ਕਾਰਗਿਲ ਜੰਗ ਦੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰੇਗੀ ਭਾਰਤੀ ਫੌਜ
ਅਜੈ ਬੈਨਰਜੀ
ਨਵੀਂ ਦਿੱਲੀ, 9 ਜੂਨ
ਇਸ ਸਾਲ ਕਾਰਗਿਲ ਜੰਗ ਦੀ ਯਾਦ ਵਿੱਚ ਇਕ ਨਵੀਂ ਤਰ੍ਹਾਂ ਦਾ ਪ੍ਰੋਗਰਾਮ ਹੋਵੇਗਾ। ਭਾਰਤੀ ਫੌਜ ਆਪਣੇ ਪ੍ਰਤੀਨਿਧਾਂ ਨੂੰ ਉਨ੍ਹਾਂ 545 ਫੌਜੀ ਅਧਿਕਾਰੀਆਂ ਅਤੇ ਜਵਾਨਾਂ ਦੇ ਘਰ ਭੇਜੇਗੀ, ਜਿਨ੍ਹਾਂ ਨੇ ਇਸ ਜੰਗ ਦੌਰਾਨ ਆਪਣੀਆਂ ਜਾਨਾਂ ਗੁਆਈਆਂ ਸਨ। ਫੌਜ ਵੱਲੋਂ ਇਸ ਜੰਗ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ ਜਾਵੇਗਾ। ਮਈ ਤੋਂ ਜੁਲਾਈ 1999 ਤੱਕ ਕਾਰਗਿਲ ਜੰਗ ਵਿੱਚ ਸ਼ਹੀਦ ਹੋਏ ਇਨ੍ਹਾਂ 545 ਫੌਜੀ ਅਧਿਕਾਰੀਆਂ ਤੇ ਜਵਾਨਾਂ ਦੇ ਪਰਿਵਾਰ ਪੰਜਾਬ ਸਣੇ ਦੇਸ਼ ਦੇ 25 ਸੂਬਿਆਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਹਿੰਦੇ ਹਨ।
ਸੂਤਰਾਂ ਨੇ ਦੱਸਿਆ ਕਿ ਆਪਣੇ ਆਪ ਵਿੱਚ ਇਸ ਤਰ੍ਹਾਂ ਦਾ ਇਹ ਪਹਿਲਾ ਪ੍ਰੋਗਰਾਮ ਇਸ ਹਫ਼ਤੇ ਸ਼ੁਰੂ ਹੋਵੇਗਾ ਅਤੇ ਇਹ ਸਨਮਾਨ ਸਮਾਰੋਹ ਜੰਗ ਦੇ ਨਾਇਕਾਂ ਦੀਆਂ ਰਿਹਾਇਸ਼ਾਂ ਵਿਖੇ ਕਰਵਾਇਆ ਜਾਵੇਗਾ। ਫੌਜ ਦੀਆਂ ਟੀਮਾਂ ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਇਲਾਵਾ ਨੇਪਾਲ ਵੀ ਜਾਣਗੀਆਂ, ਕਿਉਂਕਿ ਭਾਰਤੀ ਫੌਜ ਦੀ ਗੋਰਖਾ ਰੈਜੀਮੈਂਟ ਦੇ ਵੱਡੀ ਗਿਣਤੀ ਫੌਜੀ ਗੁਆਂਢੀ ਮੁਲਕ ਤੋਂ ਆਉਂਦੇ ਹਨ। ਹਰੇਕ ਟੀਮ ਭਾਰਤੀ ਫੌਜ ਵੱਲੋਂ ਧੰਨਵਾਦ ਪੱਤਰ, ਯਾਦਗਾਰੀ ਚਿੰਨ੍ਹ ਅਤੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਅਧਿਕਾਰਤ ਲਾਭਾਂ ਦੀ ਸੂਚੀ ਲੈ ਕੇ ਆਏਗੀ। ਫੌਜ, ਸ਼ਹੀਦ ਫੌਜੀਆਂ ਦੀ ਵਿਰਾਸਤ ਨੂੰ ਸੰਭਾਲਣ ਲਈ ਉਨ੍ਹਾਂ ਦੀਆਂ ਯਾਦਗਾਰੀ ਵਸਤਾਂ ਵੀ ਇਕੱਤਰ ਕਰੇਗੀ ਅਤੇ ਉਨ੍ਹਾਂ ਨੂੰ ਦਰਾਸ ਸਥਿਤ ਕਾਰਗਿਲ ਜੰਗੀ ਯਾਦਗਾਰ ਵਿੱਚ ਸਨਮਾਨਿਤ ਥਾਂ ਦਿਵਾਏਗੀ।
ਪਾਕਿਸਤਾਨ ਨਾਲ ਹੋਈ ਇਸ ਜੰਗ ਵਿੱਚ ਸ਼ਹੀਦ ਹੋਏ ਸਾਰੇ ਫੌਜੀਆਂ ਨੂੰ ਇਕ ਬਰਾਬਰ ਸਨਮਾਨ ਦਿੱਤਾ ਜਾਵੇਗਾ, ਭਾਵੇਂ ਕਿ ਉਨ੍ਹਾਂ ਨੂੰ ਕੋਈ ਵੀ ਬਹਾਦਰੀ ਪੁਰਸਕਾਰ ਦਿੱਤਾ ਗਿਆ ਹੋਵੇ। ਫੌਜ ਦਾ ਮਕਸਦ ਜੰਗੀ ਨਾਇਕਾਂ ਦੇ ਪਰਿਵਾਰਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਪਤਾ ਲਗਾਉਣਾ ਵੀ ਹੈ। ਸਨਮਾਨ ਸਮਾਰੋਹ ਤੋਂ ਇਲਾਵਾ, ਇਹ ਯਾਦਗਾਰੀ ਸਮਾਰੋਹ ਸਥਾਨਕ ਲੋਕਾਂ ਦੀ ਸ਼ਮੂਲੀਅਤ ਦੇ ਉਦੇਸ਼ ਨਾਲ ਇਕ ਜੀਵੰਤ ਸੁਮੇਲ ਹੋਵੇਗਾ, ਜਿਸ ਵਿੱਚ ਅਹਿਮ ਅਪਰੇਸ਼ਨਾਂ ਅਤੇ ਜੰਗਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਸਾਰੇ ਪ੍ਰੋਗਰਾਮ ਯੋਜਨਾਬੱਧ ਹਨ ਅਤੇ ਪੱਛਮੀ ਲੱਦਾਖ ਦੇ ਇਲਾਕੇ ਨੂੰ ਦਰਸਾਉਂਦੇ ਹਨ ਜਿੱਥੇ ਪਾਕਿਸਤਾਨ ਨਾਲ ਜੰਗ ਹੋਈ ਸੀ। ਇਹ ਪ੍ਰੋਗਰਾਮ 26 ਜੁਲਾਈ ਨੂੰ ਕਾਰਗਿਲ ਜੰਗੀ ਯਾਦਗਾਰੀ ਵਿਖੇ ਫੁੱਲ ਮਾਲਾਵਾਂ ਚੜ੍ਹਾਉਣ ਸਬੰਧੀ ਸਮਾਰੋਹ ਨਾਲ ਸਮਾਪਤ ਹੋਣਗੇ।