ਕਾਨ ਫਿਲਮ ਮੇਲੇ ਦੇ ਉਦਘਾਟਨ ’ਚ ਟਰੰਪ ਖ਼ਿਲਾਫ਼ ਉੱਠੀ ਆਵਾਜ਼
ਕਾਨ:
ਅਮਰੀਕੀ ਅਦਾਕਾਰ ਅਤੇ ਨਿਰਦੇਸ਼ਕ ਰਾਬਰਟ ਡੀ ਨੀਰੋ ਨੇ ਕਾਨ ਫ਼ਿਲਮ ਮੇਲੇ ਵਿੱਚ ਕਿਹਾ ਕਿ ਕਲਾ ਹੀ ਸੱਚ ਹੈ। ਇਹੀ ਕਾਰਨ ਹੈ ਕਿ ਕਲਾ ਦੁਨੀਆ ਦੇ ਤਾਨਾਸ਼ਾਹਾਂ ਅਤੇ ਫਾਸ਼ੀਵਾਦੀਆਂ ਲਈ ਖ਼ਤਰਾ ਹੈ। ਅਮਰੀਕਾ ਤੋਂ ਬਾਹਰ ਬਣੀਆਂ ਫ਼ਿਲਮਾਂ ’ਤੇ ਨਵੇਂ ਟੈਕਸ ਲਗਾਉਣ ਸਬੰਧੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਐਲਾਨ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਅਮਰੀਕਾ ਦੇ ਤਾਨਾਸ਼ਾਹ ਰਾਸ਼ਟਰਪਤੀ ਨੇ ਆਪਣੇ ਆਪ ਨੂੰ ਪ੍ਰਮੁੱਖ ਸੰਸਕ੍ਰਿਤਕ ਸੰਸਥਾ ਦਾ ਮੁਖੀ ਨਿਯੁਕਤ ਕਰ ਲਿਆ ਹੈ। ਉਨ੍ਹਾਂ ਆਖਿਆ ਕਿ ਰਾਸ਼ਟਰਪਤੀ ਨੇ ਕਲਾ ਅਤੇ ਸਿੱਖਿਆ ਲਈ ਬਜਟ ਵਿੱਚ ਕਟੌਤੀ ਕੀਤੀ ਹੈ। ਹੁਣ ਉਨ੍ਹਾਂ ਅਮਰੀਕਾ ਤੋਂ ਬਾਹਰ ਬਣੀਆਂ ਫ਼ਿਲਮਾਂ ’ਤੇ ਸੌ ਫ਼ੀਸਦ ਟੈਕਸ ਲਾਉਣ ਦਾ ਐਲਾਨ ਕੀਤਾ ਹੈ। ਉਹ ਅਜਿਹਾ ਨਹੀਂ ਕਰ ਸਕਦੇ। ਜ਼ਿਕਰਯੋਗ ਹੈ ਕਿ ਅਦਾਕਾਰ ਰਾਬਰਟ ਡੀ ਨੀਰੋ, ਲਿਓਨਾਰਡੋ ਡੀਕੈਪਰੀਓ ਅਤੇ ਕਵੈਂਟਿਨ ਟੈਰੋਂਟਿਨੋ ਸਣੇ ਸਿਨੇਮਾ ਜਗਤ ਦੀਆਂ ਉੱਘੀਆਂ ਹਸਤੀਆਂ ਫਰੈਂਚ ਰਿਵੇਰਾ ਵਿੱਚ ਲੱਗੇ ਕਾਨ ਫ਼ਿਲਮ ਮਹਾਂਉਤਸਵ ਵਿੱਚ ਸ਼ਾਮਲ ਹੋਈਆਂ, ਜਿਥੇ ਇਸ ਸਮਾਰੋਹ ਦਾ 78ਵਾਂ ਐਡੀਸ਼ਨ ਸ਼ੁਰੂ ਹੋਇਆ। ਅਗਲੇ 12 ਦਿਨਾਂ ਵਿੱਚ ਕਾਨ ਵਿੱਚ ਕਈ ਸਮਾਰੋਹਾਂ ਦੌਰਾਨ ਵੱਖ-ਵੱਖ ਫ਼ਿਲਮਾਂ ਦਿਖਾਈਆਂ ਜਾਣਗੀਆਂ। ਡੀਕੈਪਰੀਓ ਨੇ ‘ਰੈੱਡ ਕਾਰਪੈੱਟ’ ਤੋਂ ਕਿਨਾਰਾ ਕਰ ਲਿਆ ਹੈ ਪਰ ਮੰਗਲਵਾਰ ਨੂੰ ਜਦੋਂ ਉਨ੍ਹਾਂ ਡੀ ਨਾਰੋ ਨੂੰ ‘ਪਾਲਮੇ ਡੀ ਔਰ’ ਪੁਰਸਕਾਰ ਦਿੱਤਾ ਤਾਂ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ। ਇਹ ਉਹ ਪਲ ਸੀ, ਜੋ ਫ਼ਿਲਮਕਾਰ ਮਾਰਟਿਨ ਸਕੌਰਸੇਸ ਨਾਲ ਕੰਮ ਕਰ ਚੁੱਕੇ ਦੋ ਸਿਤਾਰਿਆਂ ਨੂੰ ਨਾਲ ਲੈ ਕੇ ਆਇਆ। ਮਾਰਟਿਨ ਸਕੌਰਸੇਸ ਨੂੰ ‘ਟੈਕਸੀ ਡਰਾਈਵਰ’ ਲਈ 49 ਸਾਲ ਪਹਿਲਾਂ ਇਹ ਪੁਰਸਕਾਰ ਦਿੱਤਾ ਗਿਆ ਸੀ। ਧੰਨਵਾਦ ਕਰਨ ਮਗਰੋਂ ਡੀ ਨੀਰੋ ਅਮਰੀਕੀ ਰਾਸ਼ਟਰਪਤੀ ਟਰੰਪ ਬਾਰੇ ਬੋਲਣ ਲੱਗੇ, ਜਿਨ੍ਹਾਂ ਨੇ ਹੁਣੇ ਜਿਹੇ ਕਿਹਾ ਸੀ ਕਿ ਉਹ ਅਮਰੀਕਾ ਤੋਂ ਬਾਹਰ ਬਣੀਆਂ ਫ਼ਿਲਮਾਂ ’ਤੇ ਨਵੇਂ ਟੈਕਸ ਲਗਾਉਣਗੇ। ਇਸ ਮਗਰੋਂ ਏਮਲੀ ਬੋਨਿਨ ਦੀ ਫਰਾਂਸਿਸੀ ਫ਼ਿਲਮ ‘ਲੀਵ ਵਨ ਡੇਅ’ ਦਿਖਾਈ ਗਈ। ਇਸ ਸਾਲ ਦਾ ਕਾਨ ਫ਼ਿਲਮ ਮਹਾਂਉਤਸਵ ਟਰੰਪ ਵੱਲੋਂ ਅਮਰੀਕਾ ਤੋਂ ਬਾਹਰ ਬਣੀਆਂ ਫ਼ਿਲਮਾਂ ’ਤੇ ਨਵੇਂ ਟੈਕਸ ਲਗਾਉਣ ਦੀ ਘੋਸ਼ਣਾ ਮਗਰੋਂ ਚਰਚਾ ਵਿੱਚ ਹੈ। ਮਹਾਂਉਤਸਵ ਦੌਰਾਨ ਪੁਰਸਕਾਰ ਦੀ ਘੋਸ਼ਣਾ 24 ਮਈ ਨੂੰ ਹੋਵੇਗੀ। -ਏਪੀ