾਉਣਗੇ ਅੰਬਾਰ ਉਹ,
ਕੀ ਪਤਾ ਸੀ ਰਹਿਨੁਮਾ ਕੇਵਲ ਘੁਟਾਲੇ ਦੇਣਗੇ।
ਸੇਧ ਮਾਪੇ ਦੇਣਗੇ ਕਿੰਝ ਭਟਕਦੀ ਔਲਾਦ ਨੂੰ,
ਕੌਣ ਮਾਡਲ ਰਹਿ ਗਿਆ ਕਿਸ ਦੇ ਹਵਾਲੇ ਦੇਣਗੇ।
ਪਾ ਸਕੇ ਨਾ ਕੱਫ਼ਣ ਮਾਂ ’ਤੇ ਸਨ ਰੁਝੇਵੇਂ ਹੋਰ ਵੀ,
ਭੋਗ ਵੇਲ਼ੇ ਉਹ ਗਰੰਥਾਂ ’ਤੇ ਦੁਸ਼ਾਲੇ ਦੇਣਗੇ।
ਝੁੱਗੀਆਂ ਵਿੱਚ ਰੌਸ਼ਨੀ ਕੀ ਕਰਨਗੇ ਇਹ ਹੁਕਮਰਾਨ,
ਦੀਪ ਸਾਰੇ ਮਹਿਲ ਦੇ ਜਦ ਕਰ ਹਵਾਲੇ ਦੇਣਗੇ।
ਕਰਨਗੇ ਫੁਰਮਾਨ ਸ਼ਾਹੀ ਕਹਿਰ ਇਹ ਵੀ ਪਿੰਡ ’ਤੇ,
ਚੂਥੀਆਂ ਵਿੱਚ ਹੱਥ ਤੇ ਹੋਠਾਂ ਨੂੰ ਤਾਲੇ ਦੇਣਗੇ।
ਸੰਪਰਕ: 98768-73735
* * *
ਮਨ
ਮਨਜੀਤ ਸਿੰਘ ਬੱਧਣ
ਕੋਈ ਆ ਸਮਝਾਵੇ ਮਨ ਨੂੰ, ਇਹ ਆਖੇ ਨਾ ਲੱਗਦਾ।
ਇਹ ਕਦੇ ਬਣੇ ਸੀਤ ਚੰਨ, ਕਦੇ ਸੂਰਜ ਵਾਂਗ ਮਘਦਾ।
ਦਿਨ ਵੇਲੇ ਤੱਕੇ ਤਾਰੇ, ਹੋ ਦੀਵਾ ਤੂਫ਼ਾਨ ਵਿੱਚ ਜਗਦਾ,
ਕੋਈ ਆ ਸਮਝਾਵੇ ਮਨ ਨੂੰ, ਇਹ ਆਖੇ ਨਾ ਲੱਗਦਾ।
ਇਸ ਮਨ ਨੂੰ ਠੱਲਾਂ, ਰੋਕਾਂ, ਮਨਾਵਾਂ ਕਦੇ ਵਰਜ ਰਿਹਾਂ।
ਮਿੰਨਤਾਂ-ਤਰਲੇ ਕੀਤੇ, ਹਾੜੇ ਕੱਢਾਂ, ਕਰ ਅਰਜ਼ ਰਿਹਾਂ।
ਚਿਣਗ ਦਾ ਸਤਾਇਆ, ਫੜਨ ਜਾਵੇ ਭਬੂਕਾ ਅੱਗ ਦਾ,
ਕੋਈ ਆ ਸਮਝਾਵੇ ਮਨ ਨੂੰ, ਇਹ ਆਖੇ ਨਾ ਲੱਗਦਾ।
ਦੁਨੀਆਂ ਰੰਗ-ਬਰੰਗੀ, ਨਾ ਸਾਰੀ ਮਾੜੀ ਨਾ ਵਾਲ੍ਹੀ ਚੰਗੀ।
ਲੱਗਿਆ ਫਿਰੇ ਦੁਨੀਆਂ ਮਗਰੇ, ਜਾਨ ਮੇਰੀ ਸੂਲੀ ਟੰਗੀ।
ਬੇ-ਸਮਝੇ ਨਾਲ ਕਰ ਮਿੱਠੀਆਂ ਗੱਲਾਂ, ਹਰ ਕੋਈ ਠੱਗਦਾ,
ਕੋਈ ਆ ਸਮਝਾਵੇ ਮਨ ਨੂੰ, ਇਹ ਆਖੇ ਨਾ ਲੱਗਦਾ।
ਮਨਾ! ਜੱਗ ਵਿੱਚ ਅੱਜ ਹਾਂ, ਪਤਾ ਨਹੀਂ ਕਿੱਥੇ ਕੱਲ੍ਹ ਹੋਣਾ।
ਤੁਰ ਵੰਞਣਾ ਇੱਕ ਵਾਰ, ਕੋਈ ਸੁਨੇਹਾ ਵੀ ਨਾ ਘੱਲ ਹੋਣਾ।
ਅਗਲੇ ਪਲ ਭੁੱਲ ਵੰਞਣਾ, ਬਣਿਆ ਦਾਸ ਜਿਸ ਜੱਗ ਦਾ,
ਇਹ ਅੱਥਰਾ ਮਨ ਮਨਜੀਤ ਦਾ, ਆਖੇ ਨਾ ਲੱਗਦਾ।
* * *
ਬਹੁਤ ਕੁਝ ਹੈ ਬਚਿਆ
ਅਮਰਜੀਤ ਟਾਂਡਾ
ਬਹੁਤ ਕੁਝ ਹੈ ਬਚਿਆ
ਅਜੇ ਜਿਉਣ ਲਈ
ਪੈਰਾਂ ਵਿੱਚ
ਜੇ ਬੇੜੀਆਂ ਹਨ
ਤਾਂ ਨਿੱਕੇ ਨਿੱਕੇ ਕਦਮ ਵਧਾ
ਲੱਭ ਸਕਦੀ ਹੈ ਮੰਜ਼ਿਲ
ਰੁੱਖ ਹੇਠ
ਪਲ਼ ਭਰ ਸਾਹ ਲੈਣ ਲੱਗਿਆਂ
ਸ਼ਬਦ ਭਾਲ
ਬਾਬੇ ਨਾਨਕ ਦੇ
ਮੱਥੇ ਵਿੱਚ
ਜੇ ਗੁਰੂ ਗੋਬਿੰਦ ਸਿੰਘ ਵਰਗਾ
ਨਿਸ਼ਚਾ ਹੈ ਤਾਂ
ਕੋਈ ਯੁੱਧ ਨਹੀਂ ਹਰੇਂਗਾ
ਬਚਪਨ ਵਰਗੀ
ਜੇ ਰੀਝ ਹੋਈ
ਨੀਹਾਂ ਵਿੱਚ ਖੜ੍ਹਨ ਦੀ
ਤਾਂ ਇਤਿਹਾਸ ਵੀ ਲਿਖ ਦੇਵੇਂਗਾ
ਸਿਰ ਸੀਸ ਵੀ ਬਣ ਸਕਦਾ ਹੈ
ਜੇ ਚਾਅ ਹੋਇਆ ਨੱਚਣ ਦਾ
ਤੇਗ ਦੀ ਧਾਰ ਉੱਤੇ।