ਕਾਂਗਰਸ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਵਿਖਾਵਾ
ਗੁਰਬਖਸ਼ਪੁਰੀ
ਤਰਨ ਤਾਰਨ, 1 ਫਰਵਰੀ
ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਲਈ ਕੌਮੀ ਰਾਜਧਾਨੀ ਵਿੱਚ ਬੈਠੀ ਪੰਜਾਬ ਦੀ ਕੈਬਨਿਟ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਸੂਬੇ ਨੂੰ ਆਪਣੇ ਹਾਲ ’ਤੇ ਛੱਡਣ ਦਾ ਦੋਸ਼ ਲਾਇਆ। ਇਹ ਪ੍ਰਦਰਸ਼ਨ ਜ਼ਿਲ੍ਹਾ ਕਾਗਰਸ ਕਮੇਟੀ ਦੇ ਪ੍ਰਧਾਨ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਸ਼ਕਰੀ ਪਿੰਡ ਵਿੱਚ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਮੁੱਚੇ ਮੰਤਰੀਆਂ ਵੱਲੋਂ ਆਪਣੇ ਸੂਬੇ ਦੇ ਪ੍ਰਬੰਧ ਨੂੰ ਲਾਵਾਰਸ ਛੱਡ ਕੇ ਦਿੱਲੀ ਡੇਰੇ ਲਾਏ ਹੋਏ ਹਨ। ਸੂਬੇ ਦੀ ਅਮਨ-ਕਾਨੂੰਨ ਦੀ ਵਿਵਸਥਾ ’ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਕਤਲਾਂ, ਲੁੱਟਾਂ-ਖੋਹਾਂ, ਗੈਂਗਸਟਰਾਂ ਵੱਲੋਂ ਫਿਰੌਤੀਆਂ ਦੀ ਮੰਗ ਕਰਨ ਆਦਿ ਘਟਨਾਵਾਂ ਨੇ ਸੂਬੇ ਦੇ ਕਾਰੋਬਾਰ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਹਰਮਿੰਦਰ ਸਿੰਘ ਗਿੱਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਨੇ ਜਿਥੇ ਸੂਬੇ ਦੀ ਆਰਥਿਕ ਹਾਲਤ ਨੂੰ ਡਾਵਾਂਡੋਲ ਕਰਕੇ ਰੱਖ ਦਿੱਤਾ ਹੈ, ਉਥੇ ਪ੍ਰਸ਼ਾਸਨ ਤੇ ਸਰਕਾਰ ਦੀ ਵਾਂਗਡੋਰ ਦੇ ਖੁੱਸ ਜਾਣ ਦਾ ਵੀ ਖਦਸ਼ਾ ਹੈ। ਇਸ ਮੌਕੇ ਵਿਰੋਧੀ ਧਿਰਾਂ ਦੇ ਕਈ ਪਰਿਵਾਰਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ| ਇਕੱਠ ਨੂੰ ਕਾਲੇਕੇ ਪਿੰਡ ਦੇ ਸਰਪੰਚ ਮਨਜੀਤ ਸਿੰਘ ਲਾਡੀ, ਜਸਬੀਰ ਸਿੰਘ, ਭੋਲਾ ਸਿੰਘ, ਚਰਨ ਸਿੰਘ, ਗੁਰਦਾਸ ਸਿੰਘ, ਬਰਕਤ ਸਿੰਘ ਵੋਹਰਾ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ|