ਗੁਰਿੰਦਰ ਸਿੰਘਲੁਧਿਆਣਾ, 30 ਨਵੰਬਰਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਕਾਰੋਬਾਰ ਦੇ ਮਾਮਲੇ ਵਿੱਚ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਇੱਕ ਔਰਤ ਸਮੇਤ 16 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।ਥਾਣਾ ਜੋਧੇਵਾਲ ਦੀ ਪੁਲੀਸ ਨੂੰ ਮਾਲ ਰੋਡ ਵਾਸੀ ਪ੍ਰਵੀਨ ਕੁਮਾਰ ਨੇ ਦੱਸਿਆ ਹੈ ਕਿ ਉਸਦੇ ਲੜਕੇ ਦੀ ਫਰਮ ਪਾਸੋਂ ਰਾਕੇਸ਼ ਕੁਮਾਰ ਗੋਇਲ, ਨਿਧੀ ਗੋਇਲ, ਮੈਨੇਜਰ ਰਿਸ਼ੀ ਅਤੇ ਸਟੋਰ ਇੰਚਾਰਜ ਸੁਲਤਾਨ ਨੇ ਕੁੱਲ 12 ਲੱਖ 59 ਹਜ਼ਾਰ 522 ਰੁਪਏ ਦਾ ਹੌਜ਼ਰੀ ਮਾਲ ਲਿਆ ਸੀ ਪਰ ਮਾਲ ਦੇ ਪੈਸੇ ਨਾ ਅਦਾ ਕਰ ਕੇ ਉਸ ਨਾਲ ਧੋਖਾਧੜੀ ਕੀਤੀ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲੀਸ ਨੂੰ ਬਾਗ ਵਾਲੀ ਗਲੀ ਵਾਸੀ ਨਰੇਸ਼ ਕੁਮਾਰ ਨੇ ਦੱਸਿਆ ਹੈ ਕਿ ਗੋਬਿੰਦ ਉਰਫ਼ ਵਾਸੂ, ਕਮਲੇਸ਼, ਪ੍ਰਕਾਸ਼, ਰਾਘਵ ਕਰੀਮ ਇੰਟਰਪ੍ਰਾਈਜਜ, ਯੋਗੇਸ਼ ਅਤੇ ਮੋਹਨ ਭਾਈ ਨੇ ਹਮਮਸ਼ਵਰਾ ਹੋ ਕੇ ਉਸਤੋਂ ਇਨਵੈਸਟਮੈਂਟ ਦੇ ਨਾਮ ਤੇ ਵਧੀਆ ਮੁਨਾਫ਼ਾ ਕਮਾਉਣ ਦਾ ਝਾਂਸਾ ਦੇ ਕੇ ਉਸ ਪਾਸੋਂ 88 ਲੱਖ 14 ਹਜ਼ਾਰ 500 ਰੁਪਏ ਹਾਸਲ ਕਰ ਕੇ ਉਸ ਨਾਲ ਧੋਖਾਧੜੀ ਕੀਤੀ ਹੈ। ਥਾਣੇਦਾਰ ਧਰਮਵੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ।ਇੱਕ ਹੋਰ ਮਾਮਲੇ ਵਿੱਚ ਥਾਣਾ ਪੀਏਯੂ ਦੀ ਪੁਲੀਸ ਨੂੰ ਮੇਹਰ ਸਿੰਘ ਨਗਰ ਹੈਬੋਵਾਲ ਖੁਰਦ ਵਾਸੀ ਕੁਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਪਿੰਡ ਬਾਜੜਾ ਵਾਸੀ ਸੁਖਵਿੰਦਰ ਸਿੰਘ ਨੇ ਉਨ੍ਹਾਂ ਨੂੰ ਕਾਰਾਂ ਦੇ ਕਾਰੋਬਾਰ ਵਿੱਚ ਪੈਸਾ ਇਨਵੈਸਟ ਕਰਨ ਲਈ ਕਹਿਕੇ 63 ਲੱਖ ਰੁਪਏ ਹਾਸਲ ਕੀਤੇ ਸਨ ਪਰ ਦੋਹਾਂ ਨੂੰ ਕੋਈ ਮੁਨਾਫ਼ਾ ਨਹੀਂ ਦਿੱਤਾ ਅਤੇ ਨਾ ਹੀ ਪੈਸੇ ਵਾਪਿਸ ਕੀਤੇ। ਇਸੇ ਤਰ੍ਹਾਂ ਥਾਣਾ ਮੋਤੀ ਨਗਰ ਦੀ ਪੁਲੀਸ ਨੂੰ ਇੰਡਸਟਰੀਅਲ ਏਰੀਆ- ਏ ਵਾਸੀ ਅਸ਼ੋਕ ਜਿੰਦਲ ਨੇ ਦੱਸਿਆ ਹੈ ਕਿ ਪਿਊਸ਼ ਅਹੂਜਾ, ਅਦਿਤਿਆ ਚੱਕਰਵਤੀ, ਪਵਨ ਕੁਮਾਰ ਬੱਲੁਸੂ, ਯੋਰਾਮਤੀ ਵੈਂਕਟਾ ਭਰਤ, ਰਜਿੰਦਰ ਕੁਮਾਰ ਵਾਸੀ ਪਿੰਡ ਭਰੋਟ ਜ਼ਿਲ੍ਹਾ ਕੈਥਲ ਅਤੇ ਰਾਕੇਸ਼ ਕੁਮਾਰ ਵਾਸੀ ਅਮਰਗੜਕਾਮਰੀ, ਕੈਥਲ ਨੇ ਉਸਨੂੰ ਆਪਣੇ ਝਾਂਸੇ ਵਿੱਚ ਲੈ ਕੇ ਆਪਣਾ ਪ੍ਰੋਡਕਟ ਕੁੱਝ ਰਾਜਾਂ ਵਿੱਚ ਵੇਚਣ ਲਈ ਮੇਨ ਹੈਡ ਬਣਾ ਕੇ ਕੰਪਨੀ ਦਾ ਮਾਸਟਰ ਡੀਪੂ ਬਣਾ ਲਿਆ ਅਤੇ ਉਸ ਪਾਸੋਂ 75 ਲੱਖ ਰੁਪਏ ਬਤੌਰ ਸਿਕਓਰਟੀ ਲੈ ਕੇ ਨਾ ਤਾਂ ਕੰਪਨੀ ਖੋਲ ਕੇ ਦਿੱਤੀ ਅਤੇ ਨਾ ਹੀ ਪੈਸੇ ਵਾਪਿਸ ਕੀਤੇ। ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।