ਕਾਨ ਫਿਲਮ ਮੇਲੇ ’ਚ ਜਾਹਨਵੀ ਕਪੂਰ ਦੀ ‘ਹੋਮਬਾਊਂਡ’ ਦਾ ਪ੍ਰੀਮੀਅਰ ਭਲਕੇ
ਮੁੰਬਈ:
ਬੌਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਕਾਨ ਫਿਲਮ ਮੇਲੇ-2025 ਵਿੱਚ ਸ਼ਿਰਕਤ ਕਰਨ ਲਈ ਕਾਫ਼ੀ ਉਤਸ਼ਾਹਿਤ ਹੈ। ਜਾਹਨਵੀ ਆਪਣੀ ਫਿਲਮ ‘ਹੋਮਬਾਊਂਡ’ ਦੇ ਪ੍ਰੀਮੀਅਰ ਮੌਕੇ ਟੀਮ ਸਣੇ 21 ਮਈ ਨੂੰ ਇਸ ਵੱਕਾਰੀ ਸਮਾਗਮ ’ਚ ਹਿੱਸਾ ਲਵੇਗੀ। ਇਸ ਪ੍ਰੀਮੀਅਰ ਤੋਂ ਪਹਿਲਾਂ ਅਦਾਕਾਰਾ ਨੂੰ ਮੁੰਬਈ ਹਵਾਈ ਅੱਡੇ ’ਤੇ ਦੇਖਿਆ ਗਿਆ। ਅਦਾਕਾਰਾ ਕਾਲੇ ਹਾਈ-ਨੈੱਕ ਟੌਪ ਤੇ ਪੈਂਟ ’ਚ ਕਾਫੀ ਫੱਬ ਰਹੀ ਸੀ। ਅਦਾਕਾਰਾ ਨੇ ਟੌਪ ਦੇ ਉੱਪਰ ਜੈਕੇਟ, ਕਾਲੀਆਂ ਐਨਕਾਂ ਤੇ ਸਟਾਈਲਿਸ਼ ਹੈਂਡਬੈਗ ਨਾਲ ਆਪਣੀ ਦਿੱਖ ਨੂੰ ਹੋਰ ਉਭਾਰਿਆ। ਫ੍ਰੈਂਚ ਰਿਵੇਰਾ ਦੀ ਯਾਤਰਾ ਤੋਂ ਪਹਿਲਾਂ ਜਾਹਨਵੀ ਨੇ ਆਪਣੇ ਦਿਲਕਸ਼ ਅੰਦਾਜ਼ ਨਾਲ ਪ੍ਰਸ਼ੰਸਕਾਂ ਤੇ ਮੀਡੀਆ ਦਾ ਧਿਆਨ ਖੁਦ ਵੱਲ ਖਿੱਚਿਆ। ਇਹ ਸਾਲ ਜਾਹਨਵੀ ਲਈ ਕਾਫੀ ਮਹੱਤਵਪੂਰਨ ਹੈ ਕਿਉਂਕਿ ਉਸ ਦੀ ਨੀਰਜ ਘੇਵਾਨ ਦੁਆਰਾ ਨਿਰਦੇਸ਼ਿਤ ਫਿਲਮ ‘ਹੋਮਬਾਊਂਡ’ ਦਾ ਪ੍ਰੀਮੀਅਰ ਕਾਨ ਫ਼ਿਲਮ ਫੈਸਟੀਵਲ ਵਿੱਚ ਹੋ ਰਿਹਾ ਹੈ। ਫਿਲਮ ਦੀ ਵਿਲੱਖਣ ਕਹਾਣੀ ਅਤੇ ਸ਼ਾਨਦਾਰ ਪ੍ਰਦਰਸ਼ਨ ਦਰਸ਼ਕਾਂ ਦੇ ਮਨੋਰੰਜਨ ਲਈ ਤਿਆਰ ਹੈ। ‘ਹੋਮਬਾਊਂਡ’ ਵਿੱਚ ਜਾਹਨਵੀ ਦੇ ਨਾਲ ਈਸ਼ਾਨ ਖੱਟਰ ਅਤੇ ਵਿਸ਼ਾਲ ਜੇਠਵਾ ਵੀ ਹਨ। ਕਾਨ ਡੈਬਿਊ ਤੋਂ ਪਹਿਲਾਂ, ਫਿਲਮ ਨਿਰਮਾਤਾ ਕਰਨ ਜੌਹਰ ਨੇ ਇੰਸਟਾਗ੍ਰਾਮ ’ਤੇ ਫਿਲਮ ਦਾ ਪਹਿਲਾ ਪੋਸਟਰ ਸਾਂਝਾ ਕੀਤਾ ਤੇ 21 ਮਈ 2025 ਨੂੰ ਕਾਨ ਫਿਲਮ ਫੈਸਟੀਵਲ ਵਿੱਚ ‘ਹੋਮਬਾਊਂਡ’ ਦੇ ਪ੍ਰੀਮੀਅਰ ਬਾਰੇ ਜਾਣਕਾਰੀ ਦਿੱਤੀ ਸੀ। ‘ਹੋਮਬਾਊਂਡ’ ਦਾ ਨਿਰਦੇਸ਼ਨ ਕਰਨ ਜੌਹਰ, ਅਦਰ ਪੂਨਾਵਾਲਾ, ਅਪੂਰਵ ਮਹਿਤਾ ਅਤੇ ਸੋਮੇਨ ਮਿਸ਼ਰਾ ਨੇ ਕੀਤਾ ਹੈ। -ਏਐੱਨਆਈ