ਕਾਨੂੰਨ ਵਿਵਸਥਾ ਬਾਰੇ ਡਰਾਮੇਬਾਜ਼ੀ ਕਰ ਰਹੀਆਂ ਨੇ ‘ਆਪ’ ਤੇ ਕਾਂਗਰਸ: ਮਜੀਠੀਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਆਮ ਆਦਮੀ ਪਾਰਟੀ ਤੇ ਕਾਂਗਰਸ ’ਤੇ ਇੱਕ-ਦੂਜੇ ਨਾਲ ਰਲੇ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਡਰਾਮੇਬਾਜ਼ੀ ਕਰ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਦੋਵੇਂ ਪਾਰਟੀਆਂ ਲੋਕਾਂ ਨੂੰ ਗੁਮਰਾਹ ਕਰਨ ਦੀਆਂ ਕੋਸ਼ਿਸ਼ ਕਰ ਰਹੀਆਂ ਹਨ, ਜਦੋਂਕਿ ‘ਆਪ’ ਵੱਲੋਂ ਸੂਬੇ ਵਿਚ ਕਾਨੂੰਨ ਵਿਵਸਥਾ ਵਿਚ ਸੁਧਾਰ ਲਿਆਉਣ ਵਾਸਤੇ ਕੁੱਝ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਚ ਹੋ ਰਹੇ ਗ੍ਰਨੇਡ ਧਮਾਕਿਆਂ ਬਾਰੇ ਬਿਆਨ ਦਿੱਤਾ ਹੈ, ਉਦੋਂ ਤੋਂ ਸਿਆਸਤ ਖੇਡੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮਨਘੜਤ ਅਧਾਰ ’ਤੇ ਆਈਟੀ ਐਕਟ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾਅਵਾ ਕਰ ਰਹੇ ਹਨ ਕਿ ਵਿਰੋਧੀ ਧਿਰ ਦੇ ਨੇਤਾ ਦੇ ਪਾਕਿਸਤਾਨ ਵਿੱਚ ਅਤਿਵਾਦੀਆਂ ਨਾਲ ਸਬੰਧ ਹਨ। ਅਕਾਲੀ ਆਗੂ ਨੇ ਕਿਹਾ ਕਿ ਹੁਣ ‘ਆਪ’ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਇੱਕ ਚਿੱਠੀ ਕੱਢ ਲਿਆਏ ਹਨ ਜੋ 11-12 ਸਾਲ ਪਹਿਲਾਂ ਲਿਖੀ ਹੋਈ ਦੱਸੀ ਜਾ ਰਹੀ ਹੈ। ਸ੍ਰੀ ਮਜੀਠੀਆ ਨੇ ਕਿਹਾ ਕਿ ‘ਆਪ’ ਤੇ ਕਾਂਗਰਸ ਦੋਵੇਂ ‘ਇੰਡੀਆ’ ਗੱਠਜੋੜ ਵਿੱਚ ਭਾਈਵਾਲ ਹਨ। ਦੋਵਾਂ ਨੇ ਚੰਡੀਗੜ੍ਹ ਲੋਕ ਸਭਾ ਦੀ ਚੋਣ ਅਤੇ ਮੇਅਰ ਦੀ ਚੋਣ ਮਿਲ ਕੇ ਲੜੀ ਹੈ।