ਕਾਲਜ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 4 ਮਾਰਚ
ਇੱਥੇ ਬੀਬੀਕੇ ਡੀਏਵੀ ਕਾਲਜ ਫਾਰ ਵਿਮੈਨ ਵਿੱਚ ਪੁਲੀਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਸਮਾਗਮ ’ਚ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ (ਆਈ.ਪੀ.ਐਸ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਜੀਵਨ ਦਾ ਜਨੂੰਨ ਸਮਾਜ ਸੇਵਾ, ਸਿੱਖਿਆ ਅਤੇ ਪਰਿਵਾਰਕ ਬੰਧਨਾਂ ਨੂੰ ਸੰਭਾਲਣ ਵਰਗੀ ਨੇਕ ਚੀਜ਼ ਵਿੱਚ ਹੈ, ਨਸ਼ਿਆਂ ਵਿੱਚ ਨਹੀਂ। ਸਾਡਾ ਸਰੀਰ ਇੱਕ ਮੰਦਰ ਹੈ ਜਿਸ ਦਾ ਪਾਲਣ-ਪੋਸ਼ਣ ਕੀਤਾ ਜਾਣਾ ਚਾਹੀਦਾ ਹੈ, ਤਬਾਹ ਨਹੀਂ ਕੀਤਾ ਜਾਣਾ ਚਾਹੀਦਾ। ਗੁਰਪ੍ਰੀਤ ਸਿੰਘ ਭੁੱਲਰ ਨੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਰੋਕਣ ਲਈ ਕਾਨੂੰਨ ਲਾਗੂ ਕਰਨ ਅਤੇ ਸਮਾਜ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਾਗਰੂਕਤਾ ਅਤੇ ਸਵੈ-ਅਨੁਸਾਸ਼ਨ ਨਸ਼ੇ ਦੀ ਆਦਤ ਨਾਲ ਲੜਨ ਲਈ ਸਭ ਤੋਂ ਮਜ਼ਬੂਤ ਸਾਧਨ ਹਨ।
ਸੁਖਵਿੰਦਰ ਸਿੰਘ ਜੇਠੂਵਾਲ ਨੇ ਨਸ਼ੇ ਦੀ ਦੁਰਵਰਤੋਂ ਦੇ ਮਨੋਵਿਗਿਆਨਕ ਪ੍ਰਭਾਵ ਅਤੇ ਲਚਕੀਲੇਪਣ ਦੀ ਮਹੱਤਤਾ ਬਾਰੇ ਚਰਚਾ ਕੀਤੀ। ਏ.ਡੀ.ਸੀ.ਪੀ ਹਰਕਮਲ ਕੌਰ ਨੇ ਨਸ਼ੇ ਦੀ ਦੁਰਵਰਤੋਂ ਨਾਲ ਨਜਿੱਠਣ ਵਿੱਚ ਸਮਾਜ ਦੀ ਸਮੂਹਿਕ ਜ਼ਿੰਮੇਵਾਰੀ ’ਤੇ ਜ਼ੋਰ ਦਿੱਤਾ। ਇਸ ਤੋਂ ਬਾਅਦ ਡਾ. ਮਨਕਰਨਪ੍ਰੀਤ ਕੌਰ, ਐੱਮ.ਬੀ.ਬੀ.ਐੱਸ, ਐੱਮ.ਡੀ ਮਨੋਵਿਗਿਆਨ ਨੇ ਨਸ਼ਿਆਂ ਦੇ ਮਾੜੇ ਅਸਰ ਬਾਰੇ ਜਾਗਰੂਕ ਕੀਤਾ। ਗੁਰਪ੍ਰਤਾਪ ਸਿੰਘ ਨੇ ਨਸ਼ੇ ’ਤੇ ਕਾਬੂ ਪਾਉਣ ਦੀ ਆਪਣੀ ਕਹਾਣੀ ਸਾਂਝੀ ਕੀਤੀ। ਸੈਮੀਨਾਰ ਦੌਰਾਨ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਦੁਆਰਾ ਵਿਅਕਤੀਆਂ ਅਤੇ ਪਰਿਵਾਰਾਂ `ਤੇ ਨਸ਼ੇ ਦੀ ਬੁਰਿਆਈ ਦੇ ਵਿਨਾਸ਼ਕਾਰੀ ਪ੍ਰਭਾਵਾਂ ਨੂੰ ਦਰਸਾਉਂਦਾ ਸਟੇਜ ਡਰਾਮਾ ਪੇਸ਼ ਕੀਤਾ ਗਿਆ। ਸੁਦਰਸ਼ਨ ਕਪੂਰ ਚੇਅਰਪਰਸਨ ਸਥਾਨਕ ਪ੍ਰਬੰਧਕ ਕਮੇਟੀ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਤਰਜਿੰਦਰ ਕੌਰ, ਇੰਸਪੈਕਟਰ ਸਾਂਝ ਕੇਂਦਰ ਸਹਿਤ ਕਾਲਜ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਇਸ ਸੈਮੀਨਾਰ ਵਿੱਚ ਹਿੱਸਾ ਲਿਆ।