ਕਾਨ ਫਿਲਮ ਮੇਲਾ: ਦਰਸ਼ਕਾਂ ਨੇ ‘ਅਰਨਯਰ ਦਿਨ ਰਾਤਰੀ’ ਦਾ ਖੜ੍ਹੇ ਹੋ ਕੇ ਸਵਾਗਤ ਕੀਤਾ
ਨਵੀਂ ਦਿੱਲੀ:
ਸੱਤਿਆਜੀਤ ਰੇਅ ਦੀ ਫਿਲਮ ‘ਅਰਨਯਰ ਦਿਨ ਰਾਤਰੀ’ ਦੇ ‘4ਕੇ’ ਸੰਸਕਰਣ ਦੀ ਕਾਨ ਫਿਲਮ ਫੈਸਟੀਵਲ ਦੀ ਕਲਾਸਿਕ ਸ਼੍ਰੇਣੀ ’ਚ ਸਕਰੀਨਿੰਗ ਹੋਈ, ਜਿਸ ਦੀ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾ ਕੇ ਸ਼ਲਾਘਾ ਕੀਤੀ। ਸਾਲ 1970 ’ਚ ਆਈ ਇਸ ਬੰਗਾਲੀ ਫ਼ਿਲਮ ’ਚ ਸ਼ਾਮਲ ਕਲਾਕਾਰਾਂ ਸ਼ਰਮੀਲਾ ਟੈਗੋਰ ਤੇ ਸਿਮੀ ਗਰੇਵਾਲ ਨੇ ਫਿਲਮ ਦੀ ਸਕਰੀਨਿੰਗ ’ਚ ਹਿੱਸਾ ਲਿਆ। ਗਹਿਣਿਆਂ ਦੀ ਡਿਜ਼ਾਈਨਰ ਅਤੇ ਸ਼ਰਮੀਲਾ ਟੈਗੋਰ ਦੀ ਬੇਟੀ ਸਬਾ ਪਟੌਦੀ ਨੇ ਅੱਜ ਆਪਣੇ ਇੰਸਟਾਗ੍ਰਾਮ ਪੇਜ ’ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਦਰਸ਼ਕ ਖੜ੍ਹੇ ਹੋ ਕੇ ਤਾੜੀਆਂ ਵਜਾਉਂਦੇ ਹੋਏ ਨਜ਼ਰ ਆ ਰਹੇ ਹਨ। ਸਬਾ ਨੇ ਵੀਡੀਓ ਨਾਲ ਲਿਖਿਆ, ‘‘ਕੁਝ ਹੋਰ... ਪਲ।’ ਖੜ੍ਹੇ ਹੋ ਕੇ ਸਵਾਗਤ। ਜ਼ਿੰਦਗੀ ਦਾ ਇੱਕ ਖੂਬਸੂਰਤ ਜਸ਼ਨ। ਟੀਮ ਜਿਸ ਨੇ ਇਸ ਸਭ ਸੰਭਵ ਬਣਾਇਆ। ਵਧਾਈਆਂ।’’ ਸਬਾ ਪਟੌਦੀ ਨੇ ਆਪਣੀ ਮਾਂ, ਸਿਮੀ ਗਰੇਵਾਲ ਅਤੇ ਫ਼ਿਲਮ ਦੇ ਗਾਲਾ ਪੇਸ਼ਕਾਰ ਤੇ ਹੌਲੀਵੁੱਡ ਫ਼ਿਲਮ ਨਿਰਮਾਤਾ ਵੇਸ ਐਂਡਰਸਨ ਜੋ ਸਤਿਆਜੀਤ ਰੇਅ ਦੇ ਪ੍ਰਸ਼ੰਸਕ ਹਨ, ਨਾਲ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਹਨ। ‘ਅਰਨਯਰ ਦਿਨ ਰਾਤਰੀ’ ਦਾ ‘4ਕੇ’ ਸੰਸਕਰਣ ਮਾਰਟਿਨ ਦੀ ਫਿਲਮ ਫਾਊਂਡੇਸ਼ਨ ਵੱਲੋਂ ਪੇਸ਼ ਤੇ ਰੀਸਟੋਰ ਕੀਤਾ ਗਿਆ ਹੈ। ਅੰਗਰੇਜ਼ੀ ਵਿੱਚ ‘ਡੇਅਜ਼ ਐਂਡ ਨਾਈਟਸ ਇਨ ਦਿ ਫਾਰੈਸਟ’ ਟਾਈਟਲ ਇਹ ਫ਼ਿਲਮ ਇਕਲਾਪੇ, ਸਮੂਹ ਤੇ ਆਧੁਨਿਕਤਾ ਦੇ ਵਿਸ਼ਿਆਂ ਨੂੰ ਖੋਜਦੀ ਹੈ। ਇਹ ਚਾਰ ਸ਼ਹਿਰੀ ਵਿਅਕਤੀਆਂ ਦੀ ਕਹਾਣੀ ਹੈ, ਜੋ ਬੇਪ੍ਰਵਾਹ ਤਰੀਕੇ ਨਾਲ ਛੁੱਟੀ ਲਈ ਪਲਾਮੂ (ਹੁਣ ਝਾਰਖੰਡ ’ਚ) ਦੇ ਜੰਗਲਾਂ ਵਿੱਚ ਰਹਿ ਜਾਂਦੇ ਹਨ। ਉਨ੍ਹਾਂ ਦਾ ਮਕਸਦ ਕੇਵਲ ਆਤਮ-ਖੋਜ ਦੇ ਸਫ਼ਰ ਵਿਚੋਂ ਗੁਜ਼ਰਨਾ ਹੁੰਦਾ ਹੈ। -ਪੀਟੀਆਈ