ਕਾਂਗਰਸੀ ਆਗੂਆਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
ਪੱਤਰ ਪ੍ਰੇਰਕ
ਮਾਛੀਵਾੜਾ, 14 ਅਪਰੈਲ
ਕਾਂਗਰਸ ਪਾਰਟੀ ਵੱਲੋਂ ਡਾ. ਭੀਮ ਰਾਓ ਅੰਬੇਡਕਰ ਦੀ ਜੈਅੰਤੀ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਮਾਛੀਵਾੜਾ ਦੇ ਅੰਬੇਦਕਰ ਚੌਕ ਵਿੱਚ ਕਰਵਾਇਆ ਗਿਆ। ਇਹ ਸਮਾਗਮ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਅਤੇ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿਚ ਵਿਸ਼ੇਸ਼ ਤੌਰ ’ਤੇ ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਅਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਉਕਤ ਆਗੂਆਂ ਅਤੇ ਭਾਰੀ ਗਿਣਤੀ ’ਚ ਇਕੱਤਰ ਹੋਏ ਕਾਂਗਰਸੀ ਵਰਕਰਾਂ ਨੇ ਡਾ. ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ। ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਮ.ਪੀ. ਅਮਰ ਸਿੰਘ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੇ ਲੋਕ ਹਿੱਤਾਂ ਲਈ ਬਾਬਾ ਸਾਹਿਬ ਵਲੋਂ ਬਣਾਇਆ ਗਿਆ ਸੰਵਿਧਾਨ ਤੋੜਨ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੋਈ ਹੈ ਜਦਕਿ ਕਾਂਗਰਸ ਨੇ ਹਮੇਸ਼ਾ ਸੰਵਿਧਾਨ ਦੀ ਰਾਖੀ ਲਈ ਆਵਾਜ਼ ਬੁਲੰਦ ਕੀਤੀ ਜਿਸ ਕਾਰਨ ਭਾਜਪਾ ਇਸ ’ਚ ਨਾਕਾਮ ਰਹੀ। ਐੱਮ.ਪੀ. ਅਮਰ ਸਿੰਘ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਜੀ ਨੇ ਸੰਵਿਧਾਨ ਦੀ ਰਚਨਾ ਕਰ ਜਿੱਥੇ ਦਲਿਤ ਤੇ ਗਰੀਬ ਲੋਕਾਂ ਨੂੰ ਬਣਦੇ ਹੱਕ ਦਿਵਾਏ ਉੱਥੇ ਹਰੇਕ ਵਰਗ ਲਈ ਕਾਨੂੰਨ ਬਣਾਇਆ ਤਾਂ ਜੋ ਕਿਸੇ ਨਾਲ ਧੱਕਾ ਨਾ ਹੋਵੇ।
ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹੋ ਗਏ ਹਨ ਕਿ ਕੇਂਦਰ ਤੇ ਪੰਜਾਬ ਸਰਕਾਰ ਦੋਵੇਂ ਮਿਲ ਕੇ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੇ ਹਨ ਅਤੇ ਲੋਕਾਂ ਤੋਂ ਬੋਲਣ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਬਿਆਨ ਦਿੱਤਾ ਕਿ ਅੱਜ ਇੱਥੇ ਅਮਨ, ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ ਜਿਸ ’ਤੇ ਕਾਬੂ ਪਾਇਆ ਜਾਵੇ ਪਰ ਪੰਜਾਬ ਸਰਕਾਰ ਨੇ ਉਨ੍ਹਾਂ ’ਤੇ ਜੋ ਪਰਚਾ ਦਰਜ ਕੀਤਾ ਉਸ ਦੀ ਨਿੰਦਾ ਕਰਦਿਆਂ ਸਖ਼ਤ ਸ਼ਬਦਾਂ ’ਚ ਕਿਹਾ ਕਿ ਅਜਿਹੇ ਝੂਠੇ ਪਰਚੇ ਦਰਜ ਕਰ ਉਹ ਕਾਂਗਰਸ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ।
ਇਸ ਮੌਕੇ ਜ਼ਿਲ੍ਹਾ ਉਪ ਪ੍ਰਧਾਨ ਕਸੂਤਰੀ ਲਾਲ ਮਿੰਟੂ, ਸਾਬਕਾ ਚੇਅਰਮੈਨ ਸ਼ਕਤੀ ਆਨੰਦ, ਸਾਬਕਾ ਪ੍ਰਧਾਨ ਸੁਰਿੰਦਰ ਕੁੰਦਰਾ, ਜੇ.ਪੀ. ਸਿੰਘ ਮੱਕੜ, ਮੁੱਖ ਬੁਲਾਰਾ ਜਸਪ੍ਰੀਤ ਸਿੰਘ ਕਲਾਲ ਮਾਜਰਾ, ਸ਼ਹਿਰੀ ਪ੍ਰਧਾਨ ਕਪਿਲ ਆਨੰਦ, ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਨਰਿੰਦਰਪਾਲ ਲੱਕੀ, ਜਤਿੰਦਰ ਸਿੰਘ ਜੋਗਾ ਬਲਾਲਾ, ਹੁਸਨ ਲਾਲ ਮੜਕਨ, ਅਜਮੇਰ ਸਿੰਘ ਪੂਰਬਾ, ਜਗਜੀਤ ਸਿੰਘ ਪ੍ਰਿਥੀਪੁਰ, ਜਸਪ੍ਰੀਤ ਸਿੰਘ ਸਹਿਜੋ ਮਾਜਰਾ, ਦਿਹਾਤੀ ਯੂਥ ਪ੍ਰਧਾਨ ਅੰਮ੍ਰਿਤਪਾਲ ਸਿੰਘ ਚੀਮਾ, ਕੌਂਸਲਰ ਸੁਰਿੰਦਰ ਕੁਮਾਰ ਛਿੰਦੀ, ਮਨਜੀਤ ਕੁਮਾਰੀ, ਚੇਤਨ ਕੁਮਾਰ, ਪਰਮਜੀਤ ਪੰਮੀ, ਅਮਰਜੀਤ ਸਿੰਘ, ਹਰਚੰਦ ਸਿੰਘ, ਗੁਰਮੁਖ ਸਿੰਘ, ਰਾਣਾ ਸੁਰਜੀਤ ਸਿੰਘ, ਹਰਚੰਦ ਸਿੰਘ ਵੀ ਮੌਜੂਦ ਸਨ। ਅੰਤ ਵਿਚ ਜ਼ਿਲ੍ਹਾ ਕਾਂਗਰਸ ਵਲੋਂ ਝੂਠਾ ਪਰਚਾ ਦਰਜ ਕਰਨ ’ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਪੱਤਰਕਾਰਾਂ ਨਾਲ ਗੱਲਬਾਤ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਅਤੇ ਸਾਬਕਾ ਵਿਧਾਇਕ ਲੱਖਾ ਪਾਇਲ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ’ਤੇ ਜੋ ਝੂਠਾ ਪਰਚਾ ਦਰਜ ਕੀਤਾ ਗਿਆ ਹੈ ਉਸ ਦੀ ਜ਼ਿਲ੍ਹਾ ਕਾਂਗਰਸ ਕਮੇਟੀ ਪੁਰਜ਼ੋਰ ਨਿੰਦਾ ਕਰਦੀ ਹੈ ਅਤੇ ਸਾਰੇ ਵਰਕਰ ਉਨ੍ਹਾਂ ਨਾਲ ਚੱਟਾਨ ਵਾਂਗ ਖੜ੍ਹੇ ਹਨ।