ਕਾਲੇ ਕਾਨੂੰਨ ਮੁੜ ਲਾਗੂ ਨਹੀਂ ਹੋਣ ਦਿਆਂਗੇ: ਧਨੇਰ
ਬੀਰਬਲ ਰਿਸ਼ੀ
ਸ਼ੇਰਪੁਰ, 28 ਜਨਵਰੀ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਜਾਨ ਹੁਲਵੇਂ ਤਿੱਖੇ ਸੰਘਰਸ਼ਾਂ ਨਾਲ ਰੱਦ ਕਰਵਾਏ ਕਾਲੇ ਕਾਨੂੰਨ ਮੰਡੀਕਰਨ ਖੇਤੀ ਖਰੜੇ ਦੇ ਰੂਪ ਵਿੱਚ ਮੁੜ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦਿੱਤੇ ਜਾਣਗੇ। ਸ੍ਰੀ ਧਨੇਰ ਅੱਜ ਪਿੰਡ ਰਾਮਨਗਰ ਛੰਨਾਂ ਵਿੱਚ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾਂ ਦੀ ਅਗਵਾਈ ਹੇਠ ਪਾਰਟੀ ਦੀ ਕੀਤੀ ਵਿਸਥਾਰੀ ਮੀਟਿੰਗ ’ਚ ਜੁੜੇ ਜਥੇਬੰਦੀ ਦੇ ਆਗੂ ਤੇ ਸਰਗਰਮ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਸਰਕਾਰੀ ਮੰਡੀਆਂ ਦੇ ਬਰਾਬਰ ਪ੍ਰਾਈਵੇਟ ਮੰਡੀਆਂ ਬਣਾਉਣਾ ਜਿਵੇਂ ਕਿ ਸੈਲੋਜ, ਕੋਲਡ ਸਟੋਰ, ਵੇਅਰਹਾਊਸ ਦੇ ਗੁਦਾਮ ਇਥੋਂ ਤੱਕ ਕਿ ਖੇਤ ਨੂੰ ਮੰਡੀਆਂ ਘੋਸ਼ਿਤ ਕਰਨਾ ਆਦਿ ਖ਼ਤਰਨਾਕ ਰੁਝਾਨ ਹੈ ਅਤੇ ਇਹ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੀਆਂ ਨੀਤੀਆਂ ਤਹਿਤ ਸਰਕਾਰੀ ਮੰਡੀਆਂ ਨੂੰ ਖਤਮ ਕਰਕੇ ਕਿਸਾਨਾਂ ਦੀ ਜਿਣਸ ਦੀ ਵੱਡੀ ਪੱਧਰ ’ਤੇ ਲੁੱਟ ਕਰਕੇ ਆਰਥਿਕਤਾ ਨੂੰ ਕਮਜ਼ੋਰ ਕਰ ਕੇ ਜ਼ਮੀਨਾਂ ’ਤੇ ਕਾਰਪੋਰੇਟਾ ਦੇ ਹਵਾਲੇ ਕਰਨਾ ਹੈ। ਇਹ ਨੀਤੀਆਂ ਲਾਗੂ ਹੋਣ ਨਾਲ ਇਕੱਲੇ ਕਿਸਾਨਾਂ ’ਤੇ ਹੀ ਮਾਰੂ ਸਾਬਤ ਹੋਣਗੇ ਸਗੋਂ ਹਰ ਤਰ੍ਹਾਂ ਦੀ ਲੇਬਰ ਉਹ ਭਾਵੇਂ ਮੰਡੀਆਂ ਵਿੱਚ ਟਰਾਲੀ ਦੀ ਲੁਕਾਈ ਤੋਂ ਲੈ ਕੇ ਟਰੱਕਾਂ ’ਤੇ ਲੋਡ ਕਰਨ ਉਸ ਤੋਂ ਅੱਗੇ ਗੁਦਾਮਾਂ ਤੱਕ ਪਹੁੰਚਣ ਤੱਕ ਸਾਰੀ ਲੇਬਰ ਦਾ ਉਜਾੜਾ ਕੀਤਾ ਜਾਵੇਗਾ। ਆਗੂ ਵਰਕਰਾਂ ਦੇ ਇਕੱਠ ਨੂੰ ਸੀਨੀਅਰ ਆਗੂ ਸੁਖਦੇਵ ਘਰਾਚੋਂ, ਜ਼ਿਲ੍ਹਾ ਕਮੇਟੀ ਮੈਂਬਰ ਮਹਿੰਦਰ ਸਿੰਘ ਮਾਝੀ, ਦਰਸ਼ਨ ਸਿੰਘ ਕਾਤਰੋਂ, ਸੱਤਾ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਰਣਜੀਤ ਸਿੰਘ ਖਹਿਰਾ ਨੂੰ ਇਕਾਈ ਪ੍ਰਧਾਨ ਚੁਣਿਆ
ਇਸੇ ਦੌਰਾਨ ਪਿੰਡ ਰਾਮਨਗਰ ਛੰਨਾਂ ਇਕਾਈ ਦੀ 21 ਮੈਂਬਰੀ ਕਮੇਟੀ ਕਾਇਮ ਕੀਤੀ ਗਈ ਜਿਸ ਤਹਿਤ ਪ੍ਰਧਾਨ ਰਣਜੀਤ ਸਿੰਘ ਖਹਿਰਾ, ਮੀਤ ਪ੍ਰਧਾਨ ਗਗਨਦੀਪ ਸਿੰਘ, ਵਿੱਤ ਸਕੱਤਰ ਇਕਬਾਲ ਸਿੰਘ, ਸਹਾਇਕ ਖਜਾਨਚੀ ਕੇਵਲ ਸਿੰਘ ਭੱਠਲ, ਮੀਤ ਪ੍ਰਧਾਨ ਜਗਤਾਰ ਸਿੰਘ ਚਹਿਲ, ਜਰਨਲ ਸਕੱਤਰ ਜੋਗਾ ਸਿੰਘ ਗਰੇਵਾਲ, ਪ੍ਰੈੱਸ ਸਕੱਤਰ ਕੁਲਵੀਰ ਸਿੰਘ ਆਦਿ ਅਹੁਦੇਦਾਰ ਚੁਣੇ ਗਏ।