ਕਾਂਗਰਸ, ਭਾਜਪਾ ਤੇ ਬਸਪਾ ਦੇ ਆਗੂ ‘ਆਪ’ ਵਿੱਚ ਸ਼ਾਮਲ
ਗਗਨਦੀਪ ਅਰੋੜਾ
ਲੁਧਿਆਣਾ, 9 ਜੂਨ
ਲੁਧਿਆਣਾ ਦੇ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਦੇ ਲਈ ਅੱਜ ਕਾਂਗਰਸ, ਭਾਜਪਾ ਤੇ ਬਸਪਾ ਦੇ ਕਈ ਆਗੂ ਆਪਣੀਆਂ ਆਪਣੀਆਂ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ। ਕੈਬਟਿ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਾਰੇ ਲੋਕਾਂ ਦੇ ਸ਼ਾਮਿਲ ਹੋਣ ਨਾਲ ‘ਆਪ’ ਦੀ ਇਸ ਚੋਣ ਵਿੱਚ ਸਥਿਤੀ ਹੋਰ ਵੀ ਮਜ਼ਬੂਤ ਹੋਵੇਗੀ।
ਸ਼ਹਿਰ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਈ ਪ੍ਰਮੁੱਖ ਮੈਂਬਰ, ਜਿਨ੍ਹਾਂ ਵਿੱਚ ਜ਼ਿਲ੍ਹਾ ਆਈਟੀ ਸੈੱਲ ਕੋਆਰਡੀਨੇਟਰ ਹਰਕੀਰਤ ਸਿੰਘ ਅਰੋੜਾ, ਕਾਰਜਕਾਰੀ ਮੈਂਬਰ ਮਨਦੀਪ ਕੁਮਾਰ, ਆਈਟੀ ਸੈੱਲ ਮੰਡਲ ਇੰਚਾਰਜ ਅਖਿਲੇਸ਼ ਕੁਮਾਰ, ਸ਼ਕਤੀ ਕੇਂਦਰ ਇੰਚਾਰਜ ਰਣਜੀਤ ਸਿੰਘ, ਆਈਟੀ ਸੈੱਲ ਕਾਰਜਕਾਰੀ ਮੈਂਬਰ ਰੋਹਿਤ ਕੁਮਾਰ ਮਿਸ਼ਰਾ, ਸ਼ਕਤੀ ਕੇਂਦਰ ਇੰਚਾਰਜ ਨੇਹਾ ਰਾਣੀ ਅਤੇ ਸਾਜਨ ਸੰਧੂ ਸ਼ਾਮਲ ਹਨ, ਅਧਿਕਾਰਤ ਤੌਰ ’ਤੇ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ਇਸ ਤੋਂ ਇਲਾਵਾ, ਜਗਮੋਹਨ ਕੰਗ ਅਤੇ ਉਨ੍ਹਾਂ ਦੇ ਭਤੀਜੇ ਜੈਦੀਪ ਸਿੰਘ ਮੰਡੇਰ ਸਮੇਤ ਪ੍ਰਮੁੱਖ ਕਾਂਗਰਸੀ ਆਗੂ ਦਲਜੀਤ ਸਿੰਘ ਬਸੰਤ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ। ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ) ਦੇ ਕਈ ਮੈਂਬਰ ਰਜਤ ਚੌਹਾਨ, ਮੋਨੂੰ ਰਾਣਾ, ਸ਼ਮਸ਼ੇਰ ਸਿੰਘ, ਅਮਨ, ਰਵੀ ਅਰੋੜਾ, ਰੋਹਿਤ ਪੋਹਲ, ਅਰੁਣ, ਜਸਪ੍ਰੀਤ ਸਿੰਘ, ਅਨਮੋਲ, ਸੰਨੀ, ਰਵਦੀਪ ਸਰਨ, ਮਨੀ, ਸੈਂਡੀ ਗੁੱਜਰ ਅਤੇ ਅਜੈ ਮਲਹੋਤਰਾ ਸ਼ਾਮਲ ਹਨ, ਨੇ ਵੀ ’ਆਪ’ ਨੂੰ ਆਪਣਾ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ।
ਇਸ ਤੋਂ ਇਲਾਵਾ, ਆਤਮ ਨਗਰ ਤੋਂ ਐਨਐਸਯੂਆਈ ਦੀ ਟੀਮ ਪ੍ਰਭ ਰਾਮਗੜ੍ਹੀਆ, ਸੈਮ, ਰੌਨੀ ਦੁੱਗਰੀ, ਕਾਕੂ, ਦਿਲਪ੍ਰੀਤ ਸਿੰਘ ਅਤੇ ਰਾਧੇ ਆਪ ਵਿੱਚ ਸ਼ਾਮਲ ਹੋ ਗਏ। ਇਸ ਤੋਂ ਇਲਾਵਾ ਬਸਪਾ ਦੇ ਬੀਸੀ ਵਿੰਗ ਦੇ ਪ੍ਰਧਾਨ ਦਵਿੰਦਰ ਸਿੰਘ ਪਨੇਸਰ ਸਮੇਤ ਕਈ ਆਗੂ ’ਆਪ’ ਵਿੱਚ ਸ਼ਾਮਲ ਹੋ ਗਏ। ਦਵਿੰਦਰ ਸਿੰਘ ਦੇ ਨਾਲ ਬਸਪਾ ਦੇ ਪ੍ਰਮੁੱਖ ਆਗੂ ਗੁਰਿੰਦਰ ਸਿੰਘ, ਡਾ. ਦਿਲਬਾਗ ਸਿੰਘ, ਸਬਾ ਦੁੱਗਲ, ਪ੍ਰੀਤਮ ਸਿੰਘ, ਬੀ.ਐਸ. ਪਨੇਸਰ, ਅਮਰਜੋਤ ਸਿੰਘ, ਹਰਿੰਦਰ ਸਿੰਘ, ਮਲਕੀਤ ਸਿੰਘ ਸਮੇਤ ਕਈ ਹੋਰ ਆਗੂ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਸਾਰੇ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ’ਆਪ’ ਆਗੂ ਅਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿ ਪੰਜਾਬ ਵਿੱਚ ਮਾਨ ਸਰਕਾਰ ਹੀ ਇੱਕੋ ਇੱਕ ਅਜਿਹੀ ਸਰਕਾਰ ਹੈ ਜਿਸਨੇ ਸੂਬੇ ਵਿੱਚ ਵਿਕਾਸ ਦਾ ਝੱਖੜ ਲਿਆਂਦਾ ਅਤੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ। ‘ਆਪ’ ਦੀ ਵਧਦੀ ਤਾਕਤ ’ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਦਿਨੋਂ ਦਿਨ, ਆਮ ਆਦਮੀ ਪਾਰਟੀ ਪਰਿਵਾਰ ਦਾ ਵਿਸਥਾਰ ਹੋ ਰਿਹਾ ਹੈ। ਹਰ ਰੋਜ਼, ਵਿਰੋਧੀ ਪਾਰਟੀਆਂ ਦੇ ਪ੍ਰਮੁੱਖ ਆਗੂ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ, ਕਿਉਂਕਿ ‘ਆਪ’ ਲੋਕਾਂ ਦੀ ਭਲਾਈ ਲਈ ਆਪਣੇ ਸਮਰਪਿਤ ਕੰਮ ਅਤੇ ਵਚਨਬੱਧਤਾ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ਪਾਰਟੀ ਵਿੱਚ ਸਾਰੇ ਨਵੇਂ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ।