ਕਾਂਗਰਸ ਵੱਲੋਂ ਭਾਜਪਾ ਦੇ 11 ਸਾਲਾਂ ਬਾਰੇ ਰਿਪੋਰਟ ਕਾਰਡ ਜਾਰੀ
ਨਵੀਂ ਦਿੱਲੀ, 9 ਜੂਨ
ਕਾਂਗਰਸ ਨੇ ਅੱਜ ਨਰਿੰਦਰ ਮੋਦੀ ਦੇ ਕੇਂਦਰ ’ਚ 11 ਸਾਲ ਮੁਕੰਮਲ ਹੋਣ ਮੌਕੇ ਇੱਕ ਕਿਤਾਬਚਾ ਜਾਰੀ ਕੀਤਾ ਜਿਸ ’ਚ ਦੇਸ਼ ਦੀ ਵਿਕਾਸ ਦਰ ’ਚ ਖੜੋਤ ਆਉਣ, ਭੁਖਮਰੀ ’ਚ ਵਾਧਾ ਹੋਣ ਅਤੇ ਉਨ੍ਹਾਂ ਦੇ ‘ਅਧੂਰੇ ਵਾਅਦਿਆਂ’ ਦਾ ਜ਼ਿਕਰ ਕੀਤਾ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐੱਕਸ ’ਤੇ ਪੋਸਟ ’ਚ ਕਿਹਾ ਕਿਤਾਬਚਾ, ‘11 ਸਾਲ, ਝੂਠੇ ਵਿਕਾਸ ਦੇ ਵਾਅਦੇ’, ‘ਇਸ ਸਰਕਾਰ ਦੇ ਕੁਝ ਸਭ ਤੋਂ ਵੱਡੇ ਝੂਠਾਂ’ ਦੀ ਯਾਦ ਦਿਵਾਉਂਦਾ ਹੈ।
ਇਹ ਕਿਤਾਬਚਾ ਤਿਆਰ ਕਰਨ ਵਾਲੇ ਆਲ ਇੰਡੀਆ ਕਾਂਗਰਸ ਕਮੇਟੀ ਖੋਜ ਵਿਭਾਗ ਦੇ ਮੁਖੀ ਰਾਜੀਵ ਗੌੜਾ ਨੇ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ, ‘ਇਹ ਸਰਕਾਰ ਫ਼ਰਜ਼ੀ ਖ਼ਬਰਾਂ ਤੇ ਝੂਠੇ ਪ੍ਰਚਾਰ ’ਚ ਬਹੁਤ ਮਾਹਿਰ ਹੈ। ਵਿਰੋਧੀ ਧਿਰ ਵਜੋਂ ਸਾਡਾ ਇਹ ਕੰਮ ਹੈ ਕਿ ਅਸੀਂ ਲੋਕਾਂ ਨੂੰ ਇਸ ਗੰਭੀਰ ਸੱਚਾਈ ਤੋਂ ਜਾਣੂ ਕਰਾਈਏ।’ ਉਨ੍ਹਾਂ ਕਿਹਾ ਕਿ ਭਾਜਪਾ ਦੀ ਵਾਅਦਾਖ਼ਿਲਾਫੀ ਨੂੰ ਸਾਹਮਣੇ ਲਿਆਉਣ ਲਈ (ਕਾਂਗਰਸ) ਪਾਰਟੀ ਦਸਤਾਵੇਜ਼ਾਂ ਦੇ ਦੋ ਸੈੱਟ ਜਾਰੀ ਕਰ ਰਹੀ ਹੈ। ਗੌੜਾ ਨੇ ਕਿਹਾ ਕਿ ਕਿਤਾਬਚਾ ‘ਇੱਕ ਹੋਰ ਵਾਰ ਜੁਮਲਾ ਸਰਕਾਰ’ ਵਿੱਚ ਭਾਜਪਾ ਵੱਲੋਂ 2024 ਦੇ ਚੋਣ ਮੈਨੀਫੈਸਟੋ ’ਚ ਕੀਤੇ ਗਏ ਵਾਅਦਿਆਂ ਤੇ ਉਸ ਮਗਰੋਂ ਕੀਤੇ ਗਏ ਵਾਅਦਿਆਂ ’ਤੇ ਗੌਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੂਜਾ ਕਿਤਾਬਚਾ ‘11 ਸਾਲ ਝੂਠੇ ਵਿਕਾਸ ਦੇ ਵਾਅਦੇ’, ਭਾਜਪਾ ਦੇ ‘ਫੋਕੇ ਵਾਅਦਿਆਂ’ ਦਾ ‘ਵਿਸਤਾਰ ਨਾਲ ਖੁਲਾਸਾ’ ਹੈ। ਇਸੇ ਦੌਰਾਨ ਕਾਂਗਰਸ ਆਗੂ ਮਹਿਮਾ ਸਿੰਘ ਨੇ ਕਿਹਾ ਕਿ 11 ਸਾਲਾਂ ’ਚ ਸਿਰਫ਼ ‘ਜੁਮਲੇ’ ਹੀ ਮਿਲੇ ਹਨ। -ਪੀਟੀਆਈ
ਹਰਿਆਣਾ ਤੇ ਮਹਾਰਾਸ਼ਟਰ ਦੀ ਵੋਟਰ ਸੂਚੀ ਦਾ ਅੰਕੜਾ ਕਦੋਂ ਸੌਂਪਿਆ ਜਾਵੇਗਾ: ਰਾਹੁਲ ਗਾਂਧੀ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਚੋਣ ਕਮਿਸ਼ਨ ਦੇ ਹਰਿਆਣਾ ਅਤੇ ਮਹਾਰਾਸ਼ਟਰ ਲਈ ਵੋਟਰ ਸੂਚੀ ਡੇਟਾ ਸਾਂਝਾ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਚੋਣ ਸੰਸਥਾ ਨੂੰ ਡਿਜੀਟਲ, ਮਸ਼ੀਨ-ਪੜ੍ਹਨਯੋਗ ਫਾਰਮੈਟ ਵਿੱਚ ਡੇਟਾ ਸੌਂਪਣ ਦੀ ਸਹੀ ਤਰੀਕ ਦਾ ਐਲਾਨ ਕਰਨ ਦੀ ਅਪੀਲ ਕੀਤੀ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਮੀਡੀਆ ਰਿਪੋਰਟ ਦਾ ਸਕਰੀਨ ਸ਼ਾਟ ਸਾਂਝਾ ਕੀਤਾ ਹੈ,
ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚੋਣ ਕਮਿਸ਼ਨ ਨੇ 2009 ਤੋਂ 2024 ਤੱਕ ਹਰਿਆਣਾ ਅਤੇ ਮਹਾਰਾਸ਼ਟਰ ਲਈ ਵੋਟਰ ਸੂਚੀਆਂ ਦਾ ਡੇਟਾ ਸਾਂਝਾ ਕਰਨ ਦਾ ਰਸਤਾ ਸਾਫ਼ ਕਰ ਦਿੱਤਾ ਹੈ ਕਿਉਂਕਿ ਕਮਿਸ਼ਨ ਨੇ ਇਸ ਸਾਲ ਦੇ ਸ਼ੁਰੂ ਵਿੱਚ ਦਿੱਲੀ ਹਾਈ ਕੋਰਟ ਨੂੰ ਅਜਿਹਾ ਕਰਨ ਦਾ ਭਰੋਸਾ ਦਿੱਤਾ ਸੀ। ਹਾਲਾਂਕਿ ਇਸ ਸਬੰਧ ਵਿਚ ਚੋਣ ਕਮਿਸ਼ਨ ਵੱਲੋਂ ਹਾਲੇ ਤੱਕ ਅਧਿਕਾਰਤ ਤੌਰ ’ਤੇ ਕੁਝ ਨਹੀਂ ਆਖਿਆ ਗਿਆ ਹੈ। ਰਾਹੁਲ ਗਾਂਧੀ ਨੇ ਐਕਸ ’ਤੇ ਪੋਸਟ ਵਿੱਚ ਕਿਹਾ, ‘ਵੋਟਰ ਸੂਚੀਆਂ ਸੌਂਪਣ ਲਈ ਚੋਣ ਕਮਿਸ਼ਨ ਵੱਲੋਂ ਚੁੱਕਿਆ ਗਿਆ ਪਹਿਲਾ ਚੰਗਾ ਕਦਮ। ਕੀ ਚੋਣ ਕਮਿਸ਼ਨ ਕਿਰਪਾ ਕਰਕੇ ਸਹੀ ਤਾਰੀਖ ਦਾ ਐਲਾਨ ਕਰ ਸਕਦਾ ਹੈ ਕਿ ਇਹ ਡੇਟਾ ਡਿਜੀਟਲ, ਮਸ਼ੀਨ-ਪੜ੍ਹਨਯੋਗ ਫਾਰਮੈਟ ’ਚ ਕਿਸ ਤਾਰੀਖ ਤੱਕ ਸੌਂਪਿਆ ਜਾਵੇਗਾ?’ -ਪੀਟੀਆਈ