ਕਾਰਲਸਨ ਨੇ ਜਿੱਤਿਆ ਨਾਰਵੇ ਸ਼ਤਰੰਜ ਟੂਰਨਾਮੈਂਟ
ਸਟਾਵੇਂਜਰ (ਨਾਰਵੇ): ਵਿਸ਼ਵ ਚੈਂਪੀਅਨ ਡੀ. ਗੁਕੇਸ਼ ਆਖਰੀ ਗੇੜ ਵਿੱਚ ਅਮਰੀਕੀ ਗਰੈਂਡਮਾਸਟਰ ਫੈਬੀਆਨੋ ਕਾਰੂਆਨਾ ਹੱਥੋਂ ਹਾਰਨ ਤੋਂ ਬਾਅਦ ਨਾਰਵੇ ਸ਼ਤਰੰਜ ਟੂਰਨਾਮੈਂਟ ਵਿੱਚ ਤੀਜੇ ਸਥਾਨ ’ਤੇ ਰਿਹਾ, ਜਦਕਿ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਇੱਥੇ ਰਿਕਾਰਡ ਸੱਤਵਾਂ ਖਿਤਾਬ ਜਿੱਤ ਲਿਆ ਹੈ। ਗੁਕੇਸ਼ ਨੇ 2018 ਦੇ ਨਾਰਵੇ ਸ਼ਤਰੰਜ ਚੈਂਪੀਅਨ ਕਾਰੂਆਨਾ ਖ਼ਿਲਾਫ਼ ਸਮੇਂ ਦੇ ਦਬਾਅ ਹੇਠ ਵੱਡੀ ਗਲਤੀ ਕੀਤੀ ਅਤੇ ਜਦੋਂ ਉਸ ਨੂੰ ਇਸ ਦਾ ਅਹਿਸਾਸ ਹੋਇਆ, ਉਦੋਂ ਤੱਕ ਮੌਕਾ ਹੱਥੋਂ ਨਿਕਲ ਚੁੱਕਾ ਸੀ। ਮੌਜੂਦਾ ਚੈਂਪੀਅਨ ਕਾਰਲਸਨ ਨੇ 10ਵੇਂ ਗੇੜ ਵਿੱਚ ਭਾਰਤ ਦੇ ਅਰਜੁਨ ਏਰੀਗੈਸੀ ਖ਼ਿਲਾਫ਼ ਮੁੱਖ ਬਾਜ਼ੀ ਡਰਾਅ ਖੇਡੀ ਅਤੇ 16 ਅੰਕਾਂ ਨਾਲ ਖਿਤਾਬ ’ਤੇ ਮੋਹਰ ਲਗਾ ਦਿੱਤੀ। ਕਾਰੂਆਨਾ 15.5 ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ। ਗੁਕੇਸ਼ 14.5 ਅੰਕਾਂ ਨਾਲ ਤੀਜੇ, ਜਦਕਿ ਏਰੀਗੈਸੀ 13 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਰਿਹਾ। ਏਰੀਗੈਸੀ ਨੇ ਕਾਰਲਸਨ ਖ਼ਿਲਾਫ਼ ਆਰਮਾਗੈਡਨ ਟਾਈ-ਬ੍ਰੇਕ ਜਿੱਤਿਆ ਪਰ ਅੰਤ ਵਿੱਚ ਇਸ ਦਾ ਕੋਈ ਫ਼ਰਕ ਨਹੀਂ ਪਿਆ। ਮਹਿਲਾ ਵਰਗ ਵਿੱਚ ਯੂਕਰੇਨ ਦੀ ਐਨਾ ਮੁਜ਼ੀਚੁਕ ਫਾਈਨਲ ਗੇੜ ਵਿੱਚ ਆਰਮਾਗੈਡਨ ਟਾਈ-ਬ੍ਰੇਕ ’ਚ ਭਾਰਤ ਦੀ ਆਰ ਵੈਸ਼ਾਲੀ ਤੋਂ ਹਾਰਨ ਦੇ ਬਾਵਜੂਦ 16.5 ਅੰਕਾਂ ਨਾਲ ਖਿਤਾਬ ਜਿੱਤਣ ਵਿੱਚ ਕਾਮਯਾਬ ਰਹੀ। ਭਾਰਤ ਦੀ ਕੋਨੇਰੂ ਹੰਪੀ 15 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ। -ਪੀਟੀਆਈ