ਕਾਮੇਡੀ ਸ਼ੋਅ ਸਦਕਾ ਕਪਿਲ ਸ਼ਰਮਾ ਤੇ ਭਗਵੰਤ ਮਾਨ ਨੂੰ ਪ੍ਰਸਿੱਧੀ ਮਿਲੀ: ਸਿੱਧੂ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਾਮੇਡੀਅਨ ਕਪਿਲ ਸ਼ਰਮਾ ਨਾਲ ਉਸ ਦੇ ਸ਼ੋਅ ਵਿੱਚ ਜੋੜੀ ਬਣਾਉਣ ਤੋਂ ਪਹਿਲਾਂ ਵੀਡੀਓ ਜਾਰੀ ਕਰਕੇ ਕਈ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ। ਯੂ-ਟਿਊਬ ਚੈਨਲ ’ਤੇ ਅੱਪਲੋਡ ਕੀਤੇ ਵੀਡੀਓ ਵਿੱਚ ਸਿੱਧੂ ਨੇ ਕਿਹਾ ਹੈ ਕਿ ਸਲਮਾਨ ਖ਼ਾਨ ਦੇ ਸ਼ੋਅ ‘ਬਿਗ ਬੌਸ’ ਨੂੰ ਉਸ ਨੇ ਟੀਆਰਪੀ ਦਿਵਾਈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਮੇਡੀ ਸ਼ੋਆਂ ਕਰਕੇ ਹੀ ਕਪਿਲ ਸ਼ਰਮਾ ਤੇ ਭਗਵੰਤ ਮਾਨ ਵਰਗੇ ਕਲਾਕਾਰਾਂ ਨੂੰ ਪ੍ਰਸਿੱਧੀ ਮਿਲੀ। ਸਿੱਧੂ ਨੇ ਦੱਸਿਆ ਕਲਰਜ਼ ਚੈਨਲ ਦੇ ਸਾਬਕਾ ਸੀਈਓ ਰਾਜ ਨਾਇਕ ਉਸ ਨਾਲ ਬਹੁਤ ਖ਼ੁਸ਼ ਸਨ। ਉਨ੍ਹਾਂ ਕਪਿਲ ਸ਼ਰਮਾ ਨੂੰ ਆਜ਼ਾਦ ਸ਼ੋਅ ਦੇਣ ਤੋਂ ਪਹਿਲਾਂ ਸ਼ਰਤ ਰੱਖੀ ਸੀ ਕਿ ਜੇ ਸ਼ੋਅ ਵਿੱਚ ਸਿੱਧੂ ਜੱਜ ਬਣੇਗਾ ਤਾਂ ਹੀ ਉਹ ਸ਼ੋਅ ਕਪਿਲ ਸ਼ਰਮਾ ਨੂੰ ਮਿਲੇਗਾ। ਜਦੋਂ ਕਪਿਲ ਨੇ ਉਸ ਨੂੰ ਇਹ ਗੱਲ ਦੱਸੀ ਤਾਂ ਉਹ ਮੰਨ ਗਿਆ। ਜ਼ਿਕਰਯੋਗ ਹੈ ਕਿ ਸਿੱਧੂ ਦੀ ਲਗਪਗ 6 ਸਾਲ ਬਾਅਦ ਕਪਿਲ ਸ਼ਰਮਾ ਸ਼ੋਅ ਵਿੱਚ ਵਾਪਸੀ ਹੋ ਰਹੀ ਹੈ। ਸਿੱਧੂ ਨੇ ਦੱਸਿਆ ਕਿ ਜਦੋਂ ਉਹ 2004 ਵਿੱਚ ਸੰਸਦ ਮੈਂਬਰ ਬਣਿਆ ਤਾਂ ਦੀਪਕ ਧਰ ਸ਼ੋਅ ਦਾ ਨਾਮ ‘ਦਿ ਗ੍ਰੇਟ ਇੰਡੀਅਨ ਕਾਮੇਡੀ ਚੈਲੰਜ’ ਰੱਖਣਾ ਚਾਹੁੰਦੇ ਸਨ। ਤਦ ਉਸ ਨੇ ਸ਼ੋਅ ਦਾ ਨਾਮ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੰਜ’ ਸੁਝਾਇਆ। 2005 ਵਿੱਚ ਸ਼ੋਅ ਦਾ ਪਹਿਲਾ ਸੀਜ਼ਨ ਆਇਆ, ਜਿਸ ’ਚ ਭਗਵੰਤ ਮਾਨ ਤੋਂ ਇਲਾਵਾ ਅਹਿਸਾਨ ਕੁਰੈਸ਼ੀ, ਸੁਨੀਲ ਪਾਲ, ਰਾਜੂ ਸ੍ਰੀਵਾਸਤਵ ਵਰਗੇ ਨਾਮ ਉੱਭਰੇ ਤੇ ਭਗਵੰਤ ਮਾਨ ਨੂੰ ਪ੍ਰਸਿੱਧੀ ਮਿਲੀ।