ਕਾਰਜਕਾਰੀ ਇੰਜਨੀਅਰ ਤੇ ਨਿੱਜੀ ਠੇਕੇਦਾਰ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੂਨ
ਦਿੱਲੀ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ (ਏਸੀਬੀ) ਨੇ ਸਿੰਜਾਈ ਅਤੇ ਹੜ੍ਹ ਕੰਟਰੋਲ ਵਿਭਾਗ ਵਿੱਚ ਕਰੋੜਾਂ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਵਿਭਾਗ ਦੇ ਮੁਅੱਤਲ ਕਾਰਜਕਾਰੀ ਇੰਜਨੀਅਰ ਗਗਨ ਕੁਰੇਲ ਅਤੇ ਨਿੱਜੀ ਠੇਕੇਦਾਰ ਅਰੁਣ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ’ਤੇ ਮਿਲ ਕੇ ਸਰਕਾਰੀ ਖਜ਼ਾਨੇ ਵਿੱਚੋਂ 4 ਕਰੋੜ ਰੁਪਏ ਤੋਂ ਵੱਧ ਦੀ ਰਕਮ, ਉਨ੍ਹਾਂ ਕੰਮਾਂ ਲਈ ਕਢਵਾਉਣ ਦਾ ਦੋਸ਼ ਹੈ, ਜੋ ਕਦੇ ਜ਼ਮੀਨ ’ਤੇ ਨਹੀਂ ਕੀਤੇ ਗਏ ਸਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉੱਤਰੀ ਦਿੱਲੀ ਦੇ ਸਿਰਸਪੁਰ ਪਿੰਡ ਵਿੱਚ ਦੋਵੇਂ ਪਾਸੇ ਆਰਸੀਸੀ ਨਾਲੀਆਂ ਅਤੇ ਸੜਕਾਂ ਬਣਾਉਣ ਦੇ ਨਾਮ ’ਤੇ ਬਾਬਾ ਕੰਸਟਰੱਕਸ਼ਨ ਕੰਪਨੀ ਨੂੰ ਲਗਪਗ 5.3 ਕਰੋੜ ਰੁਪਏ ਦੇ ਤਿੰਨ ਟੈਂਡਰ ਦਿੱਤੇ ਗਏ ਸਨ। ਇਸ ਦੌਰਾਨ ਮੌਕੇ ’ਤੇ ਕੋਈ ਨਿਰਮਾਣ ਕੰਮ ਨਹੀਂ ਮਿਲਿਆ ਫਿਰ ਵੀ ਠੇਕੇਦਾਰ ਨੂੰ 4.2 ਕਰੋੜ ਰੁਪਏ ਜਾਰੀ ਕੀਤੇ ਗਏ। ਇਸੇ ਤਰ੍ਹਾਂ ਅੰਬਾ ਕੰਸਟਰੱਕਸ਼ਨ ਕੰਪਨੀ ਨੂੰ ਬੁਰਾੜੀ ਵਿੱਚ ਸਥਿਤ ਸੀਟੀਪੀ ਨੈੱਟਵਰਕ ਦੀ ਮੁਰੰਮਤ ਅਤੇ ਪੇਂਟਿੰਗ ਲਈ 38.98 ਲੱਖ ਰੁਪਏ ਦਾ ਠੇਕਾ ਮਿਲਿਆ ਪਰ ਸਾਈਟ ’ਤੇ ਕੋਈ ਕੰਮ ਨਹੀਂ ਕੀਤਾ ਗਿਆ। ਇਸ ਦੇ ਬਾਵਜੂਦ 43.74 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ। ਏਸੀਬੀ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਠੇਕੇਦਾਰਾਂ ਨੇ 2.24 ਕਰੋੜ ਰੁਪਏ ਦੀਆਂ ਜਾਅਲੀ ਬੈਂਕ ਗਾਰੰਟੀਆਂ ਜਮ੍ਹਾਂ ਕਰਵਾਈਆਂ ਸਨ ਜੋ ਕਿ ਅਸਲੀ ਨਹੀਂ ਸਗੋਂ ਰੰਗੀਨ ਫੋਟੋ ਕਾਪੀਆਂ ਸਨ। ਜਾਂਚ ਦੌਰਾਨ ਸਬੰਧਤ ਇੰਜਨੀਅਰ ਨੇ ਸਵਾਲਾਂ ਦੇ ਜਵਾਬ ਦੇਣ ਤੋਂ ਬਚਣ ਦੀ ਕੋਸ਼ਿਸ਼ ਕੀਤੀ ਅਤੇ ਮਹੱਤਵਪੂਰਨ ਦਸਤਾਵੇਜ਼ ਵੀ ਗੁੰਮ ਪਾਏ ਗਏ। ਮਗਰੋਂ ਐੱਫਆਈਆਰ ਦਰਜ ਕੀਤੀ ਗਈ।